44.29 F
New York, US
December 11, 2023
PreetNama
ਵਿਅੰਗ

ਵੋਟ ਦੀ ਕੀਮਤ


ਕਿਸੇ ਵੀ ਸਿਹਤਮੰਦ ਅਤੇ ਸੱਚੇ ਲੋਕਤੰਤਰ ‘ਚ ਹੋਂਦ ਵਾਲੀਆਂ ਚੋਣਾਂ ਦੇ ਰਾਹੀ ਸਰਕਾਰ ਬਣਾਉਣ ਦੇ ਲਈ ਰਾਜਨੀਤਿਕ ਪਾਰਟੀਆਂ ਨੂੰ ਕੀ ਕਰਨਾ ਚਾਹੀਦੈ ? 17ਵੀਂ ਲੋਕਸਭਾ ਦੇ ਲਈ ਹੋ ਰਹੀਆਂ ਚੋਣਾਂ ਦੌਰਾਨ ਚੋਣ ਕਮੀਸ਼ਨ ਦੇ ਵੱਲੋਂ ਕੀਤੀ ਗਈ ਕਾਰਵਾਈ ‘ਚ ਜਿਸ ਤਰ੍ਹਾਂ ਦੀਆਂ ਚੀਜਾਂ ਜਬਤ ਹੋ ਰਹੀਆਂ ਹਨ, ਉਨ੍ਹਾਂ ਤੋਂ ਇਹੀ ਲੱਗਦਾ ਹੈ ਕਿ ਉਮੀਦਵਾਰਾਂ ਨੇ ਆਮ ਜਨਤਾ ਦੀਆਂ ਵੋਟਾਂ ਹਾਸਲ ਕਰਨ ਦੇ ਲਈ ਗੈਰ -ਕਾਨੂੰਨੀ ਅਤੇ ਅਨੈਤਿਕ ਰਸਤੇ ‘ਤੇ ਚੱਲਣ ‘ਚ ਕਿਸੇ ਤਰ੍ਹਾਂ ਦੀ ਹਿਚਕਿਚਾਹਟ ਨਹੀਂ ਦਿਖਾਈ, ਜਦਕਿ ਜਰੂਰਤ ਇਸ ਗੱਲ ਦੀ ਹੈ ਕਿ ਵੋਟਰਾਂ ਦੇ ਸਾਹਮਣੇ ਜਰੂਰੀ ਅਤੇ ਅਹਿਮ ਮੁੱਦਿਆਂ ‘ਤੇ ਆਪਣਾ ਪੱਖ ਰੱਖਿਆ ਜਾਵੇ ਅਤੇ ਉਸੇ ਦੇ ਅਧਾਰ ‘ਤੇ ਲੋਕਾਂ ਤੋਂ ਸਮਰਥਣ ਮੰਗਿਆ ਜਾਵੇ।
ਪਰ ਇਹ ਤ੍ਰਾਸਦੀ ਹੈ ਕਿ ਲੋਕਾਂ ਨੂੰ ਉਨ੍ਹਾਂ ਦੀ ਵੋਟ ਦੇ ਬਦਲੇ ਮੋਬਾਇਲ ਫੋਨ, ਬਿਜਲੀ ਦਾ ਸਮਾਨ, ਚਾਂਦੀ ਦੇ ਗਹਿਣੇ, ਰਸੋਈ ਦਾ ਸਮਾਨ, ਸ਼ਰਾਬ , ਨਸ਼ੀਲੇ ਪਦਾਰਥ ਅਤੇ ਨਕਦ ਰਕਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਚੋਣ ਕਮੀਸ਼ਨ ਦੀ ਹੁਣ ਤੱਕ ਦੀ ਕਾਰਵਾਈ ‘ਚ ਇਸ ਮਕਸਦ ਨਾਲ ਐਧਰ -ਉਧਰ ਕੀਤੀ ਜਾ ਰਹੀ ਜੋ ਸਮੱਗਰੀ ਜਬਤ ਕੀਤੀ ਗਈ ਹੈ, ਉਸ ਦੀ ਕੀਮਤ 3 ਹਜਾਰ 4 ਸੌ ਕਰੋੜ ਰੁਪਏ ਤੱਕ ਪਹੁੰਚ ਗਈ ਹੈ।
ਕੋਈ ਵੀ ਅਜਾਦ ਜਾਂ ਫਿਰ ਕਿਸੇ ਰਾਜਨੀਤਿਕ ਪਾਰਟੀ ਵੱਲੋਂ ਚੋਣ ਲੜ ਰਿਹਾ ਉਮੀਦਵਾਰ ਜੇਕਰ ਜਨਤਾ ਦੇ ਸਾਹਮਣੇ ਆਪਣੀ ਰਾਜਨੀਤੀ ਦੇ ਸਿਧਾਂਤ, ਲੋਕਾਂ ਦੀ ਜਿੰਦਗੀ ਤੋਂ ਲੈਕੇ ਦੇਸ਼ ਅਤੇ ਸਮਾਜ ਦੇ ਵਿਕਾਸ ਨਾਲ ਜੁੜੇ ਮੁੱਦਿਆਂ ਦੀ ਬਜਾਏ ਲਾਲਚ ਦੀ ਪੇਸ਼ਕਸ਼ ਕਰਦਾ ਹੈ ਤਾਂ ਅੰਦਾਜਾ ਲਾਇਆ ਜਾ ਸਕਦਾ ਹੈ, ਕਿ ਜਿੱਤਣ ਤੋਂ ਬਾਅਦ ਉਸਦੇ ਕੰਮ ਕਰਨ ਤਾ ਤਰੀਕਾ ਕਿਹੋ ਜਿਹਾ ਹੋਵੇਗਾ।ਯਾਨੀ ਕੋਈ ਵਿਅਕਤੀ ਜੇਕਰ ਆਪਣੀ ਵੋਟ ਦੇ ਬਦਲੇ ਇਸ ਤਰ੍ਹਾਂ ਦੀ ਰਿਸ਼ਵਤ ਦੇ ਤੌਰ ‘ਤੇ ਨਕਦੀ ,ਸ਼ਰਾਬ ਜਾਂ ਕੋਈ ਹੋਰ ਸਮਾਨ ਦੇਣ ਵਰਗੇ ਭ੍ਰਿਸ਼ਟ ਰਵੱਈਏ ਦੀ ਬੁਨਿਆਦ ‘ਤੇ ਖੜਾ ਹੁੰਦਾ ਹੈ ਤਾਂ ਉਹ ਆਪਣੇ ਕੰਮ ‘ਚ ਇਮਾਨਦਾਰੀ ਅਤੇ ਪਾਰਦਰਸ਼ਿਤਾ ਕਿਵੇਂ ਲਿਆ ਸਕੇਗਾ।
ਖਾਸਤੌਰ ‘ਤੇ ਜਦੋਂ ਦੇਸ਼ ‘ਚ ਭ੍ਰਿਸ਼ਟਾਚਾਰ ਇਕ ਵੱਡੀ ਸਮੱਸਿਆ ਹੋਵੇ, ਤਾਂ ਵੋਟਰਾਂ ਨੂੰ ਖਿੱਚਣ ਦੇ ਲਈ ਅਨੈਤਿਕ ਅਤੇ ਭ੍ਰਿਸ਼ਟ ਤਰੀਕੇ ਅਪਣਾਉਣ ਵਾਲੇ ਉਮੀਦਵਾਰਾਂ ਨਾਲ ਦੇਸ਼ ਦੇ ਕਿਹੋ ਜਿਹੇ ਭਵਿੱਖ ਦੀ ਉਮੀਦ ਕੀਤੀ ਜਾ ਸਕਦੀ ਹੈ? ਹੈਰਾਨੀ ਦੀ ਗੱਲ ਹੈ ਕਿ ਜਿਸ ਦੌਰ ‘ਚ ਦੇਸ਼ ਵਿਚ ਰੋਜਗਾਰ, ਸਿੱਖਿਆ, ਸਿਹਤ, ਅਰਥ-ਵਿਵਸਥਾ ਤੋਂ ਲੈਕੇ ਆਮ ਲੋਕਾਂ ਦੀ ਰੋਜਾਨਾ ਦੀ ਜਿੰਦਗੀ ਨਾਲ ਜੁੜੇ ਸਾਰੇ ਮੁੱਦੇ ਇਮਾਨਦਾਰੀ ਨਾਲ ਹੱਲ ਕੀਤੇ ਜਾਣ ਅਤੇ ਉਨ੍ਹਾਂ ‘ਤੇ ਅਸਲੀਅਤ ‘ਚ ਅਮਲ ਹੋਣ ਦੀ ਥਾਂ ਸਿਰਫ ਵੋਟਾਂ ਮੰਗੀਆਂ ਜਾ ਰਹੀਆਂ ਹਨ।

ਕੀ ਅਜਿਹਾ ਇਸ ਲਈ ਸੰਭਵ ਹੋ ਪਾ ਰਿਆ ਹੈ ਕਿ ਅੱਜ ਆਮ ਜਨਤਾ ਦਰਮਿਆਨ ਲੋੜੀਂਦੀ ਸਿਆਸੀ ਜਾਗਰੂਕਤਾ ਦਾ ਵਿਕਾਸ ਹੋਣਾ ਕਿਤੇ ਨਾ ਕਿਤੇ ਬਾਕੀ ਹੈ। ਇਹ ਹਕੀਕਤ ਹੈ ਕਿ ਸਾਡੇ ਦੇਸ਼ ‘ਚ ਇਕ ਵੱਡੀ ਅਬਾਦੀ ਅੱਜ ਵੀ ਆਪਣੀ ਰੋਜਾਨਾ ਦੀ ਜਿੰਦਗੀ ਨਾਲ ਜੱਦੋਜਹਿਦ ਕਰਦੇ ਹੋਏ ਕਈ ਤਰ੍ਹਾਂ ਦੀਆਂ ਅਣਹੋਂਦਾ ਨਾਲ ਜੂਝਦੀ ਹੈ। ਬੁਨਿਆਦੀ ਸਹੂਲਤਾਵਾਂ ਅਤੇ ਜਰੂਰਤ ਦੇ ਸਮਾਨ ਤੋਂ ਵਾਂਝੇ ਕੁਝ ਲੋਕਾਂ ਨੂੰ ਜਦੋਂ ਕੋਈ ਮਾਮੂਲੀ ਸਮਾਨ ਦਿੰਦਾ ਹੈ ਤਾਂ ਉਹ ਕੁਝ ਸਮੇਂ ਦੇ ਲਈ ਉਸ ਦੇ ਪ੍ਰਭਾਵ ‘ਚ ਆ ਜਾਂਦੇ ਹਨ, ਸਿੱਖਿਆ ਅਤੇ ਜਾਗਰੂਕਤਾ ਦੀ ਕਮੀ ਅਤੇ ਕੁਝ ਅਧੂਰੀਆਂ ਲੋੜਾਂ ਨਾਲ ਜੂਝ ਰਹੇ ਲੋਕਾਂ ‘ਚ ਸਿਆਸੀ ਜਾਗਰੂਕਤਾ ਦਾ ਵਿਕਾਸ ਹੋਣਾ ਕਈ ਵਾਰ ਮੁਸ਼ਕਿਲ ਹੁੰਦਾ ਹੈ।ਅਜਿਹੇ ‘ਚ ਬਹੁਤ ਸਾਰੇ ਲੋਕ ਇਕ ਨਾਗਰਿਕ ਦੇ ਤੌਰ ‘ਤੇ ਆਪਣੇ ਹੱਕਾਂ ਬਾਰੇ ਸੁਚੇਤ ਨਹੀਂ ਹੋ ਪਾਉਂਦੇ ਹਨ। ਇਸੇ ਦਾ ਫਾਇਦਾ ਚੱਕ ਕੇ ਕੁਝ ਉਮੀਦਵਾਰ ਉਨ੍ਹਾਂ ਨੂੰ ਕੋਈ ਸਮਾਨ ਜਾ ਨਗਦੀ ਦੇ ਕੇ ਉਨ੍ਹਾਂ ਦੀ ਵੋਟ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ, ਸਵਾਲ ਇਹ ਹੈ ਕਿ ਵੋਟਰਾਂ ਦਾ ਸਮਰਥਣ ਹਾਸਲ ਕਰਨ ਦੇ ਲਈ ਇਸ ਰਾਹ ਨੂੰ ਅਪਣਾਉਣ ਵਾਲੇ ਉਮੀਦਵਾਰ ਕੀ ਚੋਣਾ ਜਿਹੀ ਲੋਕਤੰਤਰਿਕ ਪ੍ਰਕਿਰਿਆ ‘ਚ ਰੁਕਾਵਟ ਨਹੀਂ ਪੈਦਾ ਕਰ ਰਹੇ ਹਨ? ਜ਼ਾਹਰ ਹੈ, ਦੇਸ਼ ਦੀ ਜਨਤਾ ਦੀ ਸਿਆਸੀ ਜਾਗਰੂਕਤਾ ਦੇ ਲਈ ਠੋਸ ਪਹਿਲਕਦਮੀ ਦੀ ਜਰੂਰਤ ਹੈ, ਤਾਂ ਕਿ ਭਵਿੱਖ ‘ਚ ਮੁੱਦਿਆਂ ਦੀ ਥਾਂ ਲਾਲਚ ਦੇ ਅਧਾਰ ‘ਤੇ ਵੋਟ ਮੰਗਣ ਵਾਲੇ ਉਮੀਦਵਾਰਾਂ ਨੂੰੰ ਜਨਤਾ ਆਪਣੇ ਪੱਧਰ ‘ਤੇ ਹੀ ਸਬਕ ਸਿਖਾ ਸਕੇ।
ਹਰਪ੍ਰੀਤ ਸਿੰਘ ਬਰਾੜ
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Related posts

ਪੁਲਵਾਮਾ ਹਮਲੇ ਜਿੰਮੇਵਾਰ ਕੇਂਦਰ ਸਰਕਾਰ!

Pritpal Kaur

ਗ਼ਜ਼਼ਲ

On Punjab

ਫੜੇ ਗਏ ਬਾਸਮਤੀ ਨਾਲ ਭਰਿਆ ਕੈਂਟਰ ਖੋਹਣ ਵਾਲੇ..!!!

PreetNama