40.89 F
New York, US
February 28, 2021
PreetNama
ਸਮਾਜ/Social

ਮੰਤਰੀ ਦਾ ਵਤੀਰਾ

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਬੁੱਧਵਾਰ ਨੂੰ ਲੁਧਿਆਣਾ ਜ਼ਿਲ੍ਹੇ ਦੀ ਇਕ ਮਹਿਲਾ ਅਧਿਕਾਰੀ ਨੂੰ ਜ਼ਲੀਲ ਕਰ ਕੇ ਖ਼ੁਦ ਦੇ ਸੱਤਾ ਦੇ ਨਸ਼ੇ ‘ਚ ਚੂਰ ਹੋਣ ਦਾ ਸਬੂਤ ਦੇ ਦਿੱਤਾ। ਬਿਨਾਂ ਸ਼ੱਕ ਆਸ਼ੂ ਦਾ ਇਕ ਮਹਿਲਾ ਅਧਿਕਾਰੀ ਨਾਲ ਅਜਿਹਾ ਵਿਵਹਾਰ ਸ਼ਰਮਿੰਦਗੀ ਦਾ ਬਾਇਸ ਹੈ। ਦੂਜੇ ਪਾਸੇ ਆਸ਼ੂ ਦੀ ਇਸ ਹਰਕਤ ਨੇ ਸਰਕਾਰੀ ਨੌਕਰੀ ਕਰਨ ਵਾਲੇ ਮੁਲਾਜ਼ਮ ਅਤੇ ਅਧਿਕਾਰੀ ਵਰਗ ਨੂੰ ਪਰੇਸ਼ਾਨ ਕਰ ਕੇ ਰੱਖ ਦਿੱਤਾ ਹੈ। ਇਸ ਨਾਲ ਨਾ ਸਿਰਫ਼ ਭਾਰਤ ਭੂਸ਼ਣ ਆਸ਼ੂ ਬਲਕਿ ਸੂਬੇ ਦੀ ਕਾਂਗਰਸ ਸਰਕਾਰ ਦੀ ਵੀ ਵੱਡੀ ਕਿਰਕਿਰੀ ਹੋ ਰਹੀ ਹੈ। ਸੋਸ਼ਲ ਮੀਡੀਆ ਦੇ ਇਸ ਦੌਰ ‘ਚ ਕੈਬਨਿਟ ਮੰਤਰੀ ਦੀ ਇਹ ਹਰਕਤ ਮਿੰਟਾਂ-ਸਕਿੰਟਾਂ ਵਿਚ ਹੀ ਵਾਇਰਲ ਹੋ ਗਈ। ਭਾਵੇਂ ਸਿੱਖਿਆ ਅਫਸਰ ਨੇ ਘਟਨਾ ਤੋਂ ਬਾਅਦ ਚੁੱਪ ਵੱਟ ਲਈ ਪਰ ਮੁਲਾਜ਼ਮ ਵਰਗ ਰੋਹ ਵਿਚ ਹੈ। ਸੂਬੇ ਦੀਆਂ ਅਧਿਆਪਕ ਤੇ ਮੁਲਾਜ਼ਮ ਜੱਥੇਬੰਦੀਆਂ ਨੇ ਇਸ ਘਟਨਾ ਦੀ ਨਿਖੇਧੀ ਕਰਦੇ ਹੋਏ ਆਸ਼ੂ ਦੇ ਅਸਤੀਫੇ ਦੀ ਮੰਗ ਕੀਤੀ ਹੈ। ਚੋਣਾਂ ਦੇ ਇਸ ਮੌਸਮ ਵਿਚ ਆਸ਼ੂ ਦੀ ਇਹ ਹਰਕਤ ਸਰਕਾਰ ਲਈ ਪਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ। ਇਸ ਲਈ ਚਾਹੀਦਾ ਇਹ ਹੈ ਕਿ ਮੁੱਖ ਮੰਤਰੀ ਖ਼ੁਦ ਇਸ ਮਾਮਲੇ ਵਿਚ ਦਖ਼ਲ ਦਿੰਦੇ ਹੋਏ ਮੰਤਰੀ ਖ਼ਿਲਾਫ਼ ਕਾਰਵਾਈ ਕਰਨ। ਦਰਅਸਲ, ਇਹ ਇਸ ਤਰ੍ਹਾਂ ਦੀ ਕੋਈ ਪਹਿਲਾ ਘਟਨਾ ਨਹੀਂ ਹੈ ਜਦੋਂ ਕਿਸੇ ਸਰਕਾਰੀ ਅਧਿਕਾਰੀ ਜਾਂ ਮੁਲਾਜ਼ਮ ਨੂੰ ਜਨਤਕ ਤੌਰ ‘ਤੇ ਜ਼ਲੀਲ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਇਕ ਕੈਬਨਿਟ ਨੇ ਇਕ ਮਹਿਲਾ ਅਧਿਕਾਰੀ ਨਾਲ ਬਦਤਮੀਜ਼ੀ ਕੀਤੀ ਸੀ। ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਵੀ ਇਕ ਮਹਿਲਾ ਪੁਲਿਸ ਅਧਿਕਾਰੀ ਨਾਲ ਟੈਲੀਫੋਨ ‘ਤੇ ਮਾੜੀ ਭਾਸ਼ਾ ਦਾ ਇਸਤੇਮਾਲ ਕੀਤਾ ਸੀ। ਇਸੇ ਤਰ੍ਹਾਂ ਜਲੰਧਰ ਵਿਚ ਵਿਧਾਇਕ ਸੁਸ਼ੀਲ ਰਿੰਕੂ ਨੇ ਨਾਜਾਇਜ਼ ਕਬਜ਼ੇ ਹਟਾਉਣ ਗਈ ਨਗਰ ਨਿਗਮ ਦੀ ਮਹਿਲਾ ਅਫਸਰ ਨਾਲ ਬਦਸਲੂਕੀ ਕੀਤੀ ਸੀ ਜਿਸ ਕਾਰਨ ਵਿਧਾਇਕ ਦੀ ਕਾਫੀ ਕਿਰਕਿਰੀ ਹੋਈ ਸੀ। ਇਹੋ ਨਹੀਂ, ਕਈ ਅਧਿਕਾਰੀਆਂ ਵੱਲੋਂ ਵੀ ਹੇਠਲੇ ਮੁਲਾਜ਼ਮਾਂ ਨੂੰ ਨਵੇਂ-ਨਵੇਂ ਫਰਮਾਨਾਂ ਨਾਲ ਪਰੇਸ਼ਾਨ ਕਰਨ ਦੀਆਂ ਘਟਨਾਵਾਂ ਦੀਆਂ ਵੀਡੀਓਜ਼ ਆਮ ਹੀ ਵਾਇਰਲ ਹੋ ਰਹੀਆਂ ਹਨ। ਮੰਤਰੀਆਂ, ਵਿਧਾਇਕਾਂ, ਨੌਕਰਸ਼ਾਹਾਂ ਦਾ ਅਜਿਹਾ ਵਤੀਰਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਕਿਹਾ ਜਾ ਸਕਦਾ। ਇਸ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਵੇਲੇ ਵੀ ਮੁਲਾਜ਼ਮਾਂ ਤੇ ਅਧਿਕਾਰੀਆਂ ਨਾਲ ਅਜਿਹਾ ਵਰਤਾਰਾ ਆਮ ਸੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਜਿਹਾ ਹੋ ਕਿਉਂ ਰਿਹਾ ਹੈ? ਮਾਨਸਿਕ ਰੋਗਾਂ ਦੇ ਮਾਹਿਰਾਂ ਮੁਤਾਬਕ ਦਰਅਸਲ ਜਦੋਂ ਕੁਝ ਲੋਕਾਂ ਨੂੰ ਉਨ੍ਹਾਂ ਦੀ ਹੈਸੀਅਤ ਤੋਂ ਵੱਧ ਮਿਲ ਜਾਂਦਾ ਹੈ ਜਾਂ ਫਿਰ ਉਨ੍ਹਾਂ ਨੂੰ ਆਪਣੇ ਹੋਣ ਦਾ ਕੁਝ ਭਰਮ ਹੋ ਜਾਵੇ ਤਾਂ ਉਨ੍ਹਾਂ ਦੇ ਸੁਭਾਅ ਜਾਂ ਵਤੀਰੇ ‘ਚ ਅਜਿਹੇ ਵਿਗਾੜ ਆ ਜਾਂਦੇ ਹਨ। ਜਨਤਕ ਜ਼ਿੰਦਗੀ ਵਿਚ ਅਜਿਹੇ ਵਿਗਾੜ ਆ ਜਾਣਾ ਕੁਦਰਤੀ ਵਰਤਾਰਾ ਹੈ। ਮੌਜੂਦਾ ਸਿਆਸੀ ਤੇ ਸਮਾਜਿਕ ਪ੍ਰਬੰਧ ਦੀਆਂ ਬੁਰਾਈਆਂ ਦੀ ਵਜ੍ਹਾ ਕਾਰਨ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਬਿਨਾਂ ਸ਼ੱਕ ਅਜਿਹਾ ਵਤੀਰਾ ਬਰਦਾਸ਼ਤ ਕਰਨ ਵਾਲਾ ਨਹੀਂ ਹੁੰਦਾ ਪਰ ਘਰ-ਪਰਿਵਾਰ ਤੇ ਰੁਜ਼ਗਾਰ ਦੀਆਂ ਮਜਬੂਰੀਆਂ ਸਭ ਕੁਝ ਬਰਦਾਸ਼ਤ ਕਰਵਾਈ ਜਾ ਰਹੀਆਂ ਹਨ। ਇਕ ਹੋਰ ਗੱਲ ਇਹ ਹੈ ਕਿ ਕਿਸੇ ਤਕੜੇ ਬੰਦੇ ਖ਼ਿਲਾਫ਼ ਖੜ੍ਹਨ ਜਾਂ ਲੜਨ ਦੀ ਹਿੰਮਤ ਵੀ ਵਿਰਲਿਆਂ ‘ਚ ਹੀ ਹੁੰਦੀ ਹੈ ਕਿਉਂਕਿ ਇਸ ਪ੍ਰਬੰਧ ਵਿਚ ਇਨਸਾਫ਼ ਲੈਣ ਲਈ ਸਾਲਾਂਬੱਧੀ ਭਟਕਣਾ ਪੈਂਦਾ ਹੈ ਜੋ ਆਮ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੁੰਦੀ। ਕਿਸੇ ਮਹਿਲਾ ਨਾਲ ਦੁਰਵਿਵਹਾਰ ਕਰਨਾ ਸਿਹਤਮੰਦ ਸੱਭਿਆਚਾਰ ਦੀ ਨਿਸ਼ਾਨੀ ਨਹੀਂ ਹੁੰਦਾ। ਨੌਕਰਸ਼ਾਹਾਂ ਤੇ ਸਿਆਸਤਦਾਨਾਂ ਨੂੰ ਚਾਹੀਦਾ ਹੈਕਿ ਉਹ ਕਿਸੇ ਵੀ ਸੂਰਤ ਵਿਚ ਹਲੀਮੀ ਦਾ ਪੱਲਾ ਨਾ ਛੱਡਣ।

Related posts

ਮਲਵਈ ਗਿੱਧੇ ਦੀ ਸ਼ਾਨ (ਜੰਟਾ ਬਰਾੜ)

Preet Nama usa

ਅਣਭੋਲ ਸੱਜਣ ਨਾ ਕਦੇ ਸਮਝਿਆ

Preet Nama usa

ਸਪਾਂਸਰਡ ਅੱਤਵਾਦ ’ਤੇ ਪਾਕਿਸਤਾਨ ਨੂੰ ਬੇਨਕਾਬ ਕਰ ਰਹੇ ਕੈਨੇਡਾ ਦੇ ਹਿੰਦੂ, ਕਸ਼ਮੀਰੀ ਪੰਡਤਾਂ ਦੇ ਕਤਲੇਆਮ ’ਤੇ ਛੇੜੀ ਮੁਹਿੰਮ

On Punjab
%d bloggers like this: