72.63 F
New York, US
September 16, 2024
PreetNama
ਸਮਾਜ/Social

ਸ਼ਹੀਦ ਭਗਤ ਸਿੰਘ ਨੂੰ ਚਿੱਠੀ….

ਅੱਗੇ ਮਿਲੇ ਮੇਰੇ ਸਤਿਕਾਰਯੋਗ ਵੀਰ “ਸ਼ਹੀਦ ਸਰਦਾਰ ਭਗਤ ਸਿੰਘ ਜੀ”ਨੂੰ , ਸਤਿ ਸ੍ਰੀ ਅਕਾਲ ਵੀਰ ਜੀ। ਅਸੀਂ ਇਥੇ ਬਿਲਕੁਲ ਵੀ ਰਾਜੀ ਖੁਸ਼ੀ ਨਹੀਂ ਹਾਂ , ਪਰ ਆਪ ਜੀ ਜੀ ਆਤਮਾ ਦੀ ਸ਼ਾਂਤੀ ਲਈ ਪ੍ਮਾਤਮਾ ਕੋਲੋਂ ਭਲੀ ਮੰਗਦੀ ਹਾਂ।. . . ਅੱਗੇ ਸਮਾਚਾਰ ਇਹ ਹੈ ਕਿ ਜਿਸ ਪੰਜਾਬ ਨੂੰ ਬਚਾਉਣ ਖਾਤਿਰ ਤੁਸੀਂ ਕੁਰਬਾਨੀ ਦਿੱਤੀ ਸੀ ਉਹ ਸੋਨੇ ਦੀ ਚਿੜੀ ਪੰਜਾਬ ਬਰਬਾਦ ਹੋ ਰਿਹਾ ਹੈ ।ਇਥੇ ਦੇ ਨੌਜਵਾਨ ਧੀਆਂ -ਪੁੱਤਰ ਭਟਕ ਗਏ ਨੇ , ਤੁਹਾਡਾ ਦੱਸਿਆ ਹੋਇਆ  ਰਾਹ ਅੱਜ ਕਿਸੇ ਨੂੰ  ਵੀ ਯਾਦ ਨਹੀਂ ਰਿਹਾ।
ਆਪੋ ਧਾਪ ਪੈ ਗਈ ਏ, ਪਹਿਲਾਂ ਹੀ ਬਹੁਤ ਬੀਮਾਰੀਆਂ ਲੱਗੀਆਂ ਸੀ ਪੰਜਾਬੀਆਂ ਨੂੰ , ਹੁਣ ਇਹ ਰਹਿੰਦੀ ਖੂੰਹਦੀ ਆਈਲਿਟਸ ਨਾਮ ਦੀ ਬੀਮਾਰੀ ਦਾ ਕੀੜਾ ਸਾਡੇ ਪੰਜਾਬੀ ਨੌਜਵਾਨ ਗਭਰੂਆਂ ਤੇ ਮੁਟਿਆਰ ਨੂੰ ਲੈ ਕੇ ਬਹਿ ਗਿਆ. . .ਕਰਜੇ ਥੱਲੇ ਆ ਜਾਂਦੇ ਨੇ ਪਰ ਫਿਰ ਵੀ ਅੱਡੀਆਂ ਚੁੱਕ -ਚੁੱਕ ਕੇ ਫਾਹੇ ਲੈਂਦੇ ਨੇ ਮਾਪੇ ਕਿ ਸਾਡੇ ਬੱਚੇ ਬਾਹਰ ਚਲੇ ਜਾਣ. . ਬੱਚੇ ਉਧਰ ਜਾ ਕੇ ਭਾਵੇਂ ਧੱਕੇ ਹੀ ਖਾਣ ।ਬੱਚੇ ਵੀ ਦੇਖੋ ਦੇਖੀ ਮਾਪਿਆਂ ਦੇ ਗਲ ਵਿੱਚ  ਗੂਠਾ ਦਿੰਦੇ ਆ ਕਿ ਜਿਦਾ ਮਰਜੀ ਕਰੋ ਸਾਨੂੰ ਬਾਹਰ ਭੇਜ ਦਿਓ। ਚਲੋ ਖੈਰ. . . ਗੱਲ ਤਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਸਾਨੂੰ ਗੋਰਿਆਂ ਦੀ ਗੁਲਾਮੀ ਤੋਂ ਬਾਹਰ ਕੱਢਣ ਲਈ ਫਾਂਸੀ ਦਾ  ਰੱਸਾ ਚੁੰਮਿਆ ਤੇ ਆਪਣੀ ਕੀਮਤੀ ਜਾਨ ਲੇਖੇ ਵਿੱਚ ਲਾ ਦਿੱਤੀ  ਸੀ . . ਪਰ ਤੇਰੇ ਪੰਜਾਬੀ ਆਪ ਹੀ ਤੁਰ ਪਏ ਨੇ ਉਹਨਾਂ ਗੋਰਿਆਂ ਦੀ ਗੁਲਾਮੀ ਕਰਨ, ਬਹੁਤ ਹੀ ਖੁਦਗਰਜ਼ੀ ਆ ਸਾਡੇ ਅੰਦਰ ਵੀਰੇ ।ਤੁਸੀਂ ਸਾਰੇ ਪੰਜਾਬ ਨੂੰ ਬਚਾਉਣ ਲਈ ਜਾਨ ਵਾਰੀ ਸੀ , ਇਥੇ ਕੋਈ ਸਕਾ ਸੰਬੰਧੀ ਵੀ ਨਹੀਂ ਪੁੱਛਦਾ ਹੁਣ ।ਬਹੁਤ ਬਦਲ ਗਿਆ ਤੇਰਾ ਪੰਜਾਬ ਵੀਰੇ ਬਹੁਤ ਬਦਲ ਗਿਆ ।
ਵੀਰੇ ਇੱਕ ਗੱਲ ਹੋਰ ਦੱਸਣੀ ਸੀ , ਮੈਨੂੰ ਦੱਸਣ ਲੱਗੀ ਨੂੰ ਸ਼ਰਮ ਵੀ ਬਹੁਤ ਆਉਂਦੀ ਆ ਤੇ ਕਰਨ ਵਾਲਿਆਂ ਨੇ ਕਸਰ ਨਹੀਂ ਛੱਡੀ ।ਵੀਰੇ ਉਹ. . ਆ ਜੋ ਸ਼ਰਮਨਾਕ ਕੰਮ ਬਲਾਤਕਾਰੀ ਦਾ ਚੱਲ ਪਿਆ ਹੈ ਨਾ ਇਥੇ ਸਕਾ ਪਿਉ /ਵੀਰ ਹੀ ਨਹੀਂ ਬਖਸ਼ ਰਿਹਾ ਆਪਣੀ ਘਰ ਦੀਆਂ ਧੀਆਂ ਧਿਆਣੀਆਂ ਨੂੰ , ਲੋਕਾਂ ਨੂੰ ਹਲਕ ਹੀ ਪੈ ਗਿਆ ਆ।. . . ਪਰ ਕੋਈ ਨਹੀਂ ਵੀਰੇ ਤੂੰ ਕੋਈ ਵੀ ਫਿਕਰ ਨਹੀਂ ਕਰਨਾ ਧਰਨੇ ਲਾਉਂਦੇ ਨੇ ਬਹੁਤ ਲੋਕ ਇਸ ਵਿਰੁੱਧ. . ਪਰ ਕੋਈ ਕਾਰਵਾਈ ਨਹੀਂ ਹੁੰਦੀ । ਚਲ ਛੱਡ ਵੀਰੇ ਤੁਸੀਂ ਕਹਿਣਾ ਜੇ ਕਿਸੇ ਨੇ ਚਿੱਠੀ ਲਿਖ ਹੀ ਦਿੱਤੀ ਤੇ ਕੀ ਸੁਣਾਉਣ ਲੱਗ ਪਈ, ਵੀਰੇ ਕੋਈ ਫਿਕਰ ਨਹੀਂ ਕਰਨਾ ਤੁਸੀਂ ਅੱਜ ਕੱਲ ਤੇ ਰੱਬ ਵੀ ਇਨਸਾਨਾਂ ਵਰਗਾ ਹੀ ਹੋ ਗਿਆ ਏ, ਜੋ ਜਿਹੋ ਜਿਹਾ ਕਰੀ ਜਾਂਦਾ ਉਹੋ ਜਿਹਾ ਪਾਈ ਜਾਂਦਾ।ਕਲਯੁੱਗ ਦਾ ਬਹੁਤ ਬੋਲਬਾਲਾ ਆ ਹੁਣ ਤੇ “ਬਾਬਾ ਨਾਨਕ” ਵੀ ਨਹੀਂ ਆ ਕੇ ਸੁਧਾਰ ਸਕਦਾ ਇਹਨਾਂ  ਪੰਜਾਬੀਆਂ ਨੂੰ । ਹੋਰ ਤੁਸੀਂ ਸੁਣਾਓ ਕਿਵੇਂ ਹੋ?   ਕਰਤਾਰ ਵੀਰ ਜੀ ਤੇ ਰਾਜਗੁਰੂ ਵੀਰ ਜੀ ਹੋਰਾਂ ਦੀ ਕੀ ਹਾਲ ਚਾਲ ਆ?
    ਲੈ ਵੀਰੇ ਇੱਕ ਖਾਸ ਗੱਲ ਦੱਸਣੀ ਤਾਂ ਭੁੱਲ ਹੀ ਚਲੀ ਸੀ, ਵੀਰੇ ਆ ਜਿਹੜਾ ਛੇਵਾਂ ਦਰਿਆ ਚਲ ਰਿਹਾ ਏ ਨਾ, ਨਸ਼ਿਆਂ ਦਾ . . . ਇਹਨੇ ਤਾਂ ਤਕਰੀਬਨ ਤਕਰੀਬਨ ਹਰ ਘਰ ਵਿੱਚ ਆਪਣਾ ਵਾਸ ਕਰ ਲਿਆ ਏ । ਮਾਪੇ ਬਹੁਤ ਦੁੱਖੀ ਨੇ ਕੋਈ ਨਹੀਂ ਸੁਣਦਾ ਉਹਨਾਂ ਦੀ ਪੁਕਾਰ ਨੂੰ , ਜਵਾਨ ਧੀਆਂ -ਪੁੱਤ ਇਸ ਦਰਿਆ ਵਿੱਚ ਚੂਬੀਆ ਮਾਰ ਮਾਰ ਕੇ ਮਰਦੇ ਜਾ ਰਹੇ ਆ ।ਮਾਪੇ ਵਿਲਕਦੇ ਨੇ ਆਪਣੇ ਹੱਥੀਂ ਅਗਨ ਭੇਟ ਕਰਦੇ ਨੇ,  ਧਾਹਾਂ ਮਾਰਦੇ ਨੇ, ਸੀਨਾ ਚੀਰ ਹੁੰਦਾ ਏ ਦੇਖ ਕੇ . . . ਪਰ ਕੀ ਕਰ ਸਕਦੇ ਆ, ਕੁੱਝ ਵੀ ਤੇ ਨਹੀਂ ।ਜਿਹੜਾ ਆਪਣੇ ਆਪ ਨੂੰ ਦਲਦਲ ਵੱਲ ਤੋਰ ਲਵੇ ਉਹਨੂੰ ਬਚਾਵੇ ਕੌਣ? ਇਥੇ ਬਚਾਉਣ ਵਾਲੇ ਨੂੰ ਵੀ ਨਾਲ ਈ ਲੈ ਤੁਰਦੇ ਨੇ ।ਪਤਾ ਨਹੀਂ ਕਿੰਨੇ ਕੁ ਘਰ  ਬਰਬਾਦ ਹੋ ਗਏ ਨੇ ਤੇ ਕਿੰਨੇ ਕੁ ਅਜੇ ਹੋਰ ਹੋਣੇ ਨੇ। ਪਰ ਵੀਰੇ ਜੇ ਸਰਕਾਰ ਚਾਹਵੇ ਤੇ ਕੁੱਝ ਵੀ ਹੋ ਸਕਦਾ ਏ, ਬੰਨ ਪੈ ਸਕਦਾ ਏ ਇਸ ਦਰਿਆ ਨੂੰ  ਤਾਂ ਕਿ ਆਉਣ ਵਾਲੀ ਪੀੜੀ ਇਸ ਦਰਿਆ ਵਿੱਚ ਵਹਿਣ ਤੋਂ ਬਚ ਜਾਵੇ।
   ਚਲੋ ਛੱਡੋ ਵੀਰ ਜੀ , ਮੈਂ ਝੱਲ ਮਾਰਦੀ ਤੁਹਾਨੂੰ ਕਿਹੜਾ ਨਹੀਂ ਪਤਾ ।ਸੱਭ ਕੁੱਝ ਤੇ ਦੇਖ ਰਹੇ ਹੋ ਤੁਸੀਂ ਵੀ ਉੱਤੇ ਬੈਠ ਕੇ ।ਤੁਸੀਂ ਵੀ ਤੇ ਮੈਨੂੰ ਦਸਿਆ ਸੀ ਕਿ “ਮੈਨੂੰ ਬਹੁਤ ਦੁੱਖ ਆਉਂਦਾ ਏ ਕਿ ਜਦੋਂ ਲੋਕ ਸਿਰਫ ਤੁਹਾਡੇ ਜਨਮ ਦਿਨ ਤੇ ਸ਼ਹੀਦੀ ਦਿਨ ਤੇ ਤੁਹਾਡੀ ਤਸਵੀਰ ਲਗਾ ਕੇ ਲੋਕ ਦਿਖਾਵਾ ਕਰਦੇ ਨੇ ।ਉਂਝ ਆਖਦੇ ਨੇ ਮੈਂ ਭਗਤ ਸਿੰਘ ਦਾ ਫੈਨ ਆ ਸਿਰਫ ਉਸ ਨੂੰ ਫੋਲਓ ਕਰਦਾ , ਪਰ ਕੰਮ ਕੋਈ ਵੀ ਨਹੀਂ ਤੁਹਾਡੇ ਵਰਗਾ। “. . .  ਵੀਰੇ ਇੱਕ ਗੱਲ ਪੁਛਣੀ ਸੀ?  ਵੈਸੇ ਤੇ ਮੈਨੂੰ ਤੁਹਾਡਾ ਜਵਾਬ ਪਤਾ ਈ ਆ ਪਰ ਫਿਰ ਵੀ . . . ਪੁੱਛਣੀ ਚਾਹੁੰਦੀ ਆ, . . . ਵੀਰੇ . . . ਤੁਸੀਂ ਮੁੜ ਕੇ ਵਾਪਿਸ ਨਹੀਂ ਆ ਸਕਦੇ? ? ਵੀਰੇ ਆਜਾ ਤਾਂ ਇੱਕ ਵਾਰ ਫਿਰ ਤੋਂ ।ਬਚਾ ਲੈ ਆਪਣੇ ਸੋਹਣੇ ਪੰਜਾਬ ਨੂੰ ਆ ਕੇ ਵੀਰੇ,  ਮਿੰਨਤ ਏ ਬਚਾ ਲੈ ਆ ਕੇ । ਤੇਰੀ ਅੱਗੇ ਹਾੜੇ ਕੱਢਦੀ ਆ! !
ਹੱਥ ਜੋੜ ਕੇ ਮੁਆਫੀ ਮੰਗਦੀ ਆ, ਵੀਰੇ ਬਹੁਤ ਦੁੱਖੀ ਤੇ ਪਰੇਸ਼ਾਨ ਸੀ,  ਹੋ ਸਕੇ ਤੇ ਆਪਣੀ ਇਸ ਭੈਣ ਨੂੰ ਮੁਆਫ ਕਰ ਦੇਵੀਂ ਐਵੇ ਜਜਬਾਤੀ ਹੋ ਕੇ ਇਹ ਚਿੱਠੀ ਲਿਖ ਬੈਠੀ ।ਚਲ ਚੰਗਾ ਵੀਰੇ ਸਤਿ ਸ੍ਰੀ ਅਕਾਲ. . ਧਿਆਨ ਰੱਖੀ ਆਪਣਾ ।
   ਲਿਖਤ- ਸਰਬਜੀਤ ਕੌਰ ਹਾਜੀਪੁਰ
             (ਸ਼ਾਹਕੋਟ )
——–ਜਲੰਧਰ ।

Related posts

ਮੈਂ ਆਪਣਾ ਨਾਮ

Pritpal Kaur

Storm Warning: ਸੂਰਜ ਤੋਂ ਧਰਤੀ ਵੱਲ ਵਧ ਰਿਹਾ ਹੈ ਸੂਰਜੀ ਤੂਫਾਨ, ਨਾਸਾ ਨੇ ਦਿੱਤੀ ਚੇਤਾਵਨੀ, ਕੀ ਹਨ ਖ਼ਤਰੇ ?

On Punjab

ਬੇਅਦਬੀ ਮਾਮਲੇ ‘ਚ ਬਾਦਲ ਨੇ ਕਿਹਾ, ‘ਗ਼ਲਤੀ ਹੋਈ ਹੈ ਤਾਂ ਮੁਆਫ਼ੀ ਮੰਗ ਲਵਾਂਗੇ’

On Punjab