ਲਖਨਊ: ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਅਯੋਧਿਆ ‘ਚ ਭਗਵਾਨ ਰਾਮ ਦੀ ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ ਲਾਉਣ ਦਾ ਫੈਸਲਾ ਕੀਤਾ ਹੈ। ਬੁੱਤ ਦੀ ਉੱਚਾਈ251 ਮੀਟਰ ਹੋਵੇਗੀ। ਅਯੋਧਿਆ ‘ਚ ਸਰਯੂ ਦੇ ਕੰਢੇ 100 ਹੈਕਟੇਅਰ ਜ਼ਮੀਨ ‘ਤੇ ਬੁੱਤ ਦੀ ਸਥਾਪਨਾ ਕੀਤੀ ਜਾਵੇਗੀ। ਇਸ ਬਾਰੇ ਸੋਮਵਾਰ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਪ੍ਰਧਾਨਗੀ ‘ਚ ਉੱਚ ਪੱਧਰੀ ਕਮੇਟੀ ਦੀ ਬੈਠਕ ਹੋਈ।
ਇਸ ਬੈਠਕ ‘ਚ ਡਿਪਟੀ ਸੀਐਮ ਡਾ. ਦਿਨੇਸ਼ ਸ਼ਰਮਾ ਤੇ ਡਿਪਟੀ ਸੀਐਮ ਕੇਸ਼ਵ ਮੋਰੀਆ ਸਣੇ ਕੈਬਿਨਟ ਮੰਤਰੀਆਂ ਨੇ ਪ੍ਰਸਤਾਵ ‘ਤੇ ਫੈਸਲਾ ਕੀਤਾ। ਯੋਗੀ ਨੇ ਕਿਹਾ ਕਿ ਸ੍ਰੀ ਰਾਮ ਦੀ ਮੂਰਤੀ ਸਥਾਪਤ ਕਰਨ ਲਈ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਜਾਵੇ। ਇਸ ਦੇ ਵਿਕਾਸ ਲਈ ਪੂਰੀ ਯੋਜਨਾ ਤਿਆਰ ਹੋਣੀ ਚਾਹੀਦੀ ਹੈ। ਇਸ ‘ਚ ਸ੍ਰੀ ਰਾਮ ‘ਤੇ ਆਧਾਰਤ ਡਿਜੀਟਲ ਮਿਊਜ਼ੀਅਮ, ਇੰਟਰਪ੍ਰਿਟੇਸ਼ਨ ਸੈਂਟਰ, ਲਾਈਬ੍ਰੇਰੀ, ਪਾਰਕਿੰਗ, ਫੂਡ ਪਲਾਜਾ, ਲੈਂਡਸਕੇਪਿੰਗ ਦੇ ਨਾਲ ਸੈਲਾਨੀਆਂ ਨੂੰ ਹੋਰ ਸੁਵਿਧਾਵਾਂ ਦਿੱਤੀਆਂ ਜਾਣਗੀਆਂ।
ਬੈਠਕ ‘ਚ ਤੈਅ ਕੀਤਾ ਗਿਆ ਕਿ ਮੁੱਖ ਮੰਤਰੀ ਦੀ ਨੁਮਾਇੰਦਗੀ ‘ਚ ਇੱਕ ਟਰੱਸਟ ਦਾ ਨਿਰਮਾਣ ਵੀ ਕੀਤਾ ਜਾਵੇਗਾ। ਸੂਬੇ ‘ਚ ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉੱਤਰ ਪ੍ਰਦੇਸ਼ ਸਰਕਾਰ ਤਕਨੀਕੀ ਮਦਦ ਤੇ ਸੁਝਾਵਾਂ ਲਈ ਗੁਜਰਾਤ ਸਰਕਾਰ ਨਾਲ ਐਮਓਯੂ ਕਰੇਗੀ। ਇਸ ਤੋਂ ਪਹਿਲਾਂ ਸਾਈਟ ਦਾ ਜ਼ਿਓਲੋਜੀਕਲ, ਹਾਈਡ੍ਰੋਲੋਜੀਕਲ ਸਰਵੇ ਕਰਵਾਇਆ ਜਾਵੇਗਾ।
ਅਜੇ ਤਕ ਚੀਨ ‘ਚ ਗੌਤਮ ਬੁੱਧ ਦਾ ਬੁੱਤ ਸਭ ਤੋਂ ਉੱਚਾ ਹੈ ਜਿਸ ਦੀ ਉਚਾਈ 208 ਮੀਟਰ ਹੈ। ਗੁਜਰਾਤ ‘ਚ ਲੱਗੀ ਵੱਲਭ ਭਾਈ ਪਟੇਲ ਦਾ ਬੁੱਟ ਵੀ 185 ਮੀਟਰ ਲੰਬਾ ਹੈ। ਹੁਣ 251 ਮੀਟਰ ਲੰਬਾ ਸ੍ਰੀ ਰਾਮ ਦਾ ਬੁੱਤ ਸਥਾਪਤ ਕਰਨ ਤੋਂ ਬਾਅਦ ਇਹ ਦੇਸ਼ ਦੀ ਸਭ ਤੋਂ ਉੱਚੀ ਮੂਰਤ ਬਣ ਜਾਵੇਗੀ।