ਭਾਰਤੀ ਮਹਿਲਾ ਹਾਕੀ ਟੀਮ ਨੇ ਇੱਕ ਗੋਲ ਨਾਲ ਪਿੱਛੜਨ ਤੋਂ ਬਾਅਦ ਵਾਪਸੀ ਕਰਦਿਆਂ ਦੱਖਦੀ ਕੋਰੀਆ ਨੂੰ 2–1 ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2–0 ਦੀ ਜੇਤੂ ਬੜ੍ਹਤ ਬਣਾਈ। ਭਾਰਤੀ ਮਹਿਲਾ ਟੀਮ ਨੇ ਸੀਰੀਜ਼ ਦੇ ਪਹਿਲੇ ਮੈਚ ਵਿੱਚ ਵੀ ਕੋਰੀਆ ਵਿਰੁੱਧ ਇਸੇ ਫ਼ਰਕ ਨਾਲ ਜਿੱਤ ਦਰਜ ਕੀਤੀ ਸੀ।
ਦੋਵੇਂ ਟੀਮਾਂ ਵਿਚਾਲੇ ਤੀਜਾ ਤੇ ਆਖ਼ਰੀ ਮੈਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। ਦੂਜੇ ਮੈਚ ਵਿੱਚ ਭਾਰਤੀ ਟੀਮ ਵੱਲੋਂ ਕਪਤਾਨ ਰਾਣੀ ਰਾਮਪਾਲ (37ਵੇਂ ਮਿੰਟ) ਤੇ ਨਵਜੋਤ ਕੌਰ (50ਵੇਂ ਮਿੰਟ) ਨੇ ਗੋਲ਼ ਦਾਗ਼ੇ, ਜਦ ਕਿ ਇਸ ਤੋਂ ਪਹਿਲਾਂ ਕੋਰੀਆ ਨੇ 19ਵੇਂ ਮਿੰਟ ਵਿੱਚ ਲੀ ਸਿਊਂਗਜੂ ਦੇ ਮੈਦਾਨੀ ਗੋਲ਼ ਦੀ ਬਦੌਲਤ ਬੜ੍ਹਤ ਬਣਾਈ ਸੀ।
ਦੋਵੇਂ ਟਮਾਂ ਨੇ ਮੈਚ ਦੀ ਤੇਜ਼ ਸ਼ੁਰੂਆਤ ਕੀਤੀ। ਪਹਿਲੇ ਕੁਆਰਟਰ ਵਿੱਚ ਦੋਵੇਂ ਟੀਮਾਂ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਭਾਰਤ ਤੇ ਕੋਰੀਆ ਦੋਵਾਂ ਦੀ ਗੋਲਕੀਪਰਾਂ ਨੇ ਵਿਰੋਧੀ ਟੀਮ ਨੂੰ ਗੋਲ਼ ਤੋਂ ਮਹਿਰੂਮ ਰੱਖਿਆ। ਦੂਜੇ ਕੁਆਰਟਰ ਦੇ ਚੌਥੇ ਮਿੰਟ ਵਿੱਚ ਕੋਰੀਆ ਨੇ ਸਿਯੂੰਗਜੂ ਦੇ ਗੋਲ ਦੀ ਬਦੌਲਤ ਬੜ੍ਹਤ ਬਣਾਈ।
ਮੇਜ਼ਬਾਨ ਟੀਮ ਹਾਫ਼ ਤੱਕ 1–0 ਨਾਲ ਅੱਗੇ ਸੀ। ਦੂਜੇ ਹਾਫ਼ ਵਿੱਚ ਭਾਰਤ ਨੇ ਵਧੀਆ ਸ਼ੁਰੂਆਤ ਕੀਤੀ ਤੇ 37ਵੇਂ ਮਿੰਟ ਵਿੱਚ ਰਾਣੀ ਦੇ ਸ਼ਾਨਦਾਰ ਮੈਦਾਨੀ ਗੋਲ਼ ਦੀ ਬਦੌਲਤ ਬਰਾਬਰੀ ਹਾਸਲ ਕੀਤੀ।