71.87 F
New York, US
September 18, 2024
PreetNama
ਸਮਾਜ/Social

ਭਵਿੱਖਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ

ਭਵਿੱਖਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ

ਮੇਘ ਰਾਜ ਮਿੱਤਰ
ਜਾਨਵਰਾਂ ਰਾਹੀਂ ਕੀਤੀਆਂ ਜਾਂਦੀਆਂ ਭਵਿੱਖਬਾਣੀਆਂ ਦੇ ਕਈ ਕੇਸ ਮੈਂ ਖੁਦ ਹੱਲ ਕੀਤੇ ਹਨ ਤੇ ਹਰ ਅਜਿਹੀ ਭਵਿੱਖਬਾਣੀ ਕਰਨ ਵਾਲੇ ਜਾਨਵਰਾਂ ਦੇ ਮਾਲਕ ਵਿਅਕਤੀਆਂ ਨੂੰ ਬੇਨਕਾਬ ਕੀਤਾ ਹੈ।
ਲੱਗਭੱਗ 20 ਕੁਝ ਵਰ੍ਹੇ ਪੁਰਾਣੀ ਗੱਲ ਹੈ ਕਿ ਮੇਰੀ ਨਜ਼ਰੇ ਇੱਕ ਅਜਿਹਾ ਵਿਅਕਤੀ ਪਿਆ ਜਿਸ ਨੇ ਤੋਤੇ ਸਮੇਤ ਪਿੰਜਰਾ ਆਪਣੇ ਹੱਥ ਵਿਚ ਫੜਿਆ ਹੋਇਆ ਸੀ। ਮੈਂ ਉਸ ਕੋਲ ਜਾ ਕੇ ਆਪਣਾ ਸਕੂਟਰ ਲਾਇਆ ਤੇ ਮੈਂ ਉਸ ਜੋਤਸ਼ੀ ਨੂੰ ਆਪਣੇ ਸਕੂਟਰ ਦੇ ਪਿੱਛੇ ਬੈਠਣ ਲਈ ਕਿਹਾ। ਸਿਰਫ਼ 50 ਕੁ ਰੁਪਏ ਦਾ ਲਾਲਚ ਦੇਣ ਨਾਲ ਹੀ ਉਹ ਮੇਰੇ ਸਕੂਟਰ ਤੇ ਬੈਠ ਗਿਆ। ਮੈਂ ਉਸ ਨੂੰ ਆਪਣੇ ਘਰ ਲੈ ਆਇਆ। ਜੇ ਉਸਨੂੰ ਮੈਂ ਆਪਣੀ ਕਿਸਮਤ ਕਿਸੇ ਜਨਤਕ ਥਾਂ ਤੇ ਜਾ ਪੁੱਛਦਾ ਤਾਂ ਲੋਕਾਂ ਨੇ ਇਹ ਗੱਲ ਉਡਾ ਦੇਣੀ ਸੀ ਕਿ ਤਰਕਸ਼ੀਲ ਦੂਹਰੇ ਮਿਆਰ ਦੀ ਜ਼ਿੰਦਗੀ ਜਿਉਂਦੇ ਨੇ। ਇੱਕ ਪਾਸੇ ਉਹ ਜੋਤਸ਼ੀਆਂ ਦਾ ਵਿਰੋਧ ਕਰਦੇ ਨੇ ਦੂਸਰੇ ਪਾਸੇ ਉਹ ਆਪਣੀ ਕਿਸਮਤ ਪੁੱਛਣ ਲਈ ਜੋਤਸ਼ੀਆਂ ਕੋਲ ਵੀ ਜਾ ਬੈਠਦੇ ਨੇ। ਸੋ ਇਸ ਸਮੱਸਿਆ ਨੂੰ ਹੱਲ ਕਰਨ ਲਈ ਤੇ ਤੋਤੇ ਵਾਲੇ ਜੋਤਸ਼ੀ ਦੀ ਪੜਤਾਲ ਕਰਨ ਲਈ ਮੈਂ ਆਪਣੇ ਘਰ ਦੀ ਚੋਣ ਕੀਤੀ।
ਘਰ ਆਉਣ ਸਾਰ ਮੈਂ ਤੋਤੇ ਵਾਲੇ ਜੋਤਸ਼ੀ ਜੀ ਨੂੰ ਚਾਹ ਪਿਲਾਈ ਤਾਂ ਜੋ ਸਾਡੇ ਸਬੰਧਾਂ ਵਿਚ ਅਪਣਤ ਭਰ ਜਾਵੇ। ਫਿਰ ਮੈਂ ਉਸਨੂੰ ਕਿਹਾ ਕਿ ਮੇਰੀ ਕਿਸਮਤ ਦੱਸੇ। ਉਸ ਨੇ ਤੋਤੇ ਦੇ ਪਿੰਜਰੇ ਦੇ ਸਾਹਮਣੇ ਆਪਣੇ ਕਾਰਡ ਤਰਤੀਬ ਵਿਚ ਰੱਖ ਦਿੱਤੇ। ਇੱਕ ਪੈੱਨ ਨੂੰ ਪਿੰਜਰੇ ਦੀਆਂ ਸਲਾਖਾਂ ਨਾਲ ਘਸਾਇਆ। ਟਨ ਟਨ ਦੀ ਆਵਾਜ਼ ਆਈ ਪਿੰਜਰਾ ਖੋਲ੍ਹ ਦਿੱਤਾ ਗਿਆ। ਤੋਤਾ ਬਾਹਰ ਨਿਕਲਿਆ ਤੇ ਇੱਕ ਕਾਰਡ ਚੁੱਕ ਦਿੱਤਾ। ਜੋਤਸ਼ੀ ਜੀ ਨੇ ਕਾਰਡ ਫੜਿਆ ਤੇ ਦਾਣਾ ਸੁੱਟ ਦਿੱਤਾ। ਤੋਤਾ ਮੁੜ ਪਿੰਜਰੇ ਵਿਚ ਚਲਿਆ ਗਿਆ। ਜੋਤਸ਼ੀ ਜੀ ਨੇ ਕਾਰਡ ਫੜਿਆ ਤੇ ਮੈਨੂੰ ਮੇਰੀ ਕਿਸਮਤ ਬਾਰੇ ਕੁਝ ਆਮ ਜਿਹੀਆਂ ਗੱਲਾਂ ਦੱਸਣ ਲੱਗ ਪਿਆ। ਜਿਨ੍ਹਾਂ ਵਿਚ ਮੇਰੀ ਦਿਲਚਸਪੀ ਨਹੀਂ ਸੀ। ਫਿਰ ਉਸ ਦੇ ਰੋਕਣ ਦੇ ਬਾਵਜੂਦ ਮੈਂ ਉਸ ਤੋਂ ਕਾਰਡ ਪੜ੍ਹਨ ਲਈ ਫੜ ਲਿਆ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮੈਂ ਵੇਖਿਆ ਕਿ ਜੋ ਗੱਲਾਂ ਉਹ ਮੈਨੂੰ ਦੱਸ ਰਿਹਾ ਸੀ ਉਨ੍ਹਾਂ ਵਿਚੋਂ ਇੱਕ ਵੀ ਕਾਰਡ ਤੇ ਨਹੀਂ ਲਿਖੀ ਸੀ।
ਮੈਂ ਉਸਨੂੰ ਕਿਹਾ ਕਿ ਇਹ ਗੱਲਾਂ ਕਾਰਡ ਤੇ ਤਾਂ ਲਿਖੀਆਂ ਨਹੀਂ ਅਤੇ ਨਾ ਹੀ ਇਹ ਤੇਰੇ ਤੋਤੇ ਨੇ ਪੜ੍ਹੀਆਂ ਹਨ। ਉਹ ਕਹਿਣ ਲੱਗਿਆ ਕਿ ‘‘ਇਹ ਗੱਲਾਂ ਥੋੜਾ ਲਿਖੀਆਂ ਹੁੰਦੀਆਂ ਹਨ ਅਤੇ ਪੜ੍ਹਨਾ ਤੋਤੇ ਨੇ ਥੋੜੋ ਹੁੰਦਾ ਹੈ। ਇਹ ਤਾਂ ਅਸੀਂ ਦੱਸਣੀਆਂ ਹੁੰਦੀਆਂ ਹਨ।’’ ਜਦੋਂ ਮੈਂ ਉਸਦੇ ਕਾਰਡ ਵੇਖੇ ਤਾਂ ਸਭ ਤੇ ਇੱਕੋ ਜਿਹੀਆਂ ਗੱਲਾਂ ਲਿਖੀਆਂ ਸਨ।
ਫਿਰ ਮੈਂ ਉਸਨੂੰ ਕਿਹਾ ਕਿ ਇਹ ਕੰਮ ਤਾਂ ਮੈਂ ਵੀ ਕਰ ਸਕਦਾ ਹਾਂ। ਉਹ ਕਹਿਣ ਲੱਗਿਆ ਕਿ ਤੋਤਾ ਤੁਹਾਡੇ ਆਖੇ ਤੋਂ ਬਾਹਰ ਨਹੀਂ ਆਵੇਗਾ। ਮੈਂ ਉਸ ਤੋਂ ਹੀ ਪੈੱਨ ਫੜਿਆ। ਉਸੇ ਤਰ੍ਹਾਂ ਸਲਾਖਾਂ ਨਾਲ ਘਸਾਇਆ ਟਨ ਟਨ ਦੀ ਆਵਾਜ਼ ਆਈ ਤੋਤਾ ਬਾਹਰ ਆ ਗਿਆ ਤੇ ਇੱਕ ਕਾਰਡ ਚੁੱਕ ਦਿੱਤਾ। ਮੈਂ ਦਾਣਾ ਸੁੱਟ ਦਿੱਤਾ। ਤੋਤਾ ਪਿੰਜਰੇ ਦੇ ਅੰਦਰ ਚਲਾ ਗਿਆ। ਜੋਤਸ਼ੀ ਨੂੰ ਮੈਂ ਉਸਦੇ ਵਰਤੇ ਗਏ ਸਮੇਂ ਲਈ ਪੈਸੇ ਦਿੱਤੇ ਤੇ ਉਸਨੂੰ ਜਿੱਥੋਂ ਬਿਠਾਇਆ ਸੀ ਉਥੇ ਹੀ ਛੱਡ ਆਇਆ।
ਇਸੇ ਤਰ੍ਹਾਂ ਹੀ ਇੱਕ ਦਿਨ ਮੈਨੂੰ ਬਰਨਾਲਾ ਜ਼ਿਲ੍ਹੇ ਦੇ ਇੱਕ ਕਸਬੇ ਭਦੌੜ ਤੋਂ ਫ਼ੋਨ ਆ ਗਿਆ ਕਿ ਉੱਥੇ ਇੱਕ ਬਲਦ ਵਾਲਾ ਲੋਕਾਂ ਦੇ ਜੇਬ ਵਿਚ ਪਾਈ ਪਰਚੀ ਦਾ ਨੰਬਰ ਦੱਸ ਦਿੰਦਾ ਹੈ। ਕੰਮ ਦਾ ਦਿਨ ਹੋਣ ਕਾਰਨ ਸੁਸਾਇਟੀ ਦੇ ਬਾਕੀ ਮੈਂਬਰ ਆਪਣੇ ਕੰਮਾਂ ਧੰਦਿਆਂ ਤੇ ਗਏ ਹੋਏ ਸਨ। ਇਸ ਲਈ ਮੈਂ ਆਪਣੇ ਨਾਲ ਆਪਣੇ ਪੁੱਤਰ ਅਮਿੱਤ ਨੂੰ ਹੀ ਲੈ ਲਿਆ। ਲੱਗਭੱਗ ਅੱਧੇ ਘੰਟੇ ਵਿਚ ਹੀ ਅਸੀਂ ਭਦੌੜ ਪੁੱਜ ਗਏ। ਕਿਸੇ ਖੁੱਲ੍ਹੇ ਵਿਹੜੇ ਵਾਲੀ ਇਮਾਰਤ ਵਿਚ ਲੋਕਾਂ ਦਾ ਵੱਡਾ ਹਜੂਮ ਇਕ ਬਲਦ ਵਾਲੇ ਨੂੰ ਘੇਰ ਕੇ ਖੜ੍ਹਾ ਸੀ।
ਜਦੋਂ ਅਸੀਂ ਉੱਥੇ ਪੁੱਜੇ ਤਾਂ ਪਿੰਡ ਵਾਲੇ ਕਹਿਣ ਲੱਗੇ ਕਿ ਇਸ ਬਲਦ ਵਾਲੇ ਨੇ ਪਿੰਡ ਵਿੱਚੋਂ ਬਹੁਤ ਸਾਰੇ ਸੂਟ ਤੇ ਖੇਸ ਇਕੱਠੇ ਕੀਤੇ ਹੋਏ ਹਨ ਤੇ ਇਸ ਦਾ ਦਾਅਵਾ ਹੈ ਕਿ ਇਹ ਕਿਸੇ ਦੀ ਜੇਬ ਵਿਚ ਪਾਈ ਹੋਈ ਪਰਚੀ ਦਾ ਨੰਬਰ ਦੱਸ ਸਕਦਾ ਹੈ।
ਬਲਦ ਵਾਲੇ ਨਾਲ ਗੱਲਬਾਤ ਹੋਈ ਤਾਂ ਉਸ ਨੇ ਵੀ ਇਹ ਗੱਲ ਦੁਹਰਾਈ ਕਿ ਮੈਂ ਕਿਸੇ ਦੀ ਜੇਬ ਵਿਚ ਪਾਈ ਹੋਈ ਪਰਚੀ ਦਾ ਨੰਬਰ ਦੱਸ ਸਕਦਾ ਹਾਂ। ਉਸ ਤੋਂ ਬਾਅਦ ਮੈਂ ਭੀੜ ਵਿਚੋਂ ਹੀ ਅਜਿਹੇ ਦਸ ਵਿਅਕਤੀਆਂ ਦੀ ਚੋਣ ਕੀਤੀ ਜਿਨ੍ਹਾਂ ਦੀਆਂ ਪੈਂਟਾਂ ਨਾਲ ਪਿਛਲੀਆਂ ਜੇਬਾਂ ਲੱਗੀਆਂ ਹੋਈਆਂ ਸਨ। ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਇੱਕ ਪ੍ਰਯੋਗ ਲਈ ਚੁਣੇ ਹਨ। ਇਸ ਲਈ ਜੇ ਉਹ ਸੱਚੇ ਦਿਲੋਂ ਸਹਿਯੋਗ ਦੇਣਗੇ ਤਾਂ ਹੀ ਪ੍ਰਯੋਗ ਦੀ ਜਾਣਕਾਰੀ ਸਹੀ ਹੋ ਸਕਦੀ ਹੈ। ਉਨ੍ਹਾਂ ਨੇ ਸਹਿਯੋਗ ਲਈ ਭਰੋਸਾ ਦਿੱਤਾ।
ਉਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਕੰਧ ਵੱਲ ਮੂੰਹ ਕਰਕੇ ਖੜ੍ਹੇ ਹੋਣ ਲਈ ਕਿਹਾ। ਅਸੀਂ ਪਰਚੀਆਂ ਤੇ ਇੱਕ ਤੋਂ ਦਸ ਤੱਕ ਅੰਕ ਲਿਖੇ। ਉਨ੍ਹਾਂ ਨੂੰ ਰਲਾ ਕੇ ਉਨ੍ਹਾਂ ਦੀਆਂ ਪੈਂਟ ਦੀਆਂ ਪਿਛਲੀਆਂ ਜੇਬਾਂ ਵਿਚ ਪਾ ਦਿੱਤੀਆਂ। ਉਨ੍ਹਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਕਿਸੇ ਦਾ ਹੱਥ ਵੀ ਉਨ੍ਹਾਂ ਦੀ ਪੈਂਟ ਦੀ ਪਿਛਲੀ ਜੇਬ ਤੇ ਨਹੀਂ ਜਾਵੇਗਾ। ਪਰਚੀਆਂ ਅਸੀਂ ਇਸ ਢੰਗ ਨਾਲ ਰਲਾ ਦਿੱਤੀਆਂ ਸਨ ਕਿ ਸਾਡੇ ਵਿਚੋਂ ਵੀ ਕਿਸੇ ਨੂੰ ਪਤਾ ਨਹੀਂ ਸੀ ਕਿ ਕਿਸ ਵਿਅਕਤੀ ਦੀ ਜੇਬ ਵਿਚ ਕਿਹੜੇ ਨੰਬਰ ਦੀ ਪਰਚੀ ਹੈ।
ਇਹ ਵਿਅਕਤੀ ਬਲਦ ਦੇ ਅੱਗੇ ਖੜ੍ਹਾ ਦਿੱਤੇ ਗਏ। ਬਲਦ ਵਾਲੇ ਨੇ ਬਲਦ ਨੂੰ ਹੱਕਣ ਲਈ ਵਰਤੀ ਜਾਣ ਵਾਲੀ ਸੋਟੀ ਜਿਸ ਨੂੰ ਪਰਾਨੀ ਕਿਹਾ ਜਾਂਦਾ ਹੈ ਆਪਣੇ ਹੱਥ ਵਿਚ ਫੜੀ ਹੋਈ ਸੀ। ਜਦੋਂ ਉਹ ਪਰਾਨੀ ਨੂੰ ਗਿੱਠ ਕੁ ਹੇਠਾਂ ਤੋਂ ਫੜਦਾ ਸੀ ਤਾਂ ਬਲਦ ਹਾਂ ਵਿਚ ਸਿਰ ਹਿਲਾਉਂਦਾ ਸੀ। ਜਦੋਂ ਪਰਾਨੀ ਉਹ ਵਿਚਕਾਰੋਂ ਫੜਦਾ ਸੀ ਤਾਂ ਉਹ ਨਾਂਹ ਵਿਚ ਸਿਰ ਹਿਲਾਉਂਦਾ ਸੀ। ਬਲਦ ਵਾਲਾ ਇੱਕ ਵਿਅਕਤੀ ਨੂੰ ਪੁੱਛਣ ਲੱਗਿਆ ਕਿ ‘‘ਤੇਰੀ ਜੇਬ ਵਿਚ ਪੰਜ ਵਾਲੀ ਪਰਚੀ ਹੈ?’’ ਉਹ ਕਹਿਣ ਲੱਗਿਆ ਕਿ ‘‘ਮੈਨੂੰ ਨਹੀਂ ਪਤਾ।’’ ਜਦੋਂ ਦੂਜੇ ਵਿਅਕਤੀ ਨੂੰ ਕਹਿਣ ਲੱਗਿਆ ਕਿ ‘‘ਪੰਜ ਵਾਲੀ ਪਰਚੀ ਤੇਰੇ ਕੋਲ ਹੈ’’ ਤਾਂ ਉਹਨੇ ਵੀ ਇਹ ਗੱਲ ਦੁਹਰਾ ਦਿੱਤੀ ਕਿ ਮੈਨੂੰ ਨੀ ਪਤਾ। ਇਸ ਤਰ੍ਹਾਂ ਸਭ ਕੋਲੋਂ ਹੀ ਉਸਨੂੰ ਇਹ ਜਾਣਕਾਰੀ ਮਿਲੀ ਇਸ ਤਰ੍ਹਾਂ ਉਹ ਹੱਥ ਖੜ੍ਹੇ ਕਰ ਗਿਆ।
ਅਸਲੀਅਤ ਇਹ ਹੈ ਕਿ ਵਿਚਾਰੇ ਜਾਨਵਰਾਂ ਨੂੰ ਇਨ੍ਹਾਂ ਗੱਲਾਂ ਦੀ ਕੋਈ ਜਾਣਕਾਰੀ ਨਹੀਂ ਹੁੰਦੀ ਸਗੋਂ ਚਾਲਾਕ ਆਦਮੀ ਨੇ ਦੂਸਰੇ ਵਿਅਕਤੀਆਂ ਨੂੰ ਠੱਗਣ ਲਈ ਜਾਨਵਰਾਂ ਦੀ ਇਸ ਢੰਗ ਨਾਲ ਵਰਤੋਂ ਕੀਤੀ ਹੋਈ ਹੈ।
ਡਾਕਟਰ ਕੋਵੂਰ ਦੀ ਕਿਤਾਬ ‘ਤੇ ਦੇਵ ਪੁਰਸ਼ ਹਾਰ ਗਏ’ ਵਿਚ ਵੀ ਇੱਕ ਘੋੜੀ ਦੀ ਇਸ ਢੰਗ ਦੀ ਠੱਗੀ ਮਾਰਨ ਲਈ ਕੀਤੀ ਜਾਂਦੀ ਵਰਤੋਂ ਦੇ ਪਰਦੇਫਾਸ਼ ਕੀਤੇ ਗਏ ਹਨ। ਜਾਨਵਰਾਂ ਨੂੰ ਇਸ ਢੰਗ ਨਾਲ ਸਿਖਾਉਣ ਲਈ ਸਜ਼ਾ ਤੇ ਇਨਾਮ ਦੀ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ। ਜੇ ਜਾਨਵਰ ਆਖੇ ਲੱਗਦਾ ਹੈ ਤਾਂ ਉਸ ਹਾਲਤ ਵਿਚ ਉਸ ਨੂੰ ਇਨਾਮ ਮਿਲਦਾ ਹੈ ਪਰ ਜੇ ਉਹ ਆਖੇ ਨਹੀਂ ਲੱਗਦਾ ਤਾਂ ਉਸ ਨੂੰ ਭੁੱਖਾ, ਪਿਆਸਾ ਜਾਂ ਕੁੱਟ ਮਾਰ ਦੀ ਸਜ਼ਾ ਦਿੱਤੀ ਜਾਂਦੀ ਹੈ। ਵਾਰ-ਵਾਰ ਇਹ ਕਿਰਿਆ ਦੁਹਰਾਉਣ ਨਾਲ ਜਾਨਵਰ ਸਿਖਾਏ ਜਾ ਸਕਦੇ ਹਨ।
ਜਰਮਨੀ ਦੇ ਚਿੜੀਆ ਘਰ ਦੇ ਇੱਕ ਆਕਟੋਪਸ ਪਾਲ ਦਾ ਇਸਤੇਮਾਲ ਵੀ ਫੁੱਟਬਾਲ ਦੇ ਮੈਚਾਂ ਸਮੇਂ ਇਸ ਕੰਮ ਲਈ ਹੋਇਆ ਹੈ। ਇੱਥੇ ਉਸ ਦੁਆਰਾ ਕੀਤੀਆਂ ਭਵਿੱਖਬਾਣੀਆਂ ਦੇ ਸੱਚੇ ਨਿਕਲਣ ਦਾ ਸੁਆਲ ਹੈ। ਜੇ ਆਕਟੋਪਸ ਦੇ ਸਿਖਾਉਣ ਵਾਲੇ ਨੂੰ ਇਹ ਹੀ ਕੰਮ ਲਈ ਵਾਰ-ਵਾਰ ਦੁਹਰਾਉਣ ਲਈ ਕਿਹਾ ਜਾਂਦਾ ਤਾਂ ਉਹ ਕਿਸੇ ਵੀ ਹਾਲਤ ਵਿਚ ਕਰ ਨਹੀਂ ਸਕਦਾ ਸੀ। ਜੇ ਉਸ ਨੂੰ ਫੁੱਟਬਾਲ ਦੇ ਮੈਚ ਵਿਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਦੇ ਦੇਸ਼ਾਂ ਦੇ ਝੰਡੇ ਵਾਲੇ ਡੱਬਿਆਂ ਵਿਚ ਸੰਸਾਰ ਚੈਂਪੀਅਨ ਦੀ ਚੋਣ ਕਰਨ ਲਈ ਕਿਹਾ ਜਾਂਦਾ ਤਾਂ ਇਹ ਵੀ ਸੰਭਵ ਨਹੀਂ ਸੀ ਹੋਣਾ। ਅਸਲ ਵਿਚ ਸਿਖਾਉਣ ਵਾਲੇ ਕੋਲ ਹਰ ਵਾਰ ਦੋ ਹੀ ਡੱਬਿਆਂ ਵਿਚੋਂ ਇੱਕ ਦੀ ਚੋਣ ਕਰਨ ਦਾ ਸੁਆਲ ਖੜ੍ਹਾ ਹੁੰਦਾ ਸੀ। ਜੋ ਉਸਨੇ ਟੀਮਾਂ ਬਾਰੇ ਆਪਣੇ ਤਜ਼ਰਬੇ ਤੇ ਗਿਆਨ ਰਾਹੀਂ ਕਰਨਾ ਸੀ ਤੇ ਬਹੁਤ ਵਾਰ ਇਹ ਠੀਕ ਹੋ ਨਿੱਬੜਦਾ ਸੀ। ਜੇ ਕਿਤੇ ਉਹ ਗ਼ਲਤ ਵੀ ਹੋਇਆ ਹੈ ਤਾਂ ਇਹ ਗ਼ਲਤੀ ਲੋਕਾਂ ਵਿਚ ਉਜਾਗਰ ਹੋਣ ਤੋਂ ਚੁੱਪ ਵੱਟੀ ਜਾਂਦੀ ਹੈ। ਸਗੋਂ ਸਿਰਫ਼ ਸੱਚ ਹੀ ਲੋਕਾਂ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਸਾਧਾਂ ਸੰਤਾਂ ਕੋਲ ਜਾਣ ਵਾਲੇ ਲੋਕਾਂ ਦੀ ਕੰਮਜ਼ੋਰੀ ਵੀ ਇਹ ਹੀ ਹੁੰਦੀ ਹੈ ਕਿ ਉਹ ਇਨ੍ਹਾਂ ਪਾਖੰਡੀਆਂ ਦੁਆਰਾ ਦੱਸੀ ਹੋਈ ਸੱਚ ਨਿਕਲੀ ਗੱਲ ਤਾਂ ਲੋਕਾਂ ਨੂੰ ਗੱਜ ਵੱਜ ਕੇ ਦੱਸ ਦਿੰਦੇ ਹਨ, ਝੂਠ ਨਿਕਲੀ ਕਿਸੇ ਗੱਲ ਨੂੰ ਲੋਕਾਂ ਨੂੰ ਨਹੀਂ ਦੱਸਦੇ। ਸਿਰਫ਼ ਇਸ ਤਰ੍ਹਾਂ ਹੀ ਇਨ੍ਹਾਂ ਕਿੱਤਿਆਂ ਨੂੰ ਹਵਾ ਮਿਲਦੀ ਹੈ।
ਭਾਰਤ ਸਮੇਤ ਦੁਨੀਆਂ ਦੇ ਜ਼ਿਆਦਾ ਦੇਸ਼ਾਂ ਦੀਆਂ ਸਰਕਾਰਾਂ ਵੀ ਆਪਣੀਆਂ-ਆਪਣੀਆਂ ਕੰਮਜ਼ੋਰੀਆਂ ਨੂੰ ਢਕਣ ਲਈ ਅੰਧਵਿਸ਼ਵਾਸਾਂ ਨੂੰ ਹੁੰਗਾਰਾ ਦੇਣ ਦਾ ਯਤਨ ਕਰਦੀਆਂ ਹਨ। ਭਾਰਤੀ ਟੈਲੀਵੀਜਨਾਂ ਦੇ ਜ਼ਿਆਦਾ ਚੈਨਲਾਂ ਤੋਂ ਕੀਤੇ ਜਾ ਰਹੇ ਅੰਧਵਿਸ਼ਵਾਸ ਦਾ ਪ੍ਰਚਾਰ ਉਪਰੋਕਤ ਵਿਚਾਰਾਂ ਦੀ ਪੁਸ਼ਟੀ ਕਰਦਾ ਹੈ। ਜੇ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਲੋਕਾਂ ਦੀ ਸੋਚ ਵਿਗਿਆਨਕ ਬਣਾਉਣਾ ਚਾਹੁੰਦੀ ਹੋਵੇ ਤਾਂ ਜ਼ਰੂਰ ਅੱਧੇ ਕੁ ਚੈਨਲਾਂ ਤੋਂ ਵਿਗਿਆਨ ਦਾ ਪ੍ਰਚਾਰ ਤੇ ਪਸਾਰ ਲਾਜ਼ਮੀ ਸ਼ੁਰੂ ਕੀਤਾ ਜਾ ਸਕਦਾ ਹੈ।
ਅੰਤ ਵਿਚ ਮੈਂ ਇਹ ਫਿਰ ਦੁਹਰਾਉਂਦਾ ਹਾਂ ਕਿ ਤਰਕਸ਼ੀਲ ਸੁਸਾਇਟੀ ਭਾਰਤ ਕਿਸੇ ਵੀ ਅਜਿਹੇ ਵਿਅਕਤੀ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਬਤੌਰ ਇਨਾਮ ਦੇਣ ਲਈ ਬਜਿੱਦ ਹੈ ਜਿਹੜਾ ਆਪਣੇ ਜੋਤਿਸ਼ ਰਾਹੀਂ ਇਹ ਦੱਸ ਸਕਦਾ ਹੋਵੇ ਕਿ ਦੁਨੀਆ ਦੇ ਕਿਹੜੇ ਖਿੱਤੇ ਵਿਚ ਕਿੰਨੇ ਵਜੇ ਕਿਸ ਤੀਬਰਤਾ ਦਾ ਭੁਚਾਲ ਆਵੇਗਾ? ਵਿਗਿਆਨਕ ਆਉਣ ਵਾਲੇ ਸਮੇਂ ਵਿਚ ਇਹ ਦੱਸਣ ਦੇ ਕਾਬਲ ਹੋਣਗੇ। ਇਸ ਲਈ ਉਨ੍ਹਾਂ ਨੂੰ ਇਸ ਚੁਣੌਤੀ ਵਿਚ ਭਾਗ ਲੈਣ ਦੀ ਇਜ਼ਾਜਤ ਨਹੀਂ। ਚੁਣੌਤੀ ਸਵੀਕਾਰ ਕਰਨ ਵਾਲੇ ਵਿਅਕਤੀ ਨੇ ਜ਼ਮਾਨਤ ਦੀ ਰਾਸ਼ੀ 5000 ਰੁਪਏ ਜਮ੍ਹਾ ਕਰਵਾਉਣੀ ਹੈ। ਜੋ ਜਿੱਤ ਜਾਣ ਦੀ ਸੂਰਤ ਵਿਚ ਇਨਾਮ ਦੀ ਰਾਸ਼ੀ ਸਮੇਤ ਵਾਪਸ ਦੇ ਦਿੱਤੀ ਜਾਵੇਗੀ। ਹਾਰ ਜਾਣ ਦੀ ਸੂਰਤ ਵਿਚ ਇਹ ਜ਼ਬਤ ਕਰ ਲਈ ਜਾਵੇਗੀ। ਇਸ ਦਾ ਮਨੋਰਥ ਸਸਤੀ ਸ਼ੋਹਰਤ ਲੱਭਣ ਵਾਲੇ ਵਿਅਕਤੀਆਂ ਤੋਂ ਆਪਦੇ ਸਮੇਂ ਨੂੰ ਖ਼ਰਾਬ ਕਰਨ ਤੋਂ ਬਚਾਉਣਾ ਹੈ। ਯੋਗ ਜੋਤਸ਼ੀਆਂ ਨੂੰ ਇਸ ਵਿਚ ਭਾਗ ਲੈਣ ਦਾ ਖੁੱਲ੍ਹਾ ਸੱਦਾ ਹੈ।

– ਮੇਘ ਰਾਜ ਮਿੱਤਰ
ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਤਰਕਸ਼ੀਲ ਨਿਵਾਸ, ਗਲੀ ਨੰ : 8,
ਕੱਚਾ ਕਾਲਜ ਰੋਡ, ਬਰਨਾਲਾ, ਪੰਜਾਬ
ਫੋਨ ਨੰ : 98887-87440

Related posts

ਪੁਣੇ-ਮੁੰਬਈ ਹਾਈਵੇ ‘ਤੇ ਪਲਟੀ ਬੱਸ, 5 ਦੀ ਮੌਤ

On Punjab

ਪਾਕਿਸਤਾਨ ਦੇ ਗ੍ਰਹਿ ਮੰਤਰੀ ਬੋਲੇ-ਅਫ਼ਗਾਨ ਸ਼ਰਨਾਰਥੀਆਂ ਲਈ ਨਵੇਂ ਕੈਂਪ ਨਹੀਂ ਬਣਾ ਰਿਹਾ ਪਾਕਿ

On Punjab

ਭਾਰੀ ਬਾਰਸ਼ ਮਗਰੋਂ ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ

On Punjab