ਹਰ ਕਿਸੇ ਦੀ ਜ਼ਿੰਦਗੀ ‘ਚ ਮਾਂ ਦਾ ਬਹੁਤ ਮਹੱਤਵ ਹੁੰਦਾ ਹੈ। ਜਿਸ ਦੇ ਸਿਰ ‘ਤੇ ਮਾਂ ਦਾ ਸਾਇਆ ਹੋਵੇ, ਉਹ ਦੁਨੀਆ ਵਿਚ ਸਭ ਤੋਂ ਅਮੀਰ ਹੁੰਦਾ ਹੈ। ਮਾਂ ਦਾ ਪਿਆਰ ਤੇ ਦੁਲਾਰ ਕਿਸਮਤ ਵਾਲਿਆਂ ਨੂੰ ਨਸੀਬ ਹੁੰਦਾ ਹੈ। ਮਾਂ ਮਮਤਾ ਦੀ ਮੂਰਤ ਅਤੇ ਸੱਚ ਦੀ ਸੂਰਤ ਹੁੰਦੀ ਹੈ। ਦੇਖਿਆ ਜਾਵੇ ਤਾਂ ਮਾਂ ਇਕ ਨਿੱਕਾ ਜਿਹਾ ਸ਼ਬਦ ਹੈ ਪਰ ਜੇ ਇਸ ਦਾ ਮਤਲਬ ਬਿਆਨ ਕਰਨਾ ਹੋਵੇ ਤਾਂ ਇਹ ਇੰਨਾ ਵੱਡਾ ਬਣ ਜਾਂਦਾ ਹੈ ਕਿ ਕਾਗ਼ਜ਼ ਤੇ ਸਿਆਹੀ ਦੋਵੇਂ ਮੁੱਕ ਜਾਣਗੇ। ਗ਼ਲਾਬ ਤੋਂ ਵੀ ਜ਼ਿਆਦਾ ਮਹਿਕ ਮਾਂ ਦੀ ਮਮਤਾ ਦੀ ਹੁੰਦੀ ਹੈ। ਮਾਂ ਸਭ ਦੀ ਜਗ੍ਹਾ ਲੈ ਸਕਦੀ ਹੈ ਪਰ ਉਸ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਮਾਂ ਦਾ ਦੇਣਾ ਕਦੇ ਵੀ ਨਹੀਂ ਦਿੱਤਾ ਜਾ ਸਕਦਾ। ਉਸ ਨੇ 9 ਮਹੀਨੇ ਗਰਭ ਵਿਚ ਰੱਖ ਕੇ ਬੱਚੇ ਨੂੰ ਆਪਣੇ ਖ਼ੂਨ ਨਾਲ ਸਿੰਜਿਆ ਹੁੰਦਾ ਹੈ। ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ ਅਤੇ ਉਸ ਨੂੰ ਸਹੀ-ਗ਼ਲਤ ਦਾ ਫ਼ਰਕ ਦੱਸਦੀ ਹੈ। ਆਪਣੇ ਬੱਚੇ ਲਈ ਹਰ ਕਸ਼ਟ ਸਹਾਰਨ ਵਾਲੀ ਮਾਂ ਸੱਚਮੁੱਚ ਜ਼ੰਨਤ ਦਾ ਪਰਛਾਵਾਂ ਹੁੰਦੀ ਹੈ। ਮਾਂ ਭਾਵੇਂ ਅਨਪੜ੍ਹ ਹੋਵੇ ਪਰ ਬੱਚੇ ਦੇ ਚਿਹਰੇ ਦੀ ਉਦਾਸੀ ਪੜ੍ਹ ਲੈਂਦੀ ਹੈ। ਔਖੇ ਵੇਲੇ ਦੁਨੀਆ ਤਾਂ ਪਿੱਠ ਵਿਖਾ ਜਾਂਦੀ ਹੈ ਪਰ ਮਾਂ ਬੱਚੇ ਲਈ ਡਟ ਕੇ ਖੜ੍ਹਦੀ ਹੈ। ਇਸੇ ਲਈ ਉਸ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ। ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਦੀ ਅਹਿਮੀਅਤ ਮਹਿੰਗੇ ਰੈਸਟੋਰੈਂਟਾਂ ‘ਚ ਖਾਧੀਆਂ ਚੀਜ਼ਾਂ ਤੋਂ ਕਿਤੇ ਜ਼ਿਆਦਾ ਹੁੰਦੀ ਹੈ। ਅਸੀਂ ਭਾਵੇਂ ਕਿੰਨੀਆਂ ਹੀ ਡਿਗਰੀਆਂ ਲੈ ਲਈਏ ਪਰ ਜ਼ਿੰਦਗੀ ਦਾ ਜੋ ਤਜਰਬਾ ਮਾਂ ਸਿਖਾਉਂਦੀ ਹੈ, ਉਹ ਕਿਤੋਂ ਨਹੀਂ ਮਿਲਦਾ। ਮਾਂ ਪਰਿਵਾਰਕ ਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਂਦੀ ਹੋਈ ਕਦੇ ਕੋਈ ਛੁੱਟੀ ਨਹੀਂ ਕਰਦੀ ਅਤੇ ਨਾ ਕਦੇ ਥੱਕਦੀ ਹੈ। ਉਹ ਹਮੇਸ਼ਾ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਮੈਂਬਰਾਂ ਬਾਰੇ ਸੋਚਦੀ ਹੈ। ਮਾਂ ਨਾਲ ਭਾਵੇਂ ਲੱਖ ਲੜ-ਝਗੜ ਲਵੇ ਪਰ ਗੱਲ ਦਿਲ ‘ਤੇ ਨਹੀਂ ਲੈਂਦੀ। ਮਾਂ ਦੀ ਕੀ ਅਹਿਮੀਅਤ ਹੈ? ਇਹ ਉਨ੍ਹਾਂ ਨੂੰ ਪੁੱਛੋ ਜਿਨ੍ਹਾਂ ਦੀ ਮਾਂ ਨਹੀਂ ਹੈ। ਜਿਹੜੇ ਬੱਚਿਆਂ ਦੀ ਮਾਂ ਜਹਾਨੋਂ ਤੁਰ ਜਾਂਦੀ ਹੈ ਉਹ ਰੁਲ ਜਾਂਦੇ ਹਨ ਜਾਂ ਵਿਗੜ ਕੇ ਕੁਰਾਹੇ ਪੈ ਜਾਂਦੇ ਹਨ। ਮਾਂ ਦੇ ਪਿਆਰ ਦਾ ਮੁੱਲ ਕੋਈ ਨਹੀਂ ਮੋੜ ਸਕਦਾ। ਉਹ ਹਰ ਸਮੱਸਿਆ ਤੋਂ ਪਾਰ ਪਾਉਣ ਲਈ ਬੱਚੇ ਦੀ ਹਿੰਮਤ ਵਧਾਉਂਦੀ ਹੈ। ਮਾਂ ਦਾ ਪਿਆਰ ਸੰਸਾਰ ਦੇ ਕਿਸੇ ਵੀ ਪਿਆਰ ਨਾਲੋਂ ਉੱਤਮ ਹੈ। ਮਾਂ ਬਹੁਤ ਕਸ਼ਟ ਸਹਾਰ ਕੇ ਬੱਚੇ ਨੂੰ ਪਾਲਦੀ ਹੈ। ਇਸ ਲਈ ਸਭ ਦਾ ਫ਼ਰਜ਼ ਹੈ ਕਿ ਉਸ ਦਾ ਸਤਿਕਾਰ ਕੀਤਾ ਜਾਵੇ। ਸਭ ਨੂੰ ਮਾਂ ਦੀਆਂ ਅਸੀਸਾਂ ਨਾਲ ਆਪਣੀ ਝੋਲੀ ਭਰਨੀ ਚਾਹੀਦੀ ਹੈ।
ਮਨਪ੍ਰੀਤ ਕੌਰ ਬੰਮਰਾ