ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਵੱਲੋਂ ਖ਼ਰੀਦ ਕੀਤੀ ਗਈ ਵੈਂਟੀਲੇਟਰ ਐਂਬੂਲੈਂਸ ਨੂੰ ਅੱਜ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ ਦੇ ਕੇ ਲੋਕਾਂ ਨੂੰ ਸਮਰਪਿਤ ਕੀਤੀ ਗਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਂਬੂਲੈਂਸ ਵੈਨ ਨੂੰ ਰਵਾਨਾ ਕਰਨ ਦੌਰਾਨ ਡਿਪਟੀ ਕਮਿਸ਼ਨਰ ਸ੍ਰ: ਬਲਵਿੰਦਰ ਸਿੰਘ ਧਾਲੀਵਾਲ ਅਤੇ ਐਸ.ਐਸ.ਪੀ ਸ੍ਰ: ਪ੍ਰੀਤਮ ਸਿੰਘ ਵੀ ਹਾਜ਼ਰ ਸਨ।
ਇਸ ਉਪਰੰਤ ਜ਼ਿਲ੍ਹਾ ਪ੍ਰਬੰਧਕੀ ਹਾਲ ਵਿਖੇ ਮੀਟਿੰਗ ਦੌਰਾਨ ਵਿਧਾਇਕ ਪਿੰਕੀ ਨੇ ਕਿਹਾ ਕਿ ਇਸ ਐਂਬੂਲੈਂਸ ਵੈਨ ਦੇ ਸ਼ੁਰੂ ਹੋਣ ਨਾਲ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਐਂਬੂਲੈਂਸ ਲਈ ਡਰਾਈਵਰ ਦੀ ਸੁਵਿਧਾ ਪੁਲਿਸ ਵਿਭਾਗ ਵੱਲੋਂ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਐਂਬੂਲੈਂਸ ਦੀ ਇਹ ਸੁਵਿਧਾ ਬਿਨਾਂ ਕਿਸੇ ਲਾਭ ਅਤੇ ਬਿਨਾਂ ਹਾਨੀ ਤੇ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਬੇਹੱਦ ਜ਼ਰੂਰਤਮੰਦ ਮਰੀਜ਼ਾਂ ਨੂੰ ਇਸ ਐਂਬੂਲੈਂਸ ਦੀ ਸੁਵਿਧਾ ਨਿਸ਼ੁਲਕ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਹੋਰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਬਹੁਤ ਜਲਦ ਪੀ.ਜੀ.ਆਈ ਸੈਟੇਲਾਈਟ ਸੈਂਟਰ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਨਾਲ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਨਾਲ ਨਾਲ ਬੇਰੁਜ਼ਗਾਰਾਂ ਨੂੰ ਵੱਡੇ ਪੱਧਰ ਤੇ ਰੁਜ਼ਗਾਰ ਦੇ ਅਵਸਰ ਵੀ ਮਿਲਣਗੇ।
ਉਨ੍ਹਾਂ ਨੇ ਕਿਹਾ ਕਿ ਹਲਕੇ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਦੇ ਪ੍ਰਾਜੈਕਟ ਚਾਲੂ ਕੀਤੇ ਗਏ ਹਨ ਅਤੇ ਬਹੁਤ ਜਲਦ ਆਵਾਰਾ ਪਸ਼ੂਆਂ ਦੇ ਰੱਖ ਰਖਾਵ ਲਈ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿਚ ਨੌਜਵਾਨਾਂ ਨੂੰ ਆਈ.ਏ.ਐਸ ਤੇ ਪੀ.ਸੀ.ਐਸ ਦੀ ਟਰੇਨਿੰਗ ਹਾਸਲ ਕਰਨ ਲਈ ਜਲਦ ਹੀ ਮੈਗਸਿਪਾ ਦਾ ਸੈਂਟਰ ਵੀ ਖੋਲ੍ਹਿਆ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰ: ਗੁਰਮੀਤ ਸਿੰਘ ਮੁਲਤਾਨੀ, ਸਹਾਇਕ ਕਮਿਸ਼ਨਰ ਸ੍ਰ: ਰਣਜੀਤ ਸਿੰਘ, ਐਸ.ਡੀ.ਐਮ ਅਮਿੱਤ ਗੁਪਤਾ, ਸਿਵਲ ਸਰਜਨ ਸੁਰਿੰਦਰ ਕੁਮਾਰ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।