Delhi T20I amid pollution crisis: ਐਤਵਾਰ ਨੂੰ ਭਾਰਤ ਤੇ ਬੰਗਲਾਦੇਸ਼ ਵਿਚਾਲੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਪਹਿਲਾ ਟੀ-20 ਮੁਕਾਬਲਾ ਖੇਡਿਆ ਜਾਣਾ ਹੈ, ਜੋ ਇਸ ਸਮੇਂ ਰੱਦ ਹੋਣ ਦੀ ਕਗਾਰ ‘ਤੇ ਹੈ । ਪੂਰੇ NCR ਵਿੱਚ ਪ੍ਰਦੂਸ਼ਣ ਦਾ ਪੱਧਰ ਗੰਭੀਰ ਕੈਟਾਗਿਰੀ ਨੂੰ ਪਾਰ ਕਰ ਚੁੱਕਿਆ ਹੈ । ਜਿਸਦੇ ਚੱਲਦਿਆਂ ਵਾਤਾਵਰਣ ਪ੍ਰਦੂਸ਼ਣ ਅਥਾਰਿਟੀ ਵੱਲੋਂ ਦਿੱਲੀ-NCR ਵਿੱਚ ਹੈਲਥ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ ।
ਦਿੱਲੀ ਵਿੱਚ ਖਰਾਬ ਮੌਸਮ ਕਾਰਨ ਵਿਜ਼ੀਬਿਲਟੀ ਬੇਹੱਦ ਘੱਟ ਹੈ । ਜਿਸਨੂੰ ਦੇਖਦੇ ਹੋਏ ਮੈਚ ਰੈਫਰੀ ਇਸ ਮੁਕਾਬਲੇ ਨੂੰ ਰੱਦ ਕਰ ਸਕਦਾ ਹੈ । ਹਾਲਾਂਕਿ DDCA ਵੱਲੋਂ ਇਸ ਮੁਕਾਬਲੇ ਨੂੰ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਤੋਂ ਪਹਿਲਾਂ ਅਭਿਆਸ ਦੌਰਾਨ ਬੰਗਲਾਦੇਸ਼ੀ ਖਿਡਾਰੀ ਪ੍ਰਦੂਸ਼ਣ ਤੋਂ ਬਚਣ ਲਈ ਮਾਸਕ ਪਾ ਕੇ ਮੈਦਾਨ ਵਿੱਚ ਖੇਡਦੇ ਦਿਖਾਈ ਦਿੱਤੇ ।
ਇਸ ਸਬੰਧ ਵਿੱਚ ਬੰਗਲਾਦੇਸ਼ ਦੇ ਕੋਚ ਰਸੇਲ ਡੋਮਿੰਗੋ ਵੱਲੋਂ ਪ੍ਰਦੂਸ਼ਿਤ ਵਾਤਾਵਰਣ ਨੂੰ ਲੈ ਕੇ ਕਿਹਾ ਗਿਆ ਸੀ ਕਿ ਉਹ ਆਪਣੀ ਅੱਖਾਂ ਵਿੱਚ ਕੁਝ ਤਕਲੀਫ ਤੇ ਗਲੇ ਵਿੱਚ ਖਰਾਸ਼ ਵਰਗੀਆਂ ਸਮੱਸਿਆਵਾਂ ਮਹਿਸੂਸ ਕਰ ਰਹੇ ਹਨ, ਪਰ ਇੱਥੇ ਹਾਲਾਤ ਅਜਿਹੇ ਵੀ ਨਹੀਂ ਹਨ ਕਿ ਕੋਈ ਬੀਮਾਰ ਹੋ ਜਾਵੇ ਜਾਂ ਕਿਸੇ ਦੀ ਜਾਨ ਤੇ ਬਣ ਆਵੇ ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 2017 ਵਿੱਚ ਸ਼੍ਰੀਲੰਕਾ ਟੀਮ ਜਦੋਂ ਇਸੇ ਮੈਦਾਨ ਵਿੱਚ ਟੈਸਟ ਮੈਚ ਖੇਡ ਰਹੀ ਸੀ ਤਾਂ ਉਸ ਟੀਮ ਨੂੰ ਵੀ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਸੀ । ਉਸ ਸਮੇਂ ਸ਼੍ਰੀਲੰਕਾ ਟੀਮ ਨੂੰ ਸਿਹਤ ਸਬੰਧੀ ਸਮੱਸਿਆਵਾਂ ਨੂੰ ਲੈ ਕੇ 2 ਵਾਰ ਖੇਡ ਰੋਕਣਾ ਪਿਆ ਸੀ । ਜਿਸ ਵਿੱਚ ਸ਼੍ਰੀਲੰਕਾਈ ਖਿਡਾਰੀਆਂ ਨੂੰ ਸਾਹ ਲੈਣ ਵਿੱਚ ਵੀ ਤਕਲੀਫ ਹੋਣ ਲੱਗ ਗਈ ਸੀ । ਜਿਸਦੇ ਚੱਲਦਿਆਂ ਕੁਝ ਖਿਡਾਰੀ ਡ੍ਰੈਸਿੰਗ ਰੂਪ ਵਿੱਚ ਪਹੁੰਚ ਕੇ ਡਿੱਗ ਗਏ ਸਨ ।