ਨਵੀਂ ਦਿੱਲੀ: ਰਾਜ ਸਭਾ ਵਿੱਚ UAPA ਬਿੱਲ ਪਾਸ ਕਰ ਦਿੱਤਾ ਗਿਆ ਹੈ। ਇਸ ਦੇ ਸਮਰਥਨ ਵਿੱਚ 147 ਤੇ ਵਿਰੋਧ ਵਿੱਚ 42 ਵੋਟਾਂ ਪਈਆਂ। ਇਸ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦੀ ਤਜਵੀਜ਼ ਵੀ ਰੱਖੀ ਗਈ ਸੀ, ਪਰ ਇਸ ਦੇ ਹੱਕ ਵਿੱਚ 85 ਵੋਟਾਂ ਤੇ ਵਿਰੋਧ ਵਿੱਚ ਵਿੱਚ 104 ਵੋਟਾਂ ਪੈਣ ਕਰਕੇ ਇਸ ਨੂੰ ਰੱਦ ਕਰ ਦਿੱਤਾ ਗਿਆ। ਰਾਜ ਸਭਾ ਦੀ ਕਾਰਵਾਈ ਦੁਪਹਿਰ 2.30 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਰਾਜ ਸਭਾ ਵਿੱਚ ਇਸ ਬਿੱਲ ‘ਤੇ ਚਰਚਾ ਕੀਤੀ ਗਈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿੱਲ ਵਿੱਚ ਸੋਧ ਦਾ ਮਹੱਤਵ ਦੱਸਦਿਆਂ ਅੱਤਵਾਦ ‘ਤੇ ਸਖ਼ਤੀ ਵਰਤਣ ਦੀ ਗੱਲ ਕਹੀ। ਇਸ ਦੌਰਾਨ ਉਨ੍ਹਾਂ ਸਮਝੌਤਾ ਐਕਸਪ੍ਰੈਸ ਮਾਮਲੇ ਦੀ ਗੱਲ ਕਰਦਿਆਂ ਵਿਰੋਧੀ ਧਿਰ ‘ਤੇ ਨਿਸ਼ਾਨਾ ਵੀ ਸਾਧਿਆ। ਉਨ੍ਹਾਂ ਕਿਹਾ ਕਿ ਕਈ ਮਾਮਲਿਆਂ ਵਿੱਚ ਅੱਤਵਾਦ ਨੂੰ ਧਰਮ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਸਮਝੌਤਾ ਐਕਸਪ੍ਰੈਸ ਮਾਮਲੇ ਵਿੱਚ ਵੀ ਧਰਮ ਵਿਸ਼ੇਸ਼ ‘ਤੇ ਨਿਸ਼ਾਨਾ ਸਾਧਿਆ ਗਿਆ ਪਰ ਮਾਮਲੇ ਵਿੱਚ ਮੁਲਜ਼ਮ ਨਿਰਦੋਸ਼ ਸਾਬਤ ਹੋਇਆ।
ਗ੍ਰਹਿ ਮੰਤਰੀ ਨੇ ਕਿਹਾ ਕਿ ਸਰਕਾਰੀ ਏਜੰਸੀਆਂ ਨੂੰ ਇੰਨੀ ਸ਼ਕਤੀ ਦੇਣ ਤੇ ਉਸ ਦੇ ਦੁਰਉਪਯੋਗ ‘ਤੇ ਸ਼ੰਕੇ ਜਤਾਏ ਗਏ ਹਨ। ਇਸ ਬਿੱਲ ਦੀ ਸੋਧ ਵਿੱਚ ਕਿਸ ਨੂੰ ਅੱਤਵਾਦੀ ਐਲਾਨ ਸਕਦੇ ਹਾਂ, ਇਸ ਦੀ ਪੂਰੀ ਵਿਵਸਥਾ ਕੀਤੀ ਗਈ ਹੈ। ਪਰ ਇਵੇਂ ਹੀ ਕਿਸੇ ਨੂੰ ਅੱਤਵਾਦੀ ਨਹੀਂ ਐਲਾਨਿਆ ਜਾ ਸਕਦਾ।