ਤ੍ਰਿਵੈਣੀ ਨਿੰਮ, ਪਿੱਪਲ ਤੇ ਬੋਹੜ ਦੇ ਇੱਕੋਂ ਥਾਂ ਲੱਗੇ ਦਰੱਖਤਾਂ ਦੇ ਝੁੰਡ ਨੂੰ ਕਿਹਾ ਜਾਂਦਾ ਸੀ। ਪੁਰਾਣੇ ਸਮਿਆਂ ਵਿੱਚ ਮੰਨਿਆਂ ਜਾਂਦਾ ਸੀ ਕਿ ਇਸ ਨੂੰ ਲਗਾਉਣ ਨਾਲ ਸਵਰਗ ਦੀ ਪ੍ਰਾਪਤੀ ਹੁੰਦੀ ਹੈ ਜਦਕਿ ਅਜਿਹਾ ਕੁੱਝ ਵੀ ਨਹੀਂ ਸੀ। ਕੀ ਸੀ ਤ੍ਰਿਵੈਣੀ ਤੇ ਸਵਰਗ ਦੀ ਸਚਾਈ ਆਓ ਹੋਰ ਗੌਰ ਕਰੀਏ।
ਵਿਗਿਆਨ ਦਾ ਆਰੰਭ ਤਾਂ ਉਦੋ ਹੀ ਹੋ ਗਿਆ ਸੀ ਜਦੋਂ ਮਨੁੱਖ ਨੇ ਪੱਥਰਾਂ ਨੂੰ ਰਗੜ ਕੇ ਅੱਗ ਬਾਲਣੀ ਸਿੱਖ ਲਈ ਸੀ। ਵਿਗਿਆਨ ਦੀ ਪਹਿਲੀ ਖੋਜ ਜੇਕਰ ਪਹੀਏ ਦੀ ਖੋਜ ਨੂੰ ਮੰਨ ਲਿਆ ਜਾਵੇ ਤਾਂ ਕੁੱਝ ਗਲਤ ਨਹੀਂ ਹੋਵੇਗਾ। ਪੁਰਾਣੇ ਸਮਿਆਂ ਦੇ ਸਿਆਣੇ ਬਜੁਰਗ ਵਿਗਿਆਨ ਦੀ ਸੋਚ ਜਾਣ ਚੁੱਕੇ ਸਨ ਉਸ ਇਸ ਨੂੰ ਅਪਣਾਉਣਾ ਵੀ ਚਾਹੁੰਦੇ ਸਨ ਪਰ ਉਸ ਸਮੇਂ ਦੇ ਲੋਕਾਂ ਦਾ ਬੌਧਿਕ ਪੱਧਰ ਵਿਗਿਆਨ ਦਾ ਹਾਣੀ ਨਹੀਂ ਸੀ। ਇਹ ਸਭ ਗੱਲਾਂ ਉਹਨਾਂ ਦੀ ਸਮਝ ਤੋਂ ਬਾਹਰ ਸਨ ਪਰ ਉਹਨਾਂ ਦੇ ਦਿਮਾਗ ‘ਚ ਸਿਰਫ ਧਰਮ ਹੀ ਫਿੱਟ ਬੈਠਦਾ ਸੀ ਕਿਉਂਕਿ ਜ਼ਿਆਦਾ ਧਰਮੀ ਹੋਣ ਤੇ ਕਮਲੇ ਹੋਣ ‘ਚ ਜ਼ਿਆਦਾ ਫਰਕ ਨਹੀਂ ਹੁੰਦਾ ਸੋ ਉਹ ਸਿਆਣੇ ਬਜ਼ੁਰਗਾਂ ਨੇ ਲੋਕਾਂ ਦਾ ਮਾਨਸਿਕ ਪੱਧਰ ਵਾਚਦੇ ਹੋਏ ਉਹਨਾਂ ਸਭ ਵਿਗਿਆਨਕ ਸਚਾਈਆਂ ਨੂੰ ਧਰਮ ਨਾਲ ਜੋੜ ਦਿੱਤਾ ਕਿਉਂਕਿ ਲੋਕ ਸਿਰਫ ਧਰਮ ਦੀ ਭਾਸ਼ਾ ਨੂੰ ਸਮਝਦੇ ਸਨ।
ਨਿੰਮ ਇੱਕ ਡਾਕਟਰੀ ਪੌਦਾ ਹੈ ਜਿਸਦੀ ਵਰਤੋਂ ਚਮੜੀ ਦੀਆਂ ਬਿਮਾਰੀਆਂ ਲਈ ਬਣਨ ਵਾਲੀਆਂ ਦਵਾਈਆਂ , ਕਰੀਮਾ ਅਤੇ ਸਾਬਣਾਂ ‘ਚ ਕੀਤੀ ਜਾਂਦੀ ਹੈ, ਪਿੱਪਲ ਸਭ ਤੋਂ ਵੱਧ ਕਾਰਬਨ ਡਾਈਅਕਸਾਈਡ ਸੋਖਦਾ ਹੈ ਬੋਹੜ ਦੁਆਰਾ ਛੱਡੀ ਗਈ ਆਕਸੀਜਨ ਸਾਰੇ ਰੁੱਖਾਂ ਤੋਂ ਜ਼ਿਆਦਾ ਮਾਤਰਾਂ ‘ਚ ਹੁੰਦੀ ਹੈ ਹੁਣ ਵਿਗਿਆਨਕ ਤੱਥ ਉਹਨਾਂ ਲੋਕਾਂ ਦੀਆਂ ਸਮਝ ਤੋਂ ਬਾਹਰ ਦੀਆਂ ਗੱਲਾਂ ਸਨ ਇਸ ਲਈ ਉਹਨਾਂ ਨੂੰ ਸਮਝਾਉਣ ਲਈ ਇਸ ਨਾਲ ਸਵਰਗ ਮਿਲਣ ਦੀ ਮਨਘੜਤ ਕਹਾਣੀ ਜੋੜ ਦਿੱਤੀ ਗਈ। ਧਰਮੀ ਲੋਕ ਇੱਥੇ ਨਰਕ ਵਰਗੇ ਮਾਹੌਲ ‘ਚ ਰਹਿਣ ਲਈ ਤਿਆਰ ਸਨ ਪਰ ਮੌਤ ਤੋਂ ਬਾਅਦ ਸਵਰਗ ਹੀ ਜਾਣਾ ਚਾਹੁੰਦੇ ਹਨ। ਬੱਸ ਫਿਰ ਕੀ ਸੀ ਹਰ ਬੰਦਾ ਸਵਰਗ ਜਾਣ ਲਈ ਕਾਹਲਾ ਸੀ, ਤਿਵੈਣੀਆਂ ਹੀ ਤ੍ਰਿਵੈਣੀਆਂ ਸਾਰਾ ਵਾਤਾਵਰਨ ਹਰਿਆ ਭਰਿਆ ਹੋ ਗਿਆ।
ਇਸੇ ਤਰ੍ਹਾਂ ਭੂਤਾਂ ਪ੍ਰੇਤਾਂ ਤੋਂ ਘਰ ਦੀ ਸੁਰੱਖਿਆ ਲਈ ਦਰਵਾਜੇ ਤੇ ਦੁਕਾਨਾਂ ਤੇ ਮਿਰਚਾਂ ਅਤੇ ਨਿੰਬੂ ਲਟਕਾਏ ਜਾਦੇ ਸੀ ਪਰ ਜੇਕਰ ਵਿਗਿਆਨ ਪੱਖੋਂ ਵਾਚੀਏ ਤਾਂ ਨਿੰਬੂ ਤੇ ਮਿਰਚਾਂ ਕਈ ਤਰਾਂ ਦੇ ਜਿਵਾਣੂਆਂ ਦਾ ਖਾਤਮਾ ਕਰਦੇ ਹਨ ਅਤੇ ਘਰ ‘ਚੋਂ ਬਦਬੂ ਨੂੰ ਦੂਰ ਕਰਕੇ ਖੁਸ਼ਬੂ ਫੈਲਾਉਂਦੇ ਹਨ।
ਜਿਸ ਘਰ ‘ਚ ਨਵ ਜੰਮਿਆਂ ਬੱਚਾ ਹੁੰਦਾ ਹੈ ਉਸ ਬੱਚੇ ਦੀ ਜਿੰਨ ਪ੍ਰੇਤ ਤੋਂ ਰੱਖਿਆ ਲਈ ਦਰਵਾਜੇ ਕੋਲ ਪਾਥੀ ਬਾਲ ਕੇ ਰੱਖੀ ਜਾਂਦੀ ਸੀ। ਬਾਹਰੋਂ ਆਉਣ ਵਾਲੇ ਇਨਸਾਨ ਦੇ ਹੱਥ ਧੁਵਾਏ ਜਾਂਦੇ ਸਨ। ਘਰ ਦੇ ਦਰਵਾਜ਼ੇ ਅੱਗੇ ਨਿੰਮ ਬੰਨਿਆਂ ਜਾਂਦਾ ਸੀ। ਆਪਣੇ ਤੇ ਸਾਰੇ ਦੁਜੇ ਘਰਾਂ ਦੇ ਦਰਵਾਜਿਆਂ ਅੱਗੇ ਵੀ ਨਿੰਮ ਬੰਨ ਦਿੱਤਾ ਜਾਂਦਾ ਸੀ। ਇਹ ਸਾਰੇ ਵਹਿਮ ਭੂਤਾਂ ਪ੍ਰੇਤਾਂ ਤੋਂ ਬੱਚੇ ਦੀ ਰੱਖਿਆ ਲਈ ਕੀਤੇ ਜਾਂਦੇ ਸਨ ਅਤੇ ਜਣੇਪੇ ਵਾਲੀ ਔਰਤ ਦਾ ਖਾਸ ਖਿਆਲ ਰੱਖਿਆ ਜਾਂਦਾ ਸੀ। ਮੰਨਿਆ ਜਾਂਦਾ ਸੀ ਕਿ ਜਣੇਪੇ ਵਿੱਚ ਮਰੀ ਔਰਤ ਕਚੀਲ (ਚੁੜੇਲ)ਬਣ ਜਾਂਦੀ ਹੈ ਉਸਦੀ ਗਤੀ ਨਹੀਂ ਹੁੰਦੀ। ਇਸ ਲਈ ਜਣੇਪੇ ਵਾਲੀ ਔਰਤ ਦਾ ਖਾਸ ਖਿਆਲ ਰੱਖਿਆ ਜਾਂਦਾ ਸੀ, ਹੁਣ-ਸੁਣੋ ਇਸਦੀ ਵਿਗਿਆਨਕ ਸਚਾਈ ਇਕ ਤਾਂ ਜਣੇਪੇ ‘ਚ ਔਰਤ ਕਮਜ਼ੋਰ ਹੋ ਜਾਂਦੀ ਹੈ ਉਸਨੂੰ ਬਿਮਾਰੀਆਂ ਜਲਦੀ ਪਕੜ ‘ਚ ਲੈ ਲੈਦੀਆਂ ਹਨ ਦੂਜਾ ਔਰਤ ਦੁਆਰਾ ਪੈਦਾ ਕੀਤੇ ਬੱਚੇ ਨਾਲ ਘਰ ਦੀ ਕੁਲ ਅੱਗੇ ਤੁਰਦਾ ਹੈ ਉਸਦਾ ਬੱਚਾ ਹੋਣ ਕਰਕੇ ਸਤਿਕਾਰ ਹੋ ਜਾਂਦਾ ਹੈ ਅਤੇ ਇਹ ਵੀ ਮੰਨਣ ਵਾਲੀ ਗੱਲ ਹੈ ਕਿ ਮਾਂ ਤੋਂ ਬਿਨ੍ਹਾਂ ਬੱਚਾ ਸੰਭਾਲਣਾ ਬਹੁਤ ਔਖਾ ਹੁੰਦਾ ਹੈ ਇਸ ਲਈ ਡਰ ਹੁੰਦਾ ਹੈ ਕਿ ਇਸ ਨਾਲ ਇਕ ਜ਼ਿੰਦਗੀ ਹੋਰ ਜੁੜੀ ਹੈ ਉਸਦੇ ਖਾਣ ਪੀਣ ਦਾ, ਉਸਦੇ ਆਰਾਮ ਅਤੇ ਸਾਫ਼-ਸਫਾਈ ਦਾ ਧਿਆਨ ਰੱਖਿਆ ਜਾਂਦਾ ਸੀ ਪਰ ਇਸ ਸਚਾਈ ਨੂੰ ਮਾਨਸਿਕਤਾ ਨਾਲ ਜੋੜਨ ਲਈ ਬੇਸੱਕ ਅੰਧਵਿਸ਼ਵਾਸ ਦਾ ਸਹਾਰਾ ਲਿਆ ਗਿਆ ਹੈ ਪਰ ਗੱਲਾਂ ਇਹ ਵਿਗਿਆਨਕ ਪੱਖ ਦੀਆਂ ਹਨ।
ਪਾਥੀ ਬਾਲਣ ਦਾ ਮਤਲਬ ਇਹ ਸੀ ਕਿ ਘਰ ਵਿਚ ਮੱਛਰ ਮੱਖੀ ਅਤੇ ਹੋਰ ਜ਼ਹਿਰੀਲੇ ਕਿਸਮ ਦੇ ਕੀੜੇ ਦਾਖਲ ਹੋ ਕੇ ਬੱਚੇ ਨੂੰ ਕੱਟ ਸਕਦੇ ਉਹਨਾਂ ਨੂੰ ਭਜਾਉਣ ਲਈ ਪਾਥੀ ਬਾਲ ਕੇ ਧੂੰਆਂ ਕੀਤਾ ਜਾਂਦਾ ਸੀ। ਨਿੰਮ ਇਸ ਲਈ ਬੰਨਿਆ ਜਾਂਦਾ ਸੀ ਕਿ ਨਿੰਮ ਇੱਕ ਜੀਵਾਣੂ ਨਾਸ਼ਕ ਰੁੱਖ ਹੈ ਇਸ ਦੇ ਟਾਹਣੀ, ਪੱਤੇ ਅਤੇ ਨਿਮੋਲੀਆਂ ਉਹ ਕਈ ਕਿਸਮ ਦੀਆਂ ਛੂਤ ਦੀਆਂ ਬਿਮਾਰੀਆਂ ਦੇ ਕਿਟਾਣੂਆਂ ਨੂੰ ਖਤਮ ਕਰਦੇ ਹਨ ਇਸ ਲਈ ਮੰਨਿਆ ਜਾਂਦਾ ਸੀ ਕਿ ਜੋ ਵੀ ਘਰ ‘ਚ ਆਵੇ ਉਸ ਨਾਲ ਕੋਈ ਬਿਮਾਰੀ ਜਾਂ ਕਿਟਾਣੂ ਨਾ ਬੱਚੇ ਕੋਲ ਆ ਜਾਵੇ ਇਸ ਲਈ ਨਿੰਮ ਦਰਵਾਜ਼ੇ ਅੱਗੇ ਬੰਨ ਦਿੱਤਾ ਜਾਂਦਾ ਸੀ ਤੇ ਸ਼ਰੀਕੇ ਦੇ ਲੋਕ ਵੀ ਬੱਚੇ ਨੂੰ ਮਿਲਣ ਲਈ ਘਰ ਆਉਣਗੇ ਉਹਨਾਂ ਨੂੰ ਮਨਾਂ ਤਾਂ ਨਹੀਂ ਕੀਤਾ ਜਾ ਸਕੇਗਾ ਕਿ ਛੋਟੇ ਬੱਚੇ ਦੀ ਸੁਰੱਖਿਆ ਦਾ ਸਵਾਲ ਹੈ ਤੁਸੀ ਨਾ ਆਓ ਪਰ ਨਿੰਮ ਬੰਨ ਕੇ ਸੁਰੱਖਿਅਤ ਮਹਿਸੂਸ ਕੀਤਾ ਜਾਂਦਾ ਸੀ। ਹੱਥ ਧੋਣ ਲਈ ਤਾਂ ਡਾਕਟਰੀ ਵੀ ਕਹਿੰਦੇ ਹਨ ਕਿ ਸਾਨੂੰ ਬੱਚੇ ਨੂੰ ਚੁੱਕਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਧੋ ਲੈਣੇਚਾਹੀਦੇ ਹਨ।
ਇਸ ਤਰ੍ਹਾਂ ਹਰ ਵਹਿਮ ਦੇ ਨਾਲ ਕੋਈ ਨਾ ਕੋਈ ਸਚਾਈ ਕਿਸੇ ਨਾ ਕਿਸੇ ਰੂਪ ‘ਚ ਜਰੂਰ ਜੁੜੀ ਹੁੰਦੀ ਹੈ ਪਰ ਸਿਰਫ ਉਹਨਾਂ ਲੋਕਾਂ ਲਈ ਇਸ ਸਚਾਈ ਨੂੰ ਵਹਿਮ ਨਾਲ ਜੋੜਨਾਂ ਪੈਦਾ ਹੈ ਜਿਹੜੇ ਲੋਕ ਅੰਧਵਿਸ਼ਵਾਸੀ ਹੁੰਦੇ ਹਨ। ਵਾਤਾਵਰਨ ਜ਼ੇਕਰ ਸ਼ੁੱਧ ਤੇ ਸਾਫ ਹੋਵੇਗਾ ਤਾਂ ਧਰਤੀ ਹੀ ਸਵਰਗ ਬਣ ਜਾਵੇਗੀ। ਮਰਨ ਤੋਂ ਬਾਦ ਵਾਲਾ ਸਵਰਗ ਤਾ ਪਤਾ ਨਹੀਂ ਮਿਲੇਗਾ ਜਾ ਨਹੀਂ ਪਰ ਜਿਉਂਦੇ ਜੀ ਸਵਰਗ ਜਰੂਰ ਮਿਲ ਸਕੇਗਾ। ਸੋ ਵਹਿਮਾਂ ਤੋਂ ਬਚੋਂ ਵਿਗਿਆਨ ਸੋਚ ਅਪਣਾਓ ਜੈ ਵਿਗਿਆਨ।
ਹਰਚਰਨ ਕੌਰ
ਸ.ਹ.ਸ ਮਿਰਜਾਪੁਰ
ਪਟਿਆਲਾ
99158-65550