61.97 F
New York, US
October 4, 2024
PreetNama
ਸਮਾਜ/Social

ਮਖੌਟੇ ਤੇ ਮਖੌਟਾ

ਕੁੱਝ ਦਿਨ ਪਹਿਲਾਂ ਦੀ ਗੱਲ ਹੈ ਕਿ ਮੈਂ ਕਿਸੇ ਗਰੀਬ ਪਰਿਵਾਰ ਦੀ ਮਦਦ ਕਰਨਾ ਚਾਹੁੰਦੀ ਸੀ , ਮੇਰੇ ਕੋਲੋਂ ਜਿੰਨਾ ਕੁ ਸਰਿਆ ਮੈਂ ਆਪਣੀ ਵਾਅ ਲਾ ਦਿੱਤੀ ।ਮੈਂ ਆਪਣੀ ਜਾਣ ਪਛਾਣ ਦੇ ਕੁੱਝ ਕੁ ਖਾਸ ਲੋਕ ਜੋ ਘਰੋਂ ਸਰਦੇ ਪੁਜਦੇ ਸੀ ਉਹਨਾਂ ਨੂੰ ਵੀ ਕਿਹਾ ਮਦਦ ਕਰਨ ਲਈ, ਪਰ ਕਿਸੇ ਕੋਲੋਂ ਵੀ ਖੈਰ ਨਾ ਪਈ।
ਕਿਸੇ ਕਿਹਾ ਔਖਾ ਆ, ਕਿਸੇ ਕਿਹਾ ਹੱਥ ਤੰਗ ਆ ਕਿਸੇ ਕਿਹਾ ਜੇ ਐਨਾ ਹੀ ਸ਼ੌਕ ਆ ਤੇ ਅਨਾਥ ਆਸ਼ਰਮ ਖੋਲ ਲਾ . . ਚਲੋ ਖੈਰ ਵਾਹਿਗੁਰੂ ਸਰਬੱਤ ਦਾ ਭੱਲਾ ਕਰੇ।ਫਿਰ ਮੈਂਨੂੰ ਕਿਸੇ ਨੇ ਇੱਕ ਬਹੁਤ ਦਾਨੀ ਪੁਰਸ਼ ਦੀ ਦੱਸ ਪਾਈ।ਲੋਕ ਕਹਿੰਦੇ ਨੇ ਉਹ ਹਰੇਕ ਦੀ ਮਦਦ ਕਰਦੇ ਨੇ ਬਹੁਤ ਨੇਕ ਦਿਲ ਇਨਸਾਨ ਨੇ।  ਮੈਂ ਉਹਨਾਂ  ਦੇ ਘਰ ਗੁਜਾਰਿਸ਼ ਲੈ ਕੇ ਗਈ ।ਮੈਂ ਕਿਹਾ  ਭਾਈ ਜਿੰਨਾ ਕੁ ਹੋ ਸਕਦਾ ਇਸ ਪਰਿਵਾਰ ਦੀ ਮਦਦ ਕਰ ਦਿਓ , ਮੈਂ ਵੀ ਬਹੁਤ ਸ਼ਾਹੂਕਾਰ ਨਹੀਂ ਹਾਂ ਬਸ ਤੋਰੀ ਫੁਲਕਾ ਚਲ ਰਿਹਾ ਏ,   ਬੱਚੇ ਵੀ ਪੜਦੇ ਨੇ ਘਰ ਦੇ ਖਰਚ ਵੀ ਬਹੁਤ ਨੇ , ਪਰ ਜਿੰਨੇ ਯੋਗੀ ਸੀ ਮਦਦ ਕੀਤੀ ਹੈ । ਪਹਿਲਾਂ ਤੇ ਉਹਨਾਂ ਨੇ ਮਛਰਾ  ਜਿਹਾ ਹਾਸਾ ਹਸਿਆ ਤੇ  ਫਿਰ ਤਸੱਲੀ ਨਾਲ ਬੋਲੇ ਕਹਿੰਦੇ  , “ਤੂੰ ਕੋਈ ਸਮਾਜ ਸੇਵਾ ਦਾ ਜੁੰਮਾ ਲਿਆ ਆ? . . . ਮੈਨੂੰ ਤੇ ਲੱਗਦਾ ਇਹਨਾਂ ਦੇ ਬਹਾਨੇ ਆਪ ਮਾਇਆ ਲੈਣੀ ਚਾਹੁੰਦੀ ਹੋਣੀ ਆ।” ਮੈਨੂੰ ਗੱਲ ਬੜੀ ਚੁੱਬੀ ਮੈਂ ਕੁੱਝ ਬੋਲਦੀ ਇਸ ਤੋਂ ਪਹਿਲਾਂ ਹੀ ਉਹ ਉੱਚੀ -ਉੱਚੀ ਹੱਸਣ ਲੱਗ ਗਏ ਤੇ ਕਹਿੰਦੇ , “ਮਜਾਕ ਕਰ ਰਿਹਾ ਹਾਂ ਐਵੇਂ ਦਿਲ ਤੇ ਨਾ ਲਾ  ਲਵੀਂ, ਚਲ ਦੱਸ ਕਿੰਨੇ ਪੈਸੇ ਚਾਹੀਦੇ ਨੇ? ” . . . ਮੈਂ ਕਿਹਾ , “ਜਿਆਦਾ ਨਹੀਂ ਸਿਰਫ ਦੋ ਕੁ ਹਜ਼ਾਰ ਹੀ ਦੇ ਦਿਓ” . . ਅੱਗੋਂ ਕਹਿੰਦੇ , “ਅੱਛਾ!  ਦੋ ਹਜ਼ਾਰ. . ਦੋ ਹਜਾਰ ਸਿਰਫ ਹੁੰਦਾ,  ਦੋ ਹਜ਼ਾਰ ਐਵੇਂ ਹੀ ਬਣ ਜਾਂਦਾ ? ਤੂੰ ਤਾਂ  ਐਦਾ ਸਿਰਫ ਕਿਹਾ ਜਿੱਦਾਂ ਰੁੱਖ ਨਾਲੋਂ ਲਾ ਕੇ ਦੇ ਦੇਣੇ ਹੁੰਦੇ ਆ ? “. . ਮੇਰਾ ਚਿਹਰਾ ਉਤਰ ਗਿਆ,  ਮੈਂ ਆਪਣੇ ਹੰਝੂ ਮਸਾ ਹੀ ਕਾਬੂ  ਕੀਤੇ। ਮੈਂ ਵਾਪਸ ਆਉਣ ਲਈ ਉੱਠ ਕੇ ਖੜੀ ਹੋ ਗਈ ।
ਮੈਂ ਆਪਣੇ ਆਪ ਨੂੰ ਕੋਸਿਆ ਤੇ  ਕਿਹਾ ਆਈ ਵੱਡੀ ਮਦਦ ਕਰਨ ਵਾਲੀ . . ਕਰਲਾ ਸਮਾਜਸੇਵਾ ਹੋਰ ਜਾ ਮੰਗਣ ਲੋਕਾਂ ਕੋਲੋਂ । ਅਜੇ ਚਾਰ ਕੁ ਕਦਮ ਪੁੱਟੇ ਸੀ ਕਿ ਮੈਨੂੰ ਪਿੱਛੋਂ ਅਵਾਜ਼ ਪੈ ਗਈ, “ਉਹੋ ਕੁੜੀਏ, ਤੂੰ ਗੁੱਸਾ ਈ ਖਾ ਗਈ, ਮੈਂ ਕੀ ਵਾਧੂ ਬੋਲ ਦਿੱਤਾ ? ਚਲ ਆਜਾ ਮੁੜਿਆ, ਬੈਠ ਮੈਂ ਅੰਦਰੋਂ ਪੈਸੇ ਲੈ ਕੇ ਆਉਂਦਾ ਆ।”. . . ਮੇਰੇ ਅੰਦਰ ਇਕਦਮ ਖੁਸ਼ੀ ਦੀ ਲਹਿਰ ਉੱਠੀ ਮੈਂ ਰੱਬ ਦਾ ਮਨ ਹੀ ਮਨ ਬਹੁਤ ਧੰਨਵਾਦ ਕੀਤਾ ।ਅਤੇ ਮੈਨੂੰ ਬਾਹਰ ਗਾਰਡਨ ਵਿੱਚ ਬਠਾ ਕੇ ਉਹ ਅੰਦਰੋਂ ਪੈਸੇ ਲੈਣ ਚਲੇ ਗਏ। . . 15 ਮਿੰਟ ਬੀਤ ਗਏ. . . ਅੱਧਾ ਘੰਟਾ . . ਤੇ ਹੌਲੀ -ਹੌਲੀ ਢਾਈ ਘੰਟੇ ਬੀਤ ਗਏ, ਮਨ ਕਾਹਲਾ ਜਿਹਾ ਪੈਣ ਲੱਗ ਗਿਆ. . ਕਦੇ ਦਿਲ ਕਰੇ ਅੰਦਰ ਚਲੀ ਜਾਵਾਂ . . ਕਦੇ ਕਵਾਂ ਰਹਿਣ ਦੇ ਕਦੇ ਤੇ ਬਾਹਰ ਆਉਣਗੇ ਤੇ ਕਵਾਂ ਆਪਣੇ ਘਰ ਵਾਪਸ ਚਲੀ ਜਾਵਾਂ।ਫਿਰ ਸੋਚਾਂ ਵਈ ਉਹਨਾਂ ਵਿਚਾਰਿਆ ਨੂੰ ਕੀ ਜਵਾਬ ਦੇਵਾਂਗੀ ਜੋ ਮੇਰੇ ਤੇ ਆਸ ਲਾਈ ਬੈਠੇ ਨੇ . . ਤਿੰਨ ਘੰਟਿਆਂ ਬਾਅਦ ਜਦੋਂ ਉਹ ਬਾਹਰ ਆਇਆ ਤੇ ਮੈਨੂੰ ਉੱਥੇ ਬੈਠੀ ਨੂੰ ਦੇਖ ਕੇ ਕਹਿੰਦੇ, ” ਉਹੋ ਕੁੜੀਏ ਤੂੰ ਅਜੇ ਬੈਠੀ ਆ,  ਗਈ ਨਹੀਂ?  ਚਲ ਜਾ,  ਕੱਲ ਆ ਜਾਵੀਂ ਅੱਜ ਘਰੇ ਕੈਸ਼ ਖਤਮ ਹੋਇਆ ਆ ।”. .  ਮੇਰਾ ਜਵਾਬ ਸੁਣ ਖੂਨ ਖੌਲਣ ਲੱਗ ਗਿਆ,  ਦਿਲ ਤੇ ਕਰੇ ਕੁੱਝ ਚੁੱਕ ਮਾਰਾ ਸਿਰ ਵਿੱਚ ਤੇ ਪਾੜ ਕੇ ਦੇ ਟੋਟੇ ਕਰ ਦਿਆਂ।ਐਨਾ ਇੰਤਜ਼ਾਰ ਵੀ ਕੀਤਾ ਬੇਜ਼ੱਤੀ ਵਾਧੂ ਕਰਵਾਈ। ਅੱਜ ਪਤਾ ਲੱਗਾ ਮਖੌਟੇ ਤੇ ਮਖੌਟਾ ਕੀਹਨੂੰ ਕਹਿੰਦੇ ਆ। ਲੋਕਾਂ ਸਾਹਮਣੇ ਐਦਾ ਚੰਗੇ ਬਣਦੇ ਆ ਜਿਦਾਂ ਐਨਾ ਵਰਗਾ ਕੋਈ ਨੇਕ ਇਨਸਾਨ ਦੁਨੀਆਂ ਤੇ ਹੋਰ ਕੋਈ ਹੁੰਦਾ ਈ ਨਹੀਂ ।
ਦੂਜੇ ਦਿਨ ਫਿਰ ਉਹ ਪਰਿਵਾਰ ਮੇਰੇ ਕੋਲ ਆ ਗਿਆ ਮੈਂ ਫਿਰ  ਉਹਨਾਂ ਨੂੰ ਹੌਸਲਾ ਦਿੱਤਾ ਤੇ ਕਿਹਾ , ਅੱਜ ਤੁਹਾਡੀ ਮਦਦ ਕਰ ਦਿਆਂਗੀ ਸ਼ਾਮ ਤੱਕ।” ਮੈਂ ਕਹਿ ਤਾਂ ਦਿੱਤਾ  ਪਰ ਮੈਨੂੰ ਨਹੀਂ ਸੀ ਪਤਾ ਮੈਂ ਉਹਨਾਂ ਦੀ ਮਦਦ ਕਰ ਸਕਾਂਗੀ ਕਿ ਨਹੀਂ । ਮੈਂ ਹਿੰਮਤ ਜਿਹੀ ਕਰਕੇ ਉੱਧਰ ਫੋਨ ਲਾਇਆ. . ਪਹਿਲਾਂ ਤੇ ਚੁਕਿਆ ਹੀ ਨਾ ਫਿਰ ਕਿਸੇ ਨੋਕਰ ਨੇ ਚੁਕਿਆ ਤੇ ਕਹਿੰਦੇ ਸਰਦਾਰ ਜੀ  ਅੱਜ ਘਰ ਨਹੀਂ , ਤੁਸੀਂ ਕੱਲ ਫੋਨ ਕਰਿਓ।.. ਮੈਂ ਚੰਗੀ ਤਰ੍ਹਾਂ ਸਮਝ ਗਈ ਸੀ ਉਹ ਮਦਦ ਨਹੀਂ ਕਰਨਾ ਚਾਹੁੰਦੇ ਸੀ . . ਮੈਂ ਤਿੰਨ ਚਾਰ ਦਿਨ ਲਗਾਤਾਰ ਫੋਨ ਕਰਦੀ ਰਹੀ ਅੱਗੋਂ ਫੋਨ ਕੱਟ ਦਿੱਤਾ ਜਾਂਦਾ ਜਾਂ ਫਿਰ ਕੋਈ ਚੁੱਕਦਾ ਹੀ ਨਹੀਂ ਸੀ।  ਚਲੋ ਖੈਰ. .  ਮੈਂ ਆਪਣੇ ਬਚਿਆਂ ਦੀ ਫੀਸ ਨੂੰ ਕੁੱਝ ਲੇਟ ਕਰਕੇ ਉਸ ਗਰੀਬ ਪਰਿਵਾਰ  ਦੀ ਮਦਦ ਕੀਤੀ । ਮੇਰੀ ਰੂਹ ਨੂੰ ਬਹੁਤ  ਸਕੂਨ  ਮਿਲਿਆ।
.   .   ਕੁੱਝ  ਦਿਨਾਂ ਬਾਅਦ ਹੀ ਸਾਨੂੰ ਇੱਕ ਵਿਆਹ ਆਇਆ ।ਸਾਡੇ ਘਰ ਵਿੱਚੋਂ ਵੱਡੇ ਦੀਦੀ ਤੇ ਮੈਂ ਵੀ ਗਈਆਂ ਸੀ । ਉਥੇ ਉਹ ਮਹਾਨ ਹਸਤੀ ਵੀ ਆਈ ਹੋਈ ਸੀ ਜਿਸ ਕੋਲੋਂ ਮੈਂ ਮਦਦ ਲਈ ਗੁਜਾਰਿਸ਼ ਕੀਤੀ ਸੀ। ਮੇਰੇ ਦਿਲ ਨੂੰ ਇੱਕ ਵਾਰ ਫਿਰ ਸੱਟ ਲੱਗੀ ਜਦੋਂ ਉਹ ਸਟੇਜ ਤੇ ਚੜ੍ਹ ਕੇ ਨੱਚਣ ਵਾਲੀਆਂ ਉਪਰੋਂ100-100ਦੇ ਨੋਟ ਵਾਰ ਕੇ ਸੁੱਟ ਰਿਹਾ ਸੀ ।” ਸੱਚੀ , ਸਰਬਜੀਤ ਕੌਰੇ ਇਸਨੂੰ ਕਹਿੰਦੇ ਨੇ ਮਖੌਟੇ ਤੇ ਮਖੌਟਾ।” ਮੈਨੂੰ ਵਿਆਹ ਵਿੱਚ ਵੱਜ ਰਹੇ ਗਾਣੇ ਬਹੁਤ ਬੁਰੇ ਲੱਗ ਰਹੇ ਸੀ , ਮੈਨੂੰ ਇਕਦਮ ਕਾਹਲ ਜਿਹੀ ਪੈਣ ਲੱਗ ਗਈ । ਕਦੇ ਤੇ ਦਿਲ ਕਰੇ ਵੀਡੀਓ ਬਣਾ ਕੇ ਪਾਵਾਂ ਸਾਰੀ ਦੁਨੀਆਂ ਦੇ ਸਾਹਮਣੇ  ਇਹਨਾਂ” ਵੱਡੇ ਅਮੀਰਜਾਦਿਆ ਦੀ ਗਰੀਬੀ ਦਾ ਨੰਗ ” ਕੀ ਆ? ਫਿਰ ਕਿਹਾ ਮਨਾ ਰਹਿਣ ਦੇ ਵੱਡੇ ਲੋਕ ਨੇ ਐਂਵੇ ਆਪਣੀ ਵੀ ਬਦਨਾਮੀ ਕਰਵਾ ਲਵੇਗੀ ਵਾਹਿਗੁਰੂ ਤੇ ਛੱਡ ਦੇ ।ਨੱਚਣ ਵਾਲੇ ਵੀ ਮਿਹਨਤ ਕਰਦੇ ਨੇ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੀ . . . ਪਰ ਜੇ ਅਸੀਂ ਕਿਸੇ ਗਰੀਬ ਦੀ ਮਦਦ ਕਰ ਵੀ ਦਿੰਦੇ ਤਾਂ ਕੀ ਘੱਟ ਜਾਣਾ ਸੀ । ਬੇਸ਼ੱਕ ਉਹ ਪੈਸੇ ਵਾਪਸ ਨਾ ਕਰਦੇ ਪਰ ਉਹਨਾਂ ਪੈਸਿਆਂ ਨਾਲੋਂ  ਕਿਤੇ ਜਿਆਦਾ ਕੀਮਤੀ ਉਹਨਾਂ  ਦੀਆਂ ਦੁਆਵਾਂ ਹੋਣੀਆਂ ਸੀ।

-ਇਹ ਜਨਮ ਦੁਬਾਰਾ ਨਹੀਂ ਮਿਲਣਾ ,
 ਇਥੇ ਸੱਭ ਦੀ  ਬਣ ਜਾਣੀ ਰੇਤ!!
   ਐਵੇਂ ਨਾ ਪੰਡਾ ਜੋੜੀ ਜਾਈ ਬੰਦਿਆਂ
   ਕਿਉਂਕਿ ਖਫਣਾਂ ਨੂੰ ਨਹੀਂ ਹੁੰਦੀ ਜੇਬ!!
ਸਰਬਜੀਤ ਕੌਰ ਹਾਜੀਪੁਰ
 ਸ਼ਾਹਕੋਟ

Related posts

ਰੂਸ ਤੋਂ ਸਬਕ ਲੈ ਕੇ ਤਾਇਵਾਨ ‘ਤੇ ਹਮਲਾ ਕਰ ਸਕਦੈ ਚੀਨ ! ਪੁਤਿਨ ਸ਼ੀ ਜਿਨਪਿੰਗ ਨੂੰ ਦਿਖਾ ਰਹੇ ਹਨ ਨਵਾਂ ਰਾਹ

On Punjab

ਦੁਨੀਆ ਦੇ ਇਸ ਦੇਸ਼ ‘ਚ ਹੈ ਇੱਕ ਝੀਲ ਜਿਸ ‘ਚ ਜੋ ਵੀ ਗਿਆ ਬਣ ਗਿਆ ‘ਪੱਥਰ’

On Punjab

ਗੂਗਲ ਦੱਸ ਰਿਹਾ ਖਾਲਿਸਤਾਨ ਦੀ ਰਾਜਧਾਨੀ !

On Punjab