ਇੰਗਲੈਂਡ ਤੇ ਵੇਲਜ਼ ’ਚ ਆਉਂਦੀ 30 ਮਈ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕ੍ਰਿਕੇਟ ਕੱਪ (ICC World Cup) ਲਈ ਕੌਮਾਂਤਰੀ ਕ੍ਰਿਕੇਟ ਕੌਂਸਲ (ICC) ਨੇ ਕਮੈਂਟੇਟਰਜ਼ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਬ੍ਰਾਡਕਾਸਟ ਰਣਨੀਤੀ ਵੀ ਤਿਆਰ ਕਰ ਲਈ ਗਈ ਹੈ। ਆਈਸੀਸੀ ਨੇ ਇੱਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ।
ਸੂਚੀ ਵਿੱਚ ਭਾਰਤ ਤੋਂ ਸੌਰਵ ਗਾਂਗੁਲੀ, ਸੰਜੇ ਮੰਜਰੇਕਰ ਤੇ ਹਰਸ਼ਾ ਭੋਗਲੇ ਹਨ, ਜਿਨ੍ਹਾਂ ਨੂੰ ਕਮੈਂਟਰੀ ਪੈਨਲ ਵਿੱਚ ਜਗ੍ਹਾ ਮਿਲੀ ਹੈ।
ਆਸਟ੍ਰੇਲੀਆ ਤੇ ਨਿਊ ਜ਼ੀਲੈਂਡ ਦੀ ਸਾਂਝੀ ਮੇਜ਼ਬਾਨੀ ਵਿੱਚ ਹੋਏ ਪਿਛਲੇ ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਨੂੰ ਪੰਜਵਾਂ ਖਿ਼ਤਾਬ ਦਿਵਾਉਣ ਵਾਲੇ ਕਪਤਾਨ ਮਾਈਕਲ ਕਲਾਰਕ ਇਸ ਵਾਰ ਕਮੈਂਟਰੀ ਕਰਦੇ ਦਿਸਣਗੇ।
ਇਨ੍ਹਾਂ ਤੋਂ ਇਲਾਵਾ ਸਾਬਕਾ ਸਲਾਮੀ ਬੱਲੇਬਾਜ਼ ਮਾਈਕਲ ਸਲੇਟਰ, ਮਾਰਕ ਨਿਕੋਲਸ, ਨਾਸਿਰ ਹੁਸੈਨ, ਇਆਨ ਬਿਸ਼ਪ, ਮੇਲੇਨੀ ਜੋਨਸ, ਕੁਮਾਰ ਸੰਗਕਾਰਾ, ਮਾਈਕਲ ਐਥਰਟਨ, ਐਲੀਸਨ ਮਿਸ਼ੇਲ, ਬ੍ਰੈਂਡ ਮੈਕੁਲਮ, ਗ੍ਰੀਮ ਸਮਿੱਥ, ਵਸੀਮ ਅਕਰਮ ਜਿਹੇ ਵੱਡੇ ਨਾਂਅ ਹਨ।
ਭਾਵੇਂ ਇਹ ਸੂਚੀ ਇੱਥੇ ਹੀ ਖ਼ਤਮ ਨਹੀਂ ਹੁੰਦੀ। ਸ਼ਾਨ ਪੋਲਾਕ, ਮਾਈਕਲ ਹੋਲਡਿੰਗ, ਈਸ਼ਾ ਗੁਹਾਹ, ਪੋਮੀ ਮਾਂਗਵਾ, ਸਾਈਮਨ ਡਾਊਲ, ਈਆਨ ਸਮਿੱਥ, ਰਮੀਜ਼ ਰਾਜ਼ਾ, ਅਤਹਰ ਅਲੀ ਖ਼ਾਨ ਤੇ ਇਆਨ ਵਾਰਡ ਦੇ ਨਾਂਅ ਸ਼ਾਮਲ ਹਨ।
ਇੱਥੇ ਵਰਨਣਯੋਗ ਹੈ ਕਿ ਵਿਸ਼ਵ ਕੱਪ ਇੰਗਲੈਂਡ ਤੇ ਵੇਲਜ਼ ਵਿੱਚ 30 ਮਈ ਤੋਂ 15 ਜੁਲਾਈ ਤੱਕ ਖੇਡਿਆ ਜਾਣਾ ਹੈ। ਰਾਊਂਡ ਰੋਬਿਨ ਸਟੇਜ ਦਾ ਅੰਤ 6 ਜੁਲਾਈ ਨੂੰ ਹੋਵੇਗਾ। ਉਸ ਤੋਂ ਬਾਅਦ 9 ਜੁਲਾਈ ਤੋਂ ਸੈਮੀ–ਫ਼ਾਈਨਲ ਮੁਕਾਬਲੇ ਖੇਡੇ ਜਾਣਗੇ। ਭਾਰਤੀ ਕ੍ਰਿਕੇਟ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 5 ਜੂਨ ਨੂੰ ਦੱਖਣੀ ਅਫ਼ਰੀਕਾ ਖਿ਼ਲਾਫ਼ ਕਰੇਗੀ।