ਕੋਚੀ, ਕੇਰਲ ਹਾਈ ਕੋਰਟ ਨੇ ਵਾਇਨਾਡ ਦੇ ਮੁੰਡਕਈ ਤੇ ਚੂਰਲਮਲਾ ਇਲਾਕਿਆਂ ’ਚ 30 ਜੁਲਾਈ ਨੂੰ ਵੱਡੇ ਪੈਮਾਨੇ ’ਤੇ ਢਿੱਗਾਂ ਖਿਸਕਣ ਦੇ ਮਾਮਲਿਆਂ ਦਾ ਖ਼ੁਦ ਨੋਟਿਸ ਲੈਂਦਿਆਂ ਇਸ ਸਬੰਧੀ ਇੱਕ ਕੇਸ ਦਰਜ ਕੀਤਾ ਹੈ। ਢਿੱਗਾਂ ਖਿਸਕਣ ਦੀਆਂ ਘਟਨਾਵਾਂ ’ਚ ਘੱਟੋ-ਘੱਟ 226 ਵਿਅਕਤੀ ਗਏ ਸਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਸਨ। ਜਸਟਿਸ ਏਕੇ ਜੈਸ਼ੰਕਰਨ ਨਾਂਬਿਆਰ ਅਤੇ ਵੀਐੱਮ ਸ਼ਿਆਮ ਕੁਮਾਰ ਨੇ ਅਦਾਲਤ ਦੇ ਰਜਿਸਟਰਾਰ ਜਨਰਲ ਨੂੰ ਮੀਡੀਆ ਦੀਆਂ ਖਬਰਾਂ ਦੇ ਆਧਾਰ ’ਤੇ ਕੇਸ ਦਰਜ ਕਰਨ ਦਾ ਨਿਰਦੇਸ਼ ਦਿੱਤਾ ਹੈ। ਡਿਵੀਜ਼ਨ ਬੈਂਚ ਸ਼ੁੱਕਰਵਾਰ ਨੂੰ ਮਾਮਲੇ ’ਤੇ ਵਿਚਾਰ ਕਰੇਗਾ। ਸਥਾਨਕ ਪ੍ਰਸ਼ਾਸਨ ਵੱਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਉਕਤ ਘਟਨਾਵਾਂ ਮਗਰੋਂ 138 ਵਿਅਕਤੀ ਹਾਲੇ ਵੀ ਲਾਪਤਾ ਹਨ। -ਪੀਟੀਆਈ
ਪ੍ਰਧਾਨ ਮੰਤਰੀ ਭਲਕੇ ਕਰਨਗੇ ਆਫ਼ਤ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਤਿਰੂਵਨੰਤਪੁਰਮ:
ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਇਨਾਡ ਦੇ ਢਿੱਗਾਂ ਖਿਸਕਣ ਕਾਰਨ ਪ੍ਰਭਾਵਿਤ ਹੋਏ ਇਲਾਕਿਆਂ ਦਾ 10 ਅਗਸਤ ਨੂੰ ਦੌਰਾ ਕਰਨਗੇ। ਉਨ੍ਹਾਂ ਉਮੀਦ ਜਤਾਈ ਕਿ ਪ੍ਰਧਾਨ ਮੰਤਰੀ ਆਫ਼ਤ ਪੀੜਤਾਂ ਦੇ ਮੁੜਵਸੇਬੇ ਲਈ ਉਸਾਰੂ ਕਦਮ ਚੁੱਕਣਗੇ। ਵਿਜਯਨ ਨੇ ਆਖਿਆ ਕਿ ਸੂਬਾ ਸਰਕਾਰ ਨੇ ਢਿੱਗਾਂ ਖਿਸਕਣ ਦੀਆਂ ਇਨ੍ਹਾਂ ਘਟਨਾਵਾਂ ਨੂੰ ‘ਕੌਮੀ ਜਾਂ ਗੰਭੀਰ ਆਫ਼ਤ’ ਐਲਾਨਣ ਦੀ ਅਪੀਲ ਕੀਤੀ ਸੀ, ਜਿਸ ਮਗਰੋਂ ਸ੍ਰੀ ਮੋਦੀ ਸ਼ਨਿਚਰਵਾਰ ਨੂੰ ਵਾਇਨਾਡ ਦਾ ਦੌਰਾ ਕਰਨ ਆ ਰਹੇ ਹਨ।