ਜ਼ਿੰਦਗੀ ਇਕ ਪਾਠਸ਼ਾਲਾ ਵਾਂਗ ਹੈ। ਅਸੀਂ ਇਸ ਧਰਤੀ ’ਤੇ ਸਭ ਵਿਦਿਆਰਥੀ ਹਾਂ ਅਤੇ ਮੁਸ਼ਕਲਾਂ ਸਾਡੇ ਪਾਠਕ੍ਰਮ ਦਾ ਜ਼ਰੂਰੀ ਅੰਗ ਹਨ। ਜਿਹੜਾ ਮੁਸ਼ਕਲਾਂ ਦੇ ਪਾਠਕ੍ਰਮ ਨੂੰ ਚੰਗੀ ਤਰ੍ਹਾਂ ਪੜ੍ਹ ਲੈਂਦਾ ਹੈ, ਉਹ ਇਸ ਜ਼ਿੰਦਗੀ ਰੂਪੀ ਬੇੜੀ ਨੂੰ ਆਸਾਨੀ ਨਾਲ ਪਾਰ ਲਿਜਾ ਸਕਦਾ ਹੈ। ਦਰਅਸਲ ਮੁਸ਼ਕਲਾਂ ਤੋਂ ਨਜ਼ਰਾਂ ਫੇਰਨ ਨਾਲ ਇਹ ਹੋਰ ਵੀ ਵੱਡੀਆਂ ਹੋ ਜਾਂਦੀਆਂ ਹਨ। ਇਸ ਲਈ ਸਾਨੂੰ ਮੁਸੀਬਤਾਂ ਦਾ ਸਾਹਮਣਾ ਹਿੰਮਤ ਨਾਲ ਕਰਨਾ ਚਾਹੀਦਾ ਹੈ।
ਕਈ ਵਾਰ ਕੀ ਹੁੰਦਾ ਹੈ ਕਿ ਮੁਸੀਬਤਾਂ ਵਿਚ ਘਿਰਿਆ ਮਨੁੱਖ ਇਕੱਲਾ ਰਹਿਣਾ ਪਸੰਦ ਕਰਦਾ ਹੈ। ਇਸ ਕਾਰਨ ਉਸ ਦਾ ਮਾਨਸਿਕ ਤਣਾਅ ਹੋਰ ਵੀ ਵਧ ਜਾਂਦਾ ਹੈ ਕਿਉਂਕਿ ਉਹ ਹਰ ਵਕਤ ਸੋਚਾਂ ਦੀ ਘੁੰਮਣ ਘੇਰੀ ਵਿਚ ਘਿਰਿਆ ਰਹਿੰਦਾ ਹੈ। ਇਨ੍ਹਾਂ ਸੋਚਾਂ ਵਿਚ ਡੁੱਬਿਆ ਕਈ ਵਾਰ ਉਹ ਮੁਸ਼ਕਲਾਂ ਤੋਂ ਛੁਟਕਾਰਾ ਪਾਉਣ ਲਈ ਇੱਕੋ ਹੱਲ ਆਪਣਾ ਜੀਵਨ ਸਮਾਪਤ ਕਰਨਾ ਸਮਝਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਦੁੱਖ ਸਾਂਝਾ ਕਰੀਏ।
ਡਾ. ਸਿਗਮੰਡ ਫਰਾਇਡ ਵੀ ਕਹਿੰਦੇ ਹਨ ਕਿ ‘ਸਮੱਸਿਆ ਜਾਂ ਮਾਨਸਿਕ ਪਰੇਸ਼ਾਨੀ ਕਿਸੇ ਨਾਲ ਸਾਂਝੀ ਕਰਨ ਨਾਲ ਹੱਲ ਹੋ ਜਾਂਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਅਗਲੇ ਕੋਲ ਇਸ ਦਾ ਹੱਲ ਹੁੰਦਾ ਹੈ ਸਗੋਂ ਦੂਜੇ ਨਾਲ ਗੱਲ ਕਰਨ ਸਮੇਂ ਅਸੀਂ ਇਸ ਸਮੱਸਿਆ ਨੂੰ ਪਰਿਭਾਸ਼ਿਤ ਕਰ ਲੈਂਦੇ ਹਾਂ ਅਤੇ ਹੱਲ ਸਾਡੇ ਅੰਦਰ ਹੀ ਮੌਜੂਦ ਹੁੰਦਾ ਹੈ।’ ਅਜਿਹੀ ਯੋਗਤਾ ਵਾਲੇ ਲੋਕ ਮੁਸੀਬਤ ਆਉਣ ਸਮੇਂ ਡਰਦੇ ਨਹੀਂ ਸਗੋਂ ਆਪਣੀ ਯੋਗਤਾ ਅਤੇ ਕਲਾ ਦੀ ਪਰਖ ਕਰਦੇ ਹਨ ਕਿ ਉਨ੍ਹਾਂ ਵਿਚ ਸਮੱਸਿਆ ਦਾ ਸਾਹਮਣਾ ਕਰਨ ਦੀ ਕਿੰਨੀ ਕੁ ਸਮਰੱਥਾ ਹੈ। ਆਪਣੀਆਂ ਕਮਜ਼ੋਰੀਆਂ ਦੀ ਪਛਾਣ ਕਰ, ਉਨ੍ਹਾਂ ਦਾ ਸੁਧਾਰ ਕਰ ਕੇ ਉਹ ਆਪਣੀ ਯੋਗਤਾ ਅਤੇ ਮਿਹਨਤ ਨਾਲ ਮਿੱਥੇ ਹੋਏ ਟੀਚੇ ਨੂੰ ਆਸਾਨੀ ਨਾਲ ਪੂਰਾ ਕਰ ਲੈਂਦੇ ਹਨ।
ਦਰਅਸਲ ਕੋਈ ਵੀ ਮੁਸ਼ਕਲ ਆਉਣ ’ਤੇ ਸਭ ਤੋਂ ਪਹਿਲਾਂ ਉਸ ਦੇ ਕਾਰਨਾਂ ਦੀ ਚੰਗੀ ਤਰ੍ਹਾਂ ਪੜਤਾਲ ਕਰੋ। ਇਸ ਤੋਂ ਬਾਅਦ ਠੰਢੇ ਦਿਮਾਗ਼ ਨਾਲ ਉਸ ਦਾ ਹੱਲ ਸੋਚੋ। ਕਈ ਵਾਰ ਛੋਟੀਆਂ ਮਸ਼ਕਲਾਂ ਨੂੰ ਹੀ ਅਸੀਂ ਪਹਾੜ ਵਾਂਗ ਸਮਝ ਲੈਂਦੇ ਹਾਂ ਜਦੋਂਕਿ ਉਸ ਨੂੰ ਆਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ, ਕੇਵਲ ਸਾਡੇ ਵਿਚ ਉਸ ਨੂੰ ਸਮਝਣ ਦੀ ਯੋਗਤਾ, ਹਿੰਮਤ, ਮਜ਼ਬੂਤ ਇਰਾਦਾ ਤੇ ਸਹਿਣਸ਼ੀਲਤਾ ਦੀ ਸਮਰੱਥਾ ਹੋਣੀ ਚਾਹੀਦੀ ਹੈ।