ਪੰਜਾਬ ਰੋਡਵੇਜ਼, ਪਨਬੱਸ ਕੰਟਰੈਕਟ ਵਰਕਰ ਯੂਨੀਅਨ ਦੇ ਸੱਦੇ ਤੇ ਪੰਜਾਬ ਰੋਡਵੇਜ਼ ਦੇ 18 ਡਿਪੂਆਂ ਵਿਚ ਦਿੱਤੇ ਗਏ ਪ੍ਰੋਗਰਾਮਾਂ ਅਨੁਸਾਰ ਗੇਟ ਰੈਲੀਆਂ ਕੀਤੀਆਂ ਗਈਆਂ, ਜਿਸਦੇ ਚੱਲਦਿਆਂ ਫਿਰੋਜ਼ਪੁਰ ਡਿਪੂ ਦੇ ਗੇਟ ਤੇ ਗੇਟ ਰੈਲੀ ਵਿਚ ਰੇਸ਼ਮ ਸਿੰਘ ਗਿੱਲ, ਪਨਬੱਸ ਕੰਟਰੈਕਟ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਠੇਕਾ ਅਧਾਰਿਤ ਮੁਲਾਜ਼ਮਾਂ ਪ੍ਰਤੀ ਬੇਰੁੱਖਾ ਰਵੱਈਆ ਹੋਣ ਕਾਰਨ ਸ਼ਹੀਦੀ ਹਫਤਾ ਚੱਲਦਿਆਂ ਅੱਜ ਦੀ ਗੇਟ ਰੈਲੀ ਦਰਸਾਉਂਦੀ ਹੈ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਖਿਲਾਫ ਹੱਕ ਸੱਚ ਦੀ ਲੜਾਈ ਲਈ ਗੁਰੂ ਸਾਹਿਬ ਜੀ ਨੇ ਆਪਣਾ ਪੂਰਾ ਸਰਬੰਸ ਵਾਰਿਆ ਸੀ, ਪਰ ਇਨ੍ਹਾਂ ਸਮਾਂ ਬੀਤ ਜਾਣ ਉਪਰੰਤ ਵੀ ਸਰਕਾਰਾਂ ਦਾ ਰਵੱਈਆ ਆਮ ਜਨਤਾ ਪ੍ਰਤੀ ਦਬਾਉਣ, ਮਾਰਨ ਤੇ ਕੁਚਲਣ ਵਾਲਾ ਚੱਲਦਾ ਆ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕੈਪਟਨ ਸਰਕਾਰ ਵੱਲੋਂ ਸੱਤਾ ਵਿਚ ਆਉਣ ਤੋਂ ਪਹਿਲਾ ਲੋਕਾਂ ਨਾਲ ਇਨਸਾਫ ਕਰਨ ਦਾ ਅਤੇ ਮੁਲਾਜ਼ਮਾਂ ਨਾਲ ਜੋ ਵੀ ਸਰਕਾਰ ਦੇ ਪੁੱਖਤਾ ਵਾਅਦੇ ਕੀਤੇ ਸਨ, ਉਹ ਬਿਲਕੁਲ ਠੁੱਸ ਹੋ ਚੁੱਕੇ ਹਨ ਤੇ ਕੈਪਟਨ ਸਰਕਾਰ ਟਰਾਂਸਪੋਰਟ ਅਦਾਰੇ ਨੂੰ ਬਚਾਉਣ ਲਈ ਟਰਾਂਸਪੋਰਟ ਪਾਲਸੀ ਲਿਆਉਣ ਦੀ ਅਤੇ ਘਰ ਘਰ ਨੌਕਰੀ ਦੇਣ ਦੀ ਗੱਲ ਕਰਦੀ ਸੀ ਅਤੇ ਇਸ ਦੇ ਨਾਲ ਹੀ ਪਿਛਲੇ 10 ਤੋਂ 12 ਸਾਲ ਤੋਂ ਪਨਬੱਸ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਾ ਕਰਨ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ, ਬਰਾਬਰ ਤਨਖਾਹ ਲਾਗੂ ਕਰਨ ਤੋਂ ਵੀ ਭੱਜ ਰਹੀ ਹੈ। ਜਦਕਿ ਪਨਬੱਸ ਮੁਲਾਜ਼ਮ ਪ੍ਰਤੀ ਦਿਨ ਕਰੋੜਾਂ ਰੁਪਏ ਕਮਾ ਕੇ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਕਰਵਾ ਰਹੇ ਹਨ। ਉਨ੍ਹਾਂ ਦੀ ਤਨਖਾਹ ਵਧਾਉਣ ਦੀ ਬਜਾਏ ਨਾਜਾਇਜ਼ ਤੌਰ ਤੇ ਕੰਡੀਸ਼ਨਾਂ ਲਗਾ ਕੇ ਉਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ।
ਇਸ ਜੁਲਮ ਦੇ ਖਿਲਾਫ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਨਬੱਸ ਕੰਟਰੈਕਟ ਵਰਕਰ ਯੂਨੀਅਨ 3 ਜਨਵਰੀ 2019 ਨੂੰ 18 ਡਿਪੂਆਂ ਤੇ ਰੈਲੀਆਂ ਕਰਨਗੇ, ਫਿਰ ਵੀ ਜੇ ਸਰਕਾਰ ਦਾ ਰਵੱਈਆ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਨਾ ਕੋਈ ਹੱਲ ਕੀਤਾ ਗਿਆ ਤਾਂ ਆਉਣ ਵਾਲੀ 8-9 ਜਨਵਰੀ 2019 ਨੂੰ 2 ਦਿਨਾਂ ਮੁਕੰਮਲ ਹੜਤਾਲ ਕਰਕੇ ਪਨਬੱਸ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ ਸਰਕਾਰ ਖਿਲਾਫ ਪਿੱਟ ਸਿਆਪਾ ਕੀਤਾ ਜਾਵੇਗਾ ਅਤੇ ਕਿਸੇ ਵੱਡੇ ਸ਼ਹਿਰ ਵਿਚ ਮੇਨ ਚੋਂਕ ਜਾਂ ਜੀਟੀ ਪੁਆਇੰਟ ਤੇ ਧਰਨਾ ਲਗਾਇਆ ਜਾਵੇਗਾ। ਇਸ ਰੈਲੀ ਵਿਚ ਜਤਿੰਤਰ ਸਿੰਘ ਪ੍ਰਧਾਨ, ਲਖਵਿੰਦਰ ਸਿੰਘ ਚੇਅਰਮੈਨ, ਕਮਲਜੀਤ ਸਿੰਘ ਸੈਕਟਰੀ, ਸੌਰਵ ਮੈਨੀ ਸਹਾਇਕ ਸਕੱਤਰ, ਰਜਿੰਦਰ ਸਿੰਘ, ਸੁਰਜੀਤ ਸਿੰਘ ਅਤੇ ਮੁੱਖ ਪਾਲ ਸਿੰਘ ਆਦਿ ਵੀ ਹਾਜ਼ਰ ਸਨ।