ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਲਈ ਆਖਰੀ ਗੇੜ ‘ਚ ਵੋਟਿੰਗ 19 ਮਈ ਨੂੰ ਹੋਣ ਜਾ ਰਹੀ ਹੈ। 23 ਮਈ ਨੂੰ ਚੋਣਾਂ ਦੇ ਨਤੀਜੇ ਆ ਜਾਣਗੇ ਪਰ ਇਸ ਤੋਂ ਪਹਿਲਾਂ ਹੀ ਭਾਜਪਾ ਵਿਰੋਧੀ ਮੋਰਚਾ ਬਣਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਇਸ ਦੇ ਲਈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਚੰਦਰ ਬਾਬੂ ਨਾਇਡੂ ਨੇ ਸ਼ਨੀਵਾਰ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਭਾਕਪਾ ਨੇਤਾਵਾਂ ਸੁਧਾਕਰ ਰੈੱਡੀ ਅਤੇ ਡੀ. ਰਾਜਾ ਨਾਲ ਮੁਲਾਕਾਤ ਕੀਤੀ। ਚੰਦਰਬਾਬੂ ਸ਼ੁੱਕਰਵਾਰ ਨੂੰ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਮਿਲੇ ਸੀ।
ਨਾਇਡੂ ਦਿੱਲੀ ‘ਚ ਰਾਕਾਂਪਾ ਮੁਖੀ ਸ਼ਰਦ ਪਵਾਰ ਅਤੇ ਐਲਜੇਡੀ ਨੇਤਾ ਸ਼ਰਦ ਯਾਦਵ ਨੂੰ ਮਿਲਣਗੇ। ਇਸ ਤੋਂ ਬਾਅਦ ਉਹ ਲਖਨਊ ਰਵਾਨਾ ਹੋਣਗੇ, ਜਿੱਥੇ ਉਹ ਬਸਪਾ ਸੁਪਰੀਮੋ ਮਾਇਆਵਤੀ ਅਤੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕਰਨਗੇ।
ਰਾਜਨੀਤੀਕ ਸੂਤਰਾਂ ਦਾ ਕਹਿਣਾ ਹੈ ਕਿ ਚੰਦਰਬਾਬੂ ਨੇ ਰਾਹੁਲ ਨੂੰ ਕਿਹਾ ਹੈ ਕਿ ਸਾਨੂੰ ਚੋਣ ਨਤੀਜਿਆਂ ਦੇ ਲਈ ਰਾਜਨੀਤੀਕ ਤੌਰ ‘ਤੇ ਤਿਆਰ ਰਹਿਣਾ ਚਾਹੀਦਾ ਹੈ। ਜੇਕਰ ਬੀਜੇਪੀ ਬਹੁਮਤ ਤੋਂ ਪਿੱਛੇ ਰਹਿੰਦੀ ਹੈ ਤਾਂ ਸਾਨੂੰ ਮਜ਼ਬੂਤ ਦਾਅਵੇ ਪੇਸ਼ ਕਰਨ ਲਈ ਪਹਿਲਾਂ ਹੀ ਤਿਆਰੀ ਕਰ ਲੈਣੀ ਚਾਹੀਦੀ ਹੈ।”
ਉੱਧਰ, ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਨੇ 23 ਮਈ ਨੂੰ ਗ਼ੈਰ–ਐਨਡੀਏ ਦਲਾਂ ਦੀ ਬੈਠਕ ਬੁਲਾਈ ਹੈ। ਕਾਂਗਰਸ ਦਾ ਮੰਨਣਾ ਹੈ ਕਿ ਬੀਜੇਪੀ ਨੂੰ ਇਸ ਵਾਰ ਬਹੁਮਤ ਨਹੀਂ ਮਿਲੇਗਾ, ਜਿਸ ਦੇ ਲਈ ਰਾਜਨੀਤੀਕ ਪਾਰਟੀਆਂ ਨੂੰ ਬੁਲਾਇਆ ਗਿਆ ਹੈ।