ਇਹ ਸੱਚਾਈ ਸੁਣ ਕੇ ਸ਼ਾਇਦ ਕਿਸੇ ਨੂੰ ਯਕੀਨ ਨਾ ਆਵੇ ਪਰ ਇਹ ਹਕੀਕਤ ਹੈ ਕਿ ਸੋਸ਼ਲ ਮੀਡੀਆ ਉੱਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਛਾਂਹ ਛੱਡ ਦਿੱਤਾ ਹੈ। ਟਵਿਟਰ ਉੱਤੇ ਕੀਤੇ ਗਏ ਟਵੀਟਸ ਦੀ ਹਰਮਨਪਿਆਰਤਾ ਵਿੱਚ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਢਾਈ ਗੁਣਾ ਅੱਗੇ ਹਨ।
ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ‘ਇੰਡੀਆ ਟੂਡੇ’ ਦੀ ਡਾਟਾ ਇੰਟੈਲੀਜੈਂਸ ਯੂਨਿਟ ਨੇ ਲੋਕ ਸਭਾ ਸੰਸਦ ਮੈਂਬਰਾਂ ਤੇ ਦੇਸ਼ ਦੇ ਮੰਤਰੀਆਂ ਦੇ ਟਵਿਟਰ ਦਾ ਰਿਕਾਰਡ ਖੰਗਾਲ਼ਿਆ। ਪਹਿਲੀ ਅਕਤੂਬਰ, 2018 ਤੋਂ ਲੈ ਕੇ 30 ਅਪ੍ਰੈਲ, 2019 ਤੱਕ ਦੇ ਟਵੀਟਸ ਦਾ ਮੁਲਾਂਕਣ ਕੀਤਾ ਗਿਆ। ਟਵਿਟਰ ਉੱਤੇ ਦੇਸ਼ ਦੇ ਸਭ ਤੋਂ ਹਰਮਨਪਿਆਰੇ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਪਰ ਟਵੀਟ ਦੇ ਮਾਮਲੇ ਵਿੱਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਉਨ੍ਹਾਂ ਤੋਂ ਕਾਫ਼ੀ ਅੱਗੇ ਹਨ।
ਰਾਹੁਲ ਗਾਂਧੀ ਦਾ ਟਵੀਟ ਔਸਤਨ 7661 ਵਾਰ ਰੀਟਵੀਟ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ ਔਸਤਨ 2984 ਵਾਰ ਰੀਟਵੀਟ ਕੀਤਾ ਜਾਂਦਾ ਹੈ। ਸਭ ਤੋਂ ਵੱਧ ਰੀਟਵੀਟ ਅਦੇ ਮਾਮਲੇ ਵਿੱਚ ਰਾਹੁਲ ਤੇ ਮੋਦੀ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਵਿੱਤ ਮੰਤਰੀ ਅਰੁਣ ਜੇਟਲੀ ਦਾ ਨੰਬਰ ਆਉਂਦਾ ਹੈ।