ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਬਿਜਲੀ ਦੀ ਝਟਕਾ ਦਿੱਤਾ ਹੈ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਸੂਬੇ ਵਿੱਚ ਬਿਜਲੀ ਦੀਆਂ ਉੱਚੀਆਂ ਦਰਾਂ ਕਾਰਨ ਹਰ ਵਰਗ ਦੇ ਲੋਕ ਪ੍ਰੇਸ਼ਾਨ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਾਧੂ ਟੈਕਸ/ਸੈਸ ਕਾਰਨ ਡੀਜ਼ਲ-ਪੈਟਰੋਲ ਵਾਂਗ ਅੱਜ ਬਿਜਲੀ ਵੀ ਪੂਰੇ ਦੇਸ਼ ਨਾਲੋਂ ਮਹਿੰਗੀਆਂ ਦਰਾਂ ‘ਤੇ ਮਿਲ ਰਹੀ ਹੈ। ਪਿਛਲੇ ਦੋ ਸਾਲ ਦੌਰਾਨ 4 ਵਾਰ ਤੋਂ ਵੱਧ ਬਿਜਲੀ ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਹਨ, ਅੱਗੇ ਫਿਰ ਵਧਾਉਣ ਦੀ ਤਿਆਰੀ ਹੈ, ਜਦਕਿ ਬਿਜਲੀ ਗ਼ਰੀਬ ਤੋਂ ਗ਼ਰੀਬ ਘਰ ਦੀ ਵੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਗ਼ਰੀਬਾਂ, ਦਲਿਤਾਂ ਤੇ ਆਮ ਲੋਕਾਂ ਪ੍ਰਤੀ ਸੁਹਿਰਦ ਤੇ ਆਪਣੀ ‘ਕਥਨੀ ‘ਤੇ ਕਰਨੀ’ ਦੇ ਪੱਕੇ ਹੁੰਦੇ ਤਾਂ ਸੱਤਾ ਸੰਭਾਲਦਿਆਂ ਹੀ ਸਰਕਾਰੀ ਥਰਮਲ ਪਲਾਂਟ ਬੰਦ ਕਰਨ ਦੀ ਥਾਂ ਪਿਛਲੀ ਬਾਦਲ ਸਰਕਾਰ ਵੱਲੋਂ ਬੇਹੱਦ ਮਹਿੰਗੀਆਂ ਦਰਾਂ ‘ਤੇ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਇਕਰਾਰਨਾਮੇ ਰੱਦ ਕਰਕੇ ਨਵੇਂ ਸਿਰਿਓਂ ਸਸਤੇਅਤੇ ਵਾਜਬ ਸਮਝੌਤੇ ਕਰਦੇ। ਨਿੱਜੀ ਬਿਜਲੀ ਕੰਪਨੀਆਂ ਨਾਲ ਸੁਖਬੀਰ ਸਿੰਘ ਬਾਦਲ ਦੀ ਮਿਲੀਭੁਗਤ ਤੇ ਅਰਬਾਂ ਰੁਪਏ ਦਾ ਘੁਟਾਲਾ ਨੰਗਾ ਕਰਦੇ, ਪਰ ਕੈਪਟਨ ਨੇ ਇੰਜ ਨਹੀਂ ਕੀਤਾ, ਉਲਟਾ ਗ਼ਰੀਬ ਦਾ ਗਲਾ ਘੁੱਟਿਆ।
ਮਾਨ ਨੇ ਕਿਹਾ ਕਿ, ”ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਸਰਕਾਰ ਕੋਲ ਬਿਜਲੀ ਪੈਦਾ ਕਰਨ ਦੇ ਆਪਣੇ ਵੱਡੇ ਸਾਧਨ ਸ੍ਰੋਤ ਹਨ, ਫਿਰ ਵੀ ਬਿਜਲੀ ਦੇ ਮੁੱਲ ਦੇਸ਼ ਦੇ ਕਰੀਬ ਸਾਰੇ ਸੂਬਿਆਂ ਨਾਲੋਂ ਵੱਧ ਔਸਤਨ 10 ਰੁਪਏ ਯੂਨਿਟ ਹਨ। ਦੂਜੇ ਪਾਸੇ ਦਿੱਲੀ ਸਰਕਾਰ ਕੋਲ ਆਪਣਾ ਕੋਈ ਸਾਧਨ-ਸਰੋਤ ਨਹੀਂ ਹੈ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਨਿੱਜੀ ਕੰਪਨੀਆਂ ਤੋਂ ਬਿਜਲੀ ਖ਼ਰੀਦ ਕੇ ਦਿੱਲੀ ਵਾਸੀਆਂ ਨੂੰ ਮੁਹੱਈਆ ਕਰਦੀ ਹੈ, ਫਿਰ ਵੀ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਦਿੱਲੀ ‘ਚ ਬਿਜਲੀ ਦਰਾਂ ਘੱਟ ਹਨ। ਦਿੱਲੀ ਸਰਕਾਰ ਗ਼ਰੀਬਾਂ ਨੂੰ ਤਾਂ ਪ੍ਰਤੀ ਇੱਕ ਰੁਪਏ ਯੂਨਿਟ ਦੇ ਰਹੀ ਹੈ।’
ਮਾਨ ਨੇ ਕਿਹਾ ਕਿ ਬਤੌਰ ਸੰਸਦ ਮੈਂਬਰ ਮੇਰੇ ਕੋਲੋਂ ਅਤੇ ਬਤੌਰ ਮੁੱਖ ਵਿਰੋਧੀ ਧਿਰ ਮੇਰੀ ਪਾਰਟੀ ਦੇ ਲੋਕ-ਨੁਮਾਇੰਦਿਆਂ ਕੋਲ ਅਨੇਕਾਂ ਦਲਿਤਾਂ, ਗ਼ਰੀਬਾਂ, ਮਜ਼ਦੂਰਾਂ ਅਤੇ ਰੇਹੜੀ-ਫੜੀ ਵਾਲੇ 15-15, 20-20 ਹਜ਼ਾਰ ਰੁਪਏ ਤੱਕ ਦੇ ਬਿਜਲੀ ਦੇ ਬਿੱਲ ਲੈ ਕੇ ਆਪਣੇ ਦੁਖੜੇ ਰੋਂਦੇ ਹਨ। ਬਹੁਤ ਸਾਰੇ ਪਿੰਡਾਂ ਤੇ ਕਾਲੋਨੀਆਂ ‘ਚ ਬਿਜਲੀ ਦੇ ਬਿੱਲ ਨਾ ਭਰਨ ‘ਤੇ ਕੁਨੈਕਸ਼ਨ ਕੱਟਣ ਕਾਰਨ ਬੇਵੱਸ-ਮਜਬੂਰ ਲੋਕਾਂ ਅਤੇ ਬਿਜਲੀ ਮੁਲਾਜ਼ਮਾਂ ਦਰਮਿਆਨ ਤੂੰ-ਤੂੰ, ਮੈਂ-ਮੈਂ ਤੇ ਹਿੰਸਕ ਝੜਪਾਂ ਵੀ ਹੋਣ ਲੱਗੀਆਂ ਹਨ।
ਮਾਨ ਨੇ ਕਿਹਾ ਕਿ ਕੈਪਟਨ ਇਸ ਬੇਹੱਦ ਸੰਵੇਦਨਸ਼ੀਲ ਅਤੇ ਜ਼ਰੂਰੀ ਮੁੱਦੇ ‘ਤੇ ਤੁਰੰਤ ਗ਼ੌਰ ਕਰਨ ਅਤੇ ਸੂਬੇ ਦੇ ਲੋਕਾਂ ਨੂੰ ਹੱਦੋਂ ਵੱਧ ਮਹਿੰਗੀ ਬਿਜਲੀ ਦੀ ਮਾਰ ਤੋਂ ਰਾਹਤ ਦੇਣ, ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਆਮ ਆਦਮੀ ਪਾਰਟੀ ਸੂਬੇ ਦੇ ਲੋਕਾਂ ਦੀ ਸਸਤੀ ਬਿਜਲੀ ਦੀ ਲੜਾਈ ਗਲੀਆਂ ਮੁਹੱਲਿਆਂ ‘ਚ ਉੱਤਰ ਕੇ ਇੱਕ ਅੰਦੋਲਨ ਦੇ ਰੂਪ ‘ਚ ਲੜੇਗੀ।