ਫ਼ਿਲਮ ਅਦਾਕਾਰ ਤੇ ਡਾਂਸ ਰੀਐਲਿਟੀ ਸ਼ੋ ‘ਸੁਪਰ–ਡਾਂਸਰ ਚੈਪਟਰ 3’ ਵਿੱਚ ਮਿਥੁਨ ਚੱਕਰਵਰਤੀ ਗੈਸਟ ਬਣ ਕੇ ਪੁੱਜੇ। ਮਿਥੁਨ ਲਈ ਡਾਂਸ ਸ਼ੋਅ ਦੇ ਥੀਮ ‘ਦਿ ਡਿਸਕੋ ਡਾਂਸਰ’ ਰੱਖਿਆ ਗਿਆ ਸੀ। ਮਿਥੁਨ ਨੇ ਬੱਚਿਆਂ ਦੀ ਪਰਫ਼ਾਰਮੈਂਸ ਦਾ ਖ਼ੂਬ ਆਨੰਦ ਮਾਣਿਆ ਤੇ ਨਾਲ ਹੀ ਕਈ ਦਿਲਚਸਪ ਕਿੱਸੇ ਵੀ ਸੁਣਾਏ। ਇਸੇ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ‘ਪਾਪਾ’ ਕਹਿ ਕੇ ਨਹੀਂ ਸੱਦਦੇ।
ਦਰਅਸਲ ਸ਼ੋਅ ਵਿੱਚ ਇੱਕ ਭਾਗੀਦਾਰ ਭਾਵ ਉਮੀਦਵਾਰ ਨੇ ਦੱਸਿਆ ਕਿ ਉਹ ਆਪਣੇ ਪਾਪਾ ਨੂੰ ਬਹੁਤ ਪਿਆਰ ਕਰਦਾ ਹੈ ਤੇ ਇਹੋ ਕਾਰਨ ਹੈ ਕਿ ਉਹ ਆਪਣੇ ਪਾਪਾ ਨੂੰ ‘ਬ੍ਰੋਅ’ (ਭਾਵ ਬ੍ਰਦਰ ਜਾਂ ਭਰਾ) ਕਹਿ ਕੇ ਸੱਦਦੇ ਹਨ। ਉਮੀਦਵਾਰ ਦੀ ਇਹ ਗੱਲ ਸੁਣ ਕੇ ਮਿਥੁਨ ਨੇ ਦੱਸਿਆ ਕਿ ਇਹੋ ਉਨ੍ਹਾਂ ਦੇ ਬੱਚਿਆਂ ਦਾ ਹਾਲ ਹੈ। ਉਨ੍ਹਾਂ ਕਿਹਾ ਕਿ ਉਹ ਤਿੰਨ ਪੁੱਤਰਾਂ ਤੇ ਇੱਕ ਧੀ ਦੇ ਪਿਤਾ ਹਨ ਅਤੇ ‘ਸਾਰੇ ਮੈਨੂੰ ਪਾਪਾ ਨਹੀਂ, ਸਗੋਂ ਮਿਥੁਨ ਕਹਿ ਕੇ ਸੱਦਦੇ ਹਨ।’
ਮਿਥੁਨ ਦੀ ਇਹ ਗੱਲ ਸੁਣ ਕੇ ਸ਼ੋਅ ਦੇ ਜੱਜ ਗੀਤਾ ਕਪੂਰ ਵੀ ਥੋੜ੍ਹਾ ਹੈਰਾਨ ਹੋਏ ਤੇ ਉਨ੍ਹਾਂ ਇਸ ਪਿੱਛੇ ਦੀ ਵਜ੍ਹਾ ਪੁੱਛੀ, ਤਾਂ ਮਿਥੁਨ ਨੇ ਦੱਸਿਆ,‘ਜਦੋਂ ਮਿਮੋਹ ਪੈਦਾ ਹੋਇਆ, ਤਾਂ ਚਾਰ ਸਾਲਾਂ ਤੱਕ ਉਹ ਬੋਲਣ ਨਹੀਂ ਲੱਗਾ ਸੀ। ਸਿਰਫ਼ ਕੁਝ ਅੱਖਰ ਹੀ ਬੋਲਦਾ ਸੀ। ਇੱਕ ਦਿਨ ਅਸੀਂ ਉਸ ਨੂੰ ‘ਮਿਥੁਨ’ ਬੋਲਣ ਲਈ ਕਿਹਾ, ਤਾਂ ਉਹ ਸ਼ਬਦ ਉਸ ਨੇ ਬੋਲ ਦਿੱਤਾ। ਇਹ ਗੱਲ ਜਦੋਂ ਮਿਮੋਹ ਦੇ ਡਾਕਟਰ ਨੂੰ ਪਤਾ ਚੱਲੀ, ਤਾਂ ਉਨ੍ਹਾਂ ਕਿਹਾ ਕਿ ਇਹ ਬਹੁਤ ਵਧੀਆ ਹੈ ਤੇ ਮਿਮੋਹ ਨੂੰ ਮਿਥੁਨ ਬੋਲਣ ਲਈ ਹੱਲਾਸ਼ੇਰੀ ਦੇਵੋ।’