ਫ਼ੌਜ ਦੇ ਦੋ ਸਾਬਕਾ ਉੱਪ–ਮੁਖੀਆਂ ਸਮੇਤ ਸੱਤ ਸੇਵਾ–ਮੁਕਤ (ਰਿਟਾਇਰਡ) ਅਧਿਕਾਰੀ ਅੱਜ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਦੀ ਮੌਜੂਦਗੀ ਵਿੱਚ ਭਾਜਪਾ ’ਚ ਸ਼ਾਮਲ ਹੋ ਗਏ। ਰੱਖਿਆ ਮੰਤਰੀ ਨੇ ਸਾਬਕਾ ਫ਼ੌਜੀਆਂ ਦਾ ਪਾਰਟੀ ਵਿੱਚ ਸੁਆਗਤ ਕਰਦਿਆਂ ਕਿਹਾ ਕਿ ਰਾਸ਼ਟਰ ਦੀ ਸੇਵਾ ਕਰਨ ਵਾਲੇ ਅਜਿਹੇ ਸੀਨੀਅਰ ਸਾਬਕਾ ਫ਼ੌਜੀਆਂ ਦੀ ਮੌਜੂਦਗੀ ਤੋਂ ਭਾਜਪਾ ਨੂੰ ਫ਼ਾਇਦਾ ਹੋਵੇਗਾ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਸਾਰੇ ਰਿਟਾਇਰਡ ਫ਼ੌਜੀ ਅਧਿਕਾਰੀ ਰਾਸ਼ਟਰੀ ਸੁਰੱਖਿਆ ਤੇ ਰਾਸ਼ਟਰ ਨਿਰਮਾਣ ਨਾਲ ਜੁੜੀਆਂ ਨੀਤੀਆਂ ਵਿੱਚ ਮਾਰਗ–ਦਰਸ਼ਨ ਕਰ ਸਕਦੇ ਹਨ।
ਫ਼ੌਜ ਦੇ ਦੋ ਸਾਬਕਾ ਉੱਪ–ਮੁਖੀ ਲੈਫ਼ਟੀਨੈਂਟਅ ਜਨਰਲ ਜੇਬੀਐੱਸ ਯਾਦਵ ਤੇ ਲੈਫ਼ਟੀਨੈਂਟ ਜਨਰਲ ਐੱਸਕੇ ਪਟਿਆਲ ਪਾਰਟੀ ਵਿੱਚ ਸ਼ਾਮਲ ਹੋਏ ਹਨ। ਸ੍ਰੀ ਯਾਦਵ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਸਾਬਕਾ ਫ਼ੌਜੀ ਵੀ ਦੇਸ਼ ਦੀ ਸੇਵਾ ਕਰਨੀ ਚਾਹੁੰਦੇ ਹਨ। ਅਸੀਂ ਭਾਵੇਂ ਸੇਵਾ–ਮੁਕਤ ਹੋ ਗਏ ਹੋਈਏ ਪਰ ਅਸੀਂ ਹੰਭੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਰੱਖਿਅਤ ਤੇ ਸਮਰੱਥ ਹੱਥਾਂ ਵਿੱਚ ਹੈ।
ਫ਼ੌਜੀ ਖ਼ੁਫ਼ੀਆ ਵਿਭਾਗ ਦੇ ਸਾਬਕਾ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਜਨਰਲ ਆਰਐੱਨ ਸਿੰਘ, ਫ਼ੌਜ ਦੀਆਂ ਸੂਚਨਾ ਸੇਵਾਵਾਂ ਤੇ ਆਈਟੀ ਦੇ ਸਾਬਕਾ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਜਨਰਲ ਸੁਨੀਤ ਕੁਮਾਰ ਤੇ ਫ਼ੌਜੀ ਹੈੱਡਕੁਆਰਟਰਜ਼ ਵਿਖੇ ਸਿਗਨਲ ਆਫ਼ੀਸਰ–ਇਨ–ਚੀਫ਼ ਦੇ ਰੂਪ ਵਿੱਚ ਕੰਮ ਕਰ ਚੁੱਕੇ ਲੈਫ਼ਟੀਨੈਂਟ ਜਨਰਲ ਨਿਤਿਨ ਕੋਹਲੀ ਵੀ ਪਾਰਟੀ ’ਚ ਸ਼ਾਮਲ ਹੋਏ ਹਨ। ਇਸ ਤੋਂ ਇਲਾਵਾ ਕਰਨਲ ਆਰਕੇ ਸਿੰਘ ਤੇ ਵਿੰਗ ਕਮਾਂਡਰ (ਸੇਵਾ–ਮੁਕਤ) ਨਵਨੀਤ ਮੇਗਨ ਵੀ ਭਾਜਪਾ ’ਚ ਸ਼ਾਮਲ ਹੋਏ।