72.05 F
New York, US
May 9, 2025
PreetNama
ਖਾਸ-ਖਬਰਾਂ/Important News

ਬ੍ਰਿਟੇਨ ‘ਚ ਮਿਲੀ ਸਿੱਖਾਂ ਨੂੰ ਰਾਹਤ, ਮਿਲਿਆ ਵੱਡਾ ਹੱਕ

ਲੰਡਨ: ਬ੍ਰਿਟੇਨ ’ਚ ਸਿੱਖਾਂ ਨੂੰ ਵੱਡੀ ਰਾਹਤ ਮਿਲੀ ਹੈ। ਸਿੱਖਾਂ ਦੀ ਕ੍ਰਿਪਾਨ ਨੂੰ ਘਾਤਕ ਹਥਿਆਰ ਬਾਰੇ ਕਾਨੂੰਨ ਵਿੱਚ ਬਾਹਰ ਰੱਖਿਆ ਗਿਆ ਹੈ। ਦੇਸ਼ ਵਿੱਚ ਚਾਕੂ ਨਾਲ ਹਮਲਿਆਂ ਦੇ ਵਧ ਰਹੇ ਮਾਮਲਿਆਂ ਨਾਲ ਨਜਿੱਠਣ ਲਈ ਨਵਾਂ ਘਾਤਕ ਹਥਿਆਰ ਬਿੱਲ ਸੰਸਦ ’ਚ ਪਾਸ ਹੋ ਗਿਆ ਹੈ। ਇਸ ਬਿੱਲ ਵਿੱਚੋਂ ਕ੍ਰਿਪਾਨ ਨੂੰ ਬਾਹਰ ਰੱਖਿਆ ਗਿਆ ਹੈ। ਮਹਾਰਾਣੀ ਐਲਿਜ਼ਾਬੈਥ ਦੂਜੀ ਵੱਲੋਂ ਇਸ ਹਫ਼ਤੇ ਬਿੱਲ ’ਤੇ ਮੋਹਰ ਲਾਏ ਜਾਣ ਮਗਰੋਂ ਇਹ ਐਕਟ ਹੋਂਦ ’ਚ ਆ ਗਿਆ ਹੈ। ਬਿੱਲ ’ਚ ਪਿਛਲੇ ਵਰ੍ਹੇ ਸੋਧ ਕੀਤੀ ਗਈ ਸੀ ਤਾਂ ਜੋ ਬ੍ਰਿਟਿਸ਼ ਸਿੱਖ ਭਾਈਚਾਰੇ ’ਤੇ ਇਸ ਦਾ ਕੋਈ ਅਸਰ ਨਾ ਪਏ।

ਗ੍ਰਹਿ ਮੰਤਰਾਲੇ ਦੇ ਤਰਜਮਾਨ ਨੇ ਕਿਹਾ,‘‘ਅਸੀਂ ਕ੍ਰਿਪਾਨ ਦੇ ਮੁੱਦੇ ’ਤੇ ਸਿੱਖਾਂ ਨਾਲ ਸੰਪਰਕ ਬਣਾ ਕੇ ਰੱਖਿਆ ਹੈ। ਨਤੀਜੇ ਵਜੋਂ ਅਸੀਂ ਬਿੱਲ ’ਚ ਸੋਧ ਕਰਕੇ ਇਹ ਯਕੀਨੀ ਬਣਾਇਆ ਕਿ ਸਿੱਖ ਧਾਰਮਿਕ ਸਮਾਗਮਾਂ ਲਈ ਵੱਡੀਆਂ ਕ੍ਰਿਪਾਨਾਂ ਦੀ ਵਰਤੋਂ ਕਰ ਸਕਣ ਅਤੇ ਉਨ੍ਹਾਂ ਦੀ ਵਿਕਰੀ ਹੋ ਸਕੇ।’’

ਬ੍ਰਿਟਿਸ਼ ਸਿੱਖਾਂ ਲਈ ਸਰਬ ਪਾਰਟੀ ਸੰਸਦੀ ਗਰੁੱਪ ਦੇ ਵਫ਼ਦ ਨੇ ਗ੍ਰਹਿ ਮੰਤਰਾਲੇ ਕੋਲ ਪਹੁੰਚ ਕਰਕੇ ਮੰਗ ਕੀਤੀ ਸੀ ਕਿ ਜਦੋਂ ਵੀ ਨਵਾਂ ਬਿੱਲ ਹੋਂਦ ’ਚ ਆਵੇ ਤਾਂ ਕ੍ਰਿਪਾਨ ਨੂੰ ਉਸ ਦੇ ਘੇਰੇ ਤੋਂ ਬਾਹਰ ਰੱਖਿਆ ਜਾਵੇ। ਗਰੁੱਪ ਦੀ ਮੁਖੀ ਲੇਬਰ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਉਸ ਨੂੰ ਸਰਕਾਰ ਵੱਲੋਂ ਕੀਤੀ ਗਈ ਸੋਧ ਨੂੰ ਦੇਖ ਕੇ ਖੁਸ਼ੀ ਹੋਈ ਹੈ ਜਿਸ ’ਚ ਸਿੱਖਾਂ ਵੱਲੋਂ ਵੱਡੀਆਂ ਕ੍ਰਿਪਾਨਾਂ ਦੀ ਵਿਕਰੀ ਜਾਂ ਉਸ ਨੂੰ ਕੋਲ ਰੱਖਣਾ ਕੋਈ ਜੁਰਮ ਨਹੀਂ ਕਰਾਰ ਦਿੱਤਾ ਗਿਆ ਹੈ।

ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਹਾਊਸ ਆਫ਼ ਕਾਮਨਜ਼ ’ਚ ਘਾਤਕ ਹਥਿਆਰਾਂ ਬਾਰੇ ਬਿੱਲ ’ਤੇ ਬਹਿਸ ਦੌਰਾਨ ਕ੍ਰਿਪਾਨ ਰੱਖਣ ਦਾ ਭਰੋਸਾ ਮੰਗਦਿਆਂ ਕਿਹਾ ਸੀ ਕਿ ਇਹ ਸਿੱਖਾਂ ਲਈ ਸੰਜੀਦਾ ਧਾਰਮਿਕ ਮਾਮਲਾ ਹੈ। ਯੂਕੇ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਨੇ ਕਿਹਾ,‘‘ਇਹ ਨਵੇਂ ਕਾਨੂੰਨ ਪੁਲੀਸ ਨੂੰ ਵਾਧੂ ਤਾਕਤਾਂ ਦੇਣਗੇ ਤਾਂ ਜੋ ਖ਼ਤਰਨਾਕ ਹਥਿਆਰਾਂ ਨੂੰ ਜ਼ਬਤ ਕੀਤਾ ਜਾ ਸਕੇ ਤੇ ਇਹ ਯਕੀਨੀ ਬਣਾਇਆ ਜਾਵੇ ਕਿ ਛੁਰੇ ਮਾਰਨ ਦੀਆਂ ਵਾਰਦਾਤਾਂ ਸੜਕਾਂ ’ਤੇ ਘੱਟ ਹੋਣ। ਐਕਟ ’ਚ ਚਾਕੂ ਅਪਰਾਧ ਰੋਕੂ ਹੁਕਮ ਵੀ ਸ਼ਾਮਲ ਹੋਵੇਗਾ ਜਿਸ ਲਈ ਪੁਲੀਸ ਨੇ ਤਾਕਤ ਮੰਗੀ ਸੀ।’’

ਜ਼ਿਕਰਯੋਗ ਹੈ ਕਿ ਵੱਡੀਆਂ ਕ੍ਰਿਪਾਨਾਂ, ਜਿਨ੍ਹਾਂ ਦਾ ਬਲੇਡ 50 ਸੈਂਟੀਮੀਟਰ ਤੋਂ ਵੱਧ ਹੁੰਦਾ ਹੈ, ਦੀ ਵਰਤੋਂ ਗੁਰਦੁਆਰਿਆਂ ’ਚ ਧਾਰਮਿਕ ਸਮਾਗਮਾਂ ਤੇ ਗਤਕੇ ਦੌਰਾਨ ਕੀਤੀ ਜਾਂਦੀ ਹੈ। ਬਿੱਲ ’ਚ ਸੋਧ ਨਾ ਹੋਣ ਕਰਕੇ ਪਹਿਲਾਂ ਇਹ ਕ੍ਰਿਪਾਨਾਂ ਵੀ ਉਸ ਦੇ ਘੇਰੇ ’ਚ ਆਉਂਦੀਆਂ ਸਨ ਪਰ ਹੁਣ ਇਸ ’ਤੇ ਸਹਿਮਤੀ ਬਣਨ ਕਰਕੇ ਸਿੱਖਾਂ ਨੂੰ ਰਾਹਤ ਮਿਲ ਗਈ ਹੈ।

Related posts

US Presidential Debate 2020 Highlights: ਅਮਰੀਕੀ ਰਾਸ਼ਟਰਪਤੀ ਲਈ ਸ਼ੁਰੂ ਹੋਈ ਜ਼ੁਬਾਨੀ ਜੰਗ, ਟਰੰਪ ‘ਤੇ ਭੜਕੇ ਬਾਇਡਨ ਨੇ ਕਿਹਾ ਇਹ

On Punjab

ਪੰਜਾਬ ਸਰਕਾਰ ਵੱਲੋਂ ਡੇਅਰੀਆਂ, ਦੁਕਾਨਾਂ ਦੀ ਅਚਨਚੇਤ ਜਾਂਚ; ਭੋਜਨ ਦੇ ਨਮੂਨੇ ਇਕੱਠੇ ਕੀਤੇ

On Punjab

ਅਮਰੀਕਾ ‘ਚ ਫੜੇ ਗਏ 3000 ਗ਼ੈਰਕਾਨੂੰਨੀ ਭਾਰਤੀ, ਔਰਤਾਂ ਵੀ ਸ਼ਾਮਲ

On Punjab