67.71 F
New York, US
July 27, 2024
PreetNama
ਸਿਹਤ/Health

ਵਿਸ਼ਵਾਸ ਦੀ ਇਬਾਰਤ ਕਰਦੀ ਹੈ ਘਰਾਂ ਨੂੰ ਮਜ਼ਬੂਤ

ਮਨੁੱਖੀ ਜੀਵਨ ਦੇ ਹਰ ਪੱਖ ਦੇ ਉੱਚਿਤ ਵਿਕਾਸ ਲਈ ਘਰ ਦੀ ਅਹਿਮੀਅਤ ਹੋਰ ਕਿਸੇ ਵੀ ਸਹੂਲਤ, ਪੈਸੇ ਅਤੇ ਲੱਜ਼ਤ ਤੋਂ ਕਿਤੇ ਵਧੇਰੇ ਹੈ। ਅਕਸਰ ਵੇਖਣ ’ਚ ਆਉਂਦਾ ਹੈ ਕਿ ਮਾਂ ਜਾਂ ਬਾਪ ’ਚੋਂ ਕਿਸੇ ਦੇ ਨਾ ਹੋਣ ਉਪਰੰਤ ਵੀ ਬੇਸ਼ੱਕ ਘਰ ਚੱਲਦਾ ਰਹਿੰਦਾ ਹੈ ਪਰ ਬੱਚਿਆਂ ’ਚ ਸਮਾਜਿਕ ਸਹਿਮ ਜਾਂ ਭਾਵਨਾਤਮਿਕ ਪੱਧਰ ਦੀਆਂ ਊਣਤਾਈਆਂ ਜ਼ਰੂਰ ਘਰ ਕਰ ਜਾਂਦੀਆਂ ਹਨ। ਪੂਰੇ ਬੌਧਿਕ ਅਤੇ ਆਤਮਿਕ ਵਿਕਾਸ ਤੋਂ ਬਿਨਾਂ ਜੀਵਨ ਨੂੰ ਸੁਚੱਜੇ ਅਰਥਾਂ ਵਿਚ ਨਹੀਂ ਜੀਵਿਆ ਜਾ ਸਕਦਾ। ਇਸ ਤਰ੍ਹਾਂ ਦੇ ਹਾਲਾਤ ਵਿਚ ਜ਼ਿੰਦਗੀ ਗੁਜ਼ਰ ਤਾਂ ਜਾਂਦੀ ਹੈ ਪਰ ਮਾਣੀ ਹੋਈ ਨਹੀਂ ਕਹੀ ਜਾ ਸਕਦੀ। ਇਹ ਘਰ ਦਾ ਨਿੱਘ ਹੀ ਹੁੰਦਾ ਹੈ, ਜੋ ਜ਼ਮਾਨੇ ਦੀਆਂ ਸ਼ੀਤ ਹਵਾਵਾਂ ਤੇ ਕਕਰੀਲੀਆਂ ਰਾਤਾਂ ਵਰਗੇ ਸਮਿਆਂ ’ਚ ਵੀ ਮਨੁੱਖੀ ਰੂਹ ਨੂੰ ਜਿਉਣ ਜੋਗੀ ਗਰਮਾਹਟ ਪ੍ਰਦਾਨ ਕਰੀ ਰੱਖਦਾ ਹੈ। ਘਰ ਪਰਤਣ ਦੇ ਅਹਿਸਾਸ ’ਚ ਜੋ ਤਾਕਤ ਤੇ ਸਕੂਨ ਹੈ, ਉਹ ਮਨੁੱਖ ਨੂੰ ਪੂਰੀ ਦੁਨੀਆ ਨਾਲ ਲੜਨ ਤੇ ਜੀਵਨ ਨਾਲ ਹਰ ਪ੍ਰਤੀਕੂਲ ਪ੍ਰਸਥਿਤੀਆਂ ’ਚ ਨਜ਼ਰ ਮਿਲਾਉਣ ਦਾ ਹੌਸਲਾ ਬਖ਼ਸ਼ ਸਕਣ ਦੇ ਸਮਰੱਥ ਹੈ।

ਮਨੁੱਖ ਜਿੱਥੇ ਵੀ ਤੁਰਿਆ -ਫਿਰਦਾ ਹੈ, ਉਹ ਆਪਣੇ ਘਰ ਦੀ ਬਦੌਲਤ ਹੀ ਹੈ। ਜੇ ਘਰ ਘਰ ਹੈ ਤਾਂ ਜੀਵਨ ਜੀਵਨ ਹੈ ਨਹੀਂ ਤਾਂ ਦੁਨੀਆ ਸਿਰਫ ਚਲੋ- ਚਲੀ ਦਾ ਮੇਲਾ ਬਣ ਕੇ ਰਹਿ ਜਾਂਦੀ ਹੈ। ਘਰ ਵਿਚ ਰਿਸ਼ਤਿਆਂ ਦੀ ਖ਼ੁਸ਼ਬੂ, ਤਿਆਗ ਦੀ ਸੁਗੰਧ ਤੇ ਆਪਣੇਪਣ ਦੇ ਨਿੱਘ ਕਾਰਨ ਹੀ ਜ਼ਿੰਦਗੀ ਦੇ ਪਲ ਖ਼ੂਬਸੂਰਤ ਤੇ ਕੀਮਤੀ ਬਣਦੇ ਹਨ। ਜੇ ਸਿਰਫ ਖਾਣਾ-ਪੀਣਾ, ਸੌਣਾ ਤੇ ਆਰਾਮ ਹੀ ਜੀਵਨ ਦਾ ਮਕਸਦ ਹੁੰਦਾ ਤਾਂ ਜ਼ਿੰਦਗੀ ਅੱਜ ਕਿਧਰੇ ਨਜ਼ਰ ਨਾ ਆਉਂਦੀ ਪਰ ਨਹੀਂ ਜ਼ਿੰਦਗੀ ਸੀ ਤੇ ਚੱਲ ਰਹੀ ਹੈ ਆਪਣੀ ਪੂਰੀ ਸ਼ਾਨ ਦੇ ਨਾਲ। ਇਹ ਗੱਲ ਵੱਖਰੀ ਹੈ ਕਿ ਸ਼ਾਨ ਨਾਲ ਹੌਸਲੇ ਸੰਗ ਕਦਮ ਮਿਲਾ ਕੇ ਤੁਰਨ ਦੀ ਵੁੱਕਤ ਕੁਝ ਕੁ ਲੋਕਾਂ ਨੇ ਹੀ ਪ੍ਰਾਪਤ ਕੀਤੀ ਹੈ। ਤਮਾਮ ਉਮਰ ਵਿਚ ਜਿਉਣ ਦਾ ਢੰਗ, ਸੋਚ ਤੇ ਸਲੀਕਾ ਅਸੀਂ ਆਪਣੇ ਘਰ ਤੋਂ ਹੀ ਸੰਸਕਾਰਾਂ ਰਾਹੀਂ ਪ੍ਰਾਪਤ ਕਰਦੇ ਹਾਂ। ਸੰਸਕਾਰ ਪੀੜ੍ਹੀ ਦਰ ਪੀੜ੍ਹੀ ਜੀਵੀ ਜ਼ਿੰਦਗੀ ਦੀਆਂ ਚੰਗਿਆਈਆਂ/ਬੁਰਾਈਆਂ ਨਾਲ ਸਬੰਧਿਤ ਸਿਲਸਿਲਾ ਹੁੰਦਾ ਹੈ, ਜੋ ਅਚੇਤ ਰੂਪ ’ਚ ਸਾਡੇ ਜੀਵਨ ਦਾ ਹਿੱਸਾ ਬਣ ਜਾਂਦਾ ਹੈ, ਜਿਸ ਬਾਰੇ ਸਿੱਧੇ ਤੌਰ ‘ਤੇ ਸਪਸ਼ਟ ਰੂਪ ਵਿੱਚ ਅਸੀਂ ਬਹੁਤੇ ਵਾਰੀ ਵਾਕਿਫ ਨਹੀਂ ਹੁੰਦੇ। ਅਸੀਂ ਪੂਰਨ ਤੌਰ ’ਤੇ ਆਪਣੇ ਅੰਦਰ ਛੂਪੇ ਹੋਏ ਸੰਸਕਾਰਾਂ ਤੋਂ ਵਾਕਿਫ਼ ਹੋਈਏ ਜਾਂ ਨਾ ਹੋਈਏ ਪਰ ਸਮਾਜ ਸਾਡੇ ਵਿਵਹਾਰ ਰਾਹੀਂ ਸਮੇਂ – ਸਮੇਂ ਜਾਣੂ ਹੁੰਦਾ ਰਹਿੰਦਾ ਹੈ।

ਘਰ ਪ੍ਰੇਮੀ ਦੇ ਬਲਦੇ ਹੋਠਾਂ ਦਾ ਚੁੰਮਣ ਨਹੀਂ, ਹਮਸਫ਼ਰ ਦੀ ਛਾਤੀ ’ਤੇ ਵਿਸ਼ਵਾਸ ਦੇ ਨਿੱਘ ਕਾਰਨ ਵਗੇ ਹੰਝੂਆਂ ਦਾ ਵਜੂਦ ਹੈ। ਜ਼ਿੰਦਗੀ ਦੇ ਰਾਹ ਹਮੇਸ਼ਾ ਸਾਵੇ – ਪੱਧਰੇ ਨਹੀਂ ਟੱਕਰਦੇ ਤੇ ਅਚਨਚੇਤ ਮੱਥੇ ਲੱਗੇ ਤੂਫ਼ਾਨਾਂ ਤੋਂ ਬਚਣਾ ਮੁਮਕਿਨ ਵੀ ਨਹੀਂ ਹੁੰਦਾ। ਅਜੋਕੇ ਸਮੇਂ ’ਚ ਵਿਭਿੰਨ ਤਰ੍ਹਾਂ ਦੇ ਭੇਦਭਾਵਾਂ ਨੇ ਆਪਣੇ ਵਿਸ਼ੈਲੇ ਤੀਰਾਂ ਨਾਲ ਮਨੁੱਖੀ ਮਨ ਨੂੰ ਲਹੂ-ਲੁਹਾਣ ਕੀਤਾ ਹੋਇਆ ਹੈ। ਸੰਕੀਰਨ ਭਾਵਾਂ ਕਾਰਨ ਹੀ ਮਨੁੱਖ ਆਪਣੇ ਆਪ ਨੂੰ ਸੱਚ ਨੂੰ ਸਮਝਣ ਤੋਂ ਦੁਰੇਡੇ ਹੋ ਗਿਆ ਹੈ। ਇਹੋ ਬੁਰੀਆਂ ਅਲਾਮਤਾਂ ਮਨੁੱਖੀ ਰਵੱਈਏ ਨੂੰ ਨਫ਼ਰਤ ਭਰਿਆ ਬਣਾ ਰਹੀਆਂ ਹਨ, ਜਿਸ ਨਾਲ ਜੀਵਨ ’ਚ ਕੁੜੱਤਣ ਦਾ ਅਹਿਸਾਸ ਵਧਦਾ ਜਾ ਰਿਹਾ ਹੈ।

ਘਰ ਰੂਪੀ ਸੰਸਥਾ ਦੀ ਮਜ਼ਬੂਤੀ ਮੈਂਬਰਾਂ ਦੀ ਵਧੇਰੇ ਗਿਣਤੀ ’ਚ ਨਹੀਂ ਹੁੰਦੀ ਸਗੋਂ ਆਪਸੀ ਸੂਝ, ਵਿਸ਼ਵਾਸ ਤੇ ਭਾਵਨਾਵਾਂ ਦੀ ਕਦਰ ਉੱਤੇ ਟਿਕੀ ਹੁੰਦੀ ਹੈ। ਤਲਾਕ ਵਧ ਰਹੇ ਹਨ। ਪਿਆਰ ਜਾਂ ਪਿਆਰ ਵਿਆਹ ਮਾੜਾ ਨਹੀਂ ਹੈ। ਸ਼ੁਗਲ ਸਮਝ ਕੇ ਕੀਤੀ ਬੇਵਕੂਫ਼ੀ ਅੰਤ ’ਚ ਬਹੁਤ ਮਾੜੇ ਸਿੱਟੇ ਦਿੰਦੀ ਹੈ। ਰੱਜ ਕੇ ਸਾਵਣ ਮਾਣਨ ਦੀ ਲਾਲਸਾ ਨੂੰ ਲੰਮੀ ਔੜ ਤੇ ਹੰਝੂਆਂ ਨਾਲ ਲਬਰੇਜ਼ ਨਿਰਾਸ਼ਾ ਪੱਲੇ ਪੈਂਦੀ ਹੈ। ਘਰ ਦੀ ਬੁਨਿਆਦ ਕੁਰਬਾਨੀ ਦੇ ਆਧਾਰ ’ਤੇ ਰੱਖੀ ਜਾਂਦੀ ਹੈ। ਫਿਰ ਉੱਪਰ ਚਰਿੱਤਰ ਦੇ ਬਾਕੀ ਚੰਗੇਰੇ ਗੁਣ ਸੁੰਦਰ ਮੋਤੀਆਂ ਵਾਂਗ ਜੜੀਦੇ ਹਨ। ਪ੍ਰੇਮ, ਹਮਦਰਦੀ, ਸੁਹਿਰਦਤਾ, ਇਮਾਨਦਾਰੀ, ਸਹਿਣਸ਼ੀਲਤਾ ਤੇ ਮਿਲ – ਬੈਠ ਕੇ ਰਹਿਣ ਵਰਗੇ ਗੁਣਾਂ ਦੀ ਜ਼ਰੂਰਤ ਹੈ। ਤਸੱਲੀ ਨਾਲ ਭਰੀ ਜੀਵਨ ਸ਼ੈਲੀ ਅਸੀਂ ਨਾ ਸਿਰਫ਼ ਮਿਲ ਕੇ ਲੱਭਣੀ ਹੈ ਸਗੋਂ ਵਿਵਹਾਰਿਕ ਰੂਪ ’ਚ ਅਪਣਾ ਕੇ ਸੱਚੇ-ਸੁੱਚੇ ਅਰਥਾਂ ਵਾਲੇ ਘਰਾਂ ਦਾ ਨਿਰਮਾਣ ਵੀ ਕਰਨਾ ਹੈ।

Related posts

ਗਰਮੀਆਂ ’ਚ ਦਸਤ ਰੋਗ ਲੱਗਣ ’ਤੇ ਕੀ ਕਰੀਏ

On Punjab

ਇਹ ਬੈਂਗਣ ਬੜੇ ਕੰਮ ਦਾ, ਗੁਣ ਜਾਣ ਕਹੋਗੇ ਕਿ ਵੱਧ ਤੋਂ ਵੱਧ ਖਾਓ ਇਹ ਸਬਜ਼ੀ

On Punjab

ਜਾਣੋ ਸਿਹਤ ਲਈ ਕਿਉਂ ਜ਼ਰੂਰੀ ਹੈ ਦਲੀਆ ?

On Punjab