55.4 F
New York, US
October 8, 2024
PreetNama
ਖਬਰਾਂ/News

ਬਾਰਵੀਂ ਦੇ ਵਿਦਿਆਰਥੀਆਂ ਦੀ ਹਾਜ਼ਰੀ ਬਾਇਓ ਮੈਟਿ੍ਰਕ ਦੁਆਰਾ ਲਾਈ ਜਾਵੇ : ਗਰੇਵਾਲ

ਸਕੂਲੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਬਹੁਤ ਸਾਰੇ ਉਪਰਾਲੇ ਕਰਦੀਆਂ ਰਹਿੰਦੀਆਂ ਹਨ ਪਰ ਕੋਈ ਵੀ ਉਪਰਾਲਾ ਸਿੱਖਿਆ ਦੇ ਪੱਧਰ ਨੂੰ ਉੱਪਰ ਨਾ ਉਠਾ ਸਕਿਆ। ਮੌਜੂਦਾ ਹਾਲਾਤ ਇਹ ਬਣ ਚੁੱਕੇ ਹਨ ਕਿ ਸੂਬੇ ਵਿਚ ਸਕੂਲ ਅਤੇ ਕਾਲਜ ਦਾ ਕੰਮ ਸਿੱਖਿਆ ਘੱਟ ਤੇ ਡਿਗਰੀ ਵੰਡਣਾ ਜ਼ਿਆਦਾ ਹੋ ਗਿਆ ਹੈ। ਦੂਜੇ ਪਾਸੇ ਪ੍ਰਾਈਵੇਟ ਕੋਚਿੰਗ ਸੈਂਟਰ ਪੰਜਾਬ ਵਿਚ ਧੜਾਧੜ ਖੁੱਲ੍ਹ ਰਹੇ ਨੇ ਤੇ ਉਨ੍ਹਾਂ ਦਾ ਬੋਲ ਬਾਲਾ ਹੈ। ਇਸ ਸਮੱਸਿਆ ਨੂੰ ਦੇਖਦੇ ਹੋਏ ਸਮਾਜ ਸੇਵੀ ਸੰਸਥਾ ਸੁਚੇਤ ਪੰਜਾਬੀ ਵੈੱਲਫੇਅਰ ਸੁਸਾਇਟੀ ਬਿਠੰਡਾ ਵੱਲੋਂ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਓਪੀ ਸੋਨੀ ਨੂੰ ਡੀਸੀ ਬਿਠੰਡਾ ਦਫਤਰ ਰਾਹੀਂ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਪੰਜਾਬ ਦੇ ਸੀਬੀਐੱਸਈ ਮਾਨਤਾ ਪ੍ਰਾਪਤ ਸਕੂਲਾਂ ਦੇ ਵਿੱਚ ਬਾਰ੍ਹਵੀਂ ਕਲਾਸ ਦੀ ਹਾਜ਼ਰੀ ਬਾਇਓਮੈਟਿ੍ਰਕ ਮਸ਼ੀਨ ਦੁਆਰਾ ਲਗਾਈ ਜਾਵੇ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਹਰਮਿਲਾਪ ਗਰੇਵਾਲ ਨੇ ਦੱਸਿਆ ਕਿ ਸੀਬੀਐੱਸਈ ਬੋਰਡ ਦੀ ਪ੍ਰੀਖਿਆ ਦੇਣ ਲਈ ਸਕੂਲ ਵਿੱਚ ਵਿਦਿਆਰਥੀ ਦੀ 75 ਫੀਸਦੀ ਹਾਜਰੀ ਹੋਣੀ ਜ਼ਰੂਰੀ ਹੈ ਨਹੀਂ ਤਾਂ ਉਹ ਵਿਦਿਆਰਥੀ ਨੂੰ ਬੋਰਡ ਵੱਲੋਂ ਰੋਲ ਨੰਬਰ ਨਹੀਂ ਦਿੱਤਾ ਜਾਂਦਾ । ਸੀਬੀਐੱਸ ਈ ਮਾਨਤਾ ਸਕੂਲਾਂ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕੀ ਸਕੂਲ ਦੀ ਮਾਨਤਾ 55 ਫੀਸਦੀ ਪਾਸ ਮਾਰਕ ਨਾ ਹੋਣ ‘ਤੇ ਵੀ ਰੱਦ ਹੋ ਜਾਂਦੀ ਹੈ ਪਰ ਬੋਰਡ ਨੂੰ ਪਾਈ ਆਰਟੀਆਈ ਰਾਹੀਂ ਪਤਾ ਚੱਲਿਆ ਕਿ ਸੀਬੀਐਸਈ ਕੋਲ ਸਕੂਲ ਦੀ ਹਾਜ਼ਰੀ ਅਤੇ ਪਾਸ ਮਾਰਕ ਫੀਸਦੀ ਦਾ ਕੋਈ ਰਿਕਾਰਡ ਨਹੀਂ ਰੱਖਿਆ ਹੋਇਆ ਜਿਸ ਕਾਰਨ ਮਾਨਤਾ ਪ੍ਰਾਪਤ ਸਕੂਲ ਆਪਣੀ ਮਨਮਾਨੀ ਕਰ ਰਹੇ ਹਨ ਅਤੇ ਸਕੂਲ ਵਿੱਚ ਪੜ੍ਹਾਈ ਦਾ ਪੱਧਰ ਡਿੱਗਦਾ ਹੀ ਜਾ ਰਿਹਾ ਹੈ। ਸਕੂਲਾਂ ਵਿੱਚ ਵਿਦਿਆਰਥੀ ਨੂੰ ਸਿਰਫ਼ ਸਕੂਲ ਅੰਦਰ ਦਾਖਲ ਹੀ ਕੀਤਾ ਜਾਂਦਾ ਹੈ। ਉਸ ਦੀ ਹਾਜ਼ਰੀ ਫਰਜ਼ੀ ਤਰੀਕੇ ਨਾਲ ਲਗਾਈ ਜਾਂਦੀ ਹੈ ਅਤੇ ਵਿਦਿਆਰਥੀ ਕਿਸੇ ਹੋਰ ਸ਼ਹਿਰ ਵਿਚ ਪ੍ਰਾਈਵੇਟ ਕੋਚਿੰਗ ਸੈਂਟਰ ਵਿਚ ਕੋਚਿੰਗ ਲੈ ਰਿਹਾ ਹੁੰਦਾ ਹੈ। ਵਿਦਿਆਰਥੀ ਦੀ ਫਰਜ਼ੀ ਹਾਜ਼ਰੀ ਲਗਾਉਣ ਲਈ 25000-40000 ਰੁਪਏ ਲਏ ਜਾਂਦੇ ਹਨ ਅਤੇ ਪ੍ਰਾਈਵੇਟ ਕੋਚਿੰਗ ਸੈਂਟਰ ਵੀ ਸਕੂਲ ਨੂੰ 5000-10000 ਦਿੰਦੇ ਹਨ। ਪ੍ਰਾਈਵੇਟ ਕੋਚਿੰਗ ਸੈਂਟਰਾਂ ਦੀ ਫੀਸ ਵੀ 75000-250000 ਰੁਪਏ ਹੈ। ਇਹ ਸਭ ਦਾ ਬੋਝ ਮਾਪਿਆਂ ਉੱਤੇ ਪੈਂਦਾ ਹੈ ਅਤੇ ਗ਼ਰੀਬ ਘਰ ਦੇ ਵਿਦਿਆਰਥੀ ਜੋ ਏਨਾ ਪੈਸਾ ਨਹੀਂ ਲਗਾ ਸਕਦੇ ਉਨ੍ਹਾਂ ਨੂੰ ਜੋ ਪੜ੍ਹਾਈ ਦਾ ਪੱਧਰ ਮਿਲਦਾ ਹੈ ਉਹ ਕੰਪੀਟੀਸ਼ਨ ਵਿੱਚ ਨਹੀਂ ਆਉਂਦੇ। ਸੀਬੀਐਸਈ ਮਾਨਤਾ ਸਕੂਲਾਂ ਅਤੇ ਪ੍ਰਾਈਵੇਟ ਕੋਚਿੰਗ ਸੈਂਟਰਾਂ ਦੇ ਗਠਜੋੜ ਨੂੰ ਤੋੜਨ ਲਈ +2 ਦੇ ਵਿਦਿਆਰਥੀਆਂ ਦੀ ਹਾਜ਼ਰੀ ਬਾਇਓਮੈਟਿ੍ਰਕ ਮਸ਼ੀਨ ਦੁਆਰਾ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ ਜਿਸ ਨੂੰ ਜ਼ਿਲ੍ਹੇ ਦਾ ਸਿੱਖਿਆ ਵਿਭਾਗ ਦੇ ਅਫਸਰ ਕਿਸੇ ਵੀ ਟਾਈਮ ਚੈੱਕ ਕਰ ਸਕਣ। ਇਸ ਮੌਕੇ ਗੁਰਜੀਤ ਸਿੱਧੂ, ਸੰਜੀਵ ਸਚਦੇਵਾ ,ਚੰਦਰ ਮੋਹਨ, ਗੁਲਾਬ ਚੰਦ ਅਤੇ ਸੁਸਾਇਟੀ ਦੇ ਹੋਰ ਨੁਮਾਇੰਦੇ ਵੀ ਮੌਜੂਦ ਸਨ।

Related posts

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਫੂਡ ਸੇਫ਼ਟੀ ਵੈਨ ਨੂੰ ਸਿਵਲ ਸਰਜਨ ਨੇ ਕੀਤਾ ਰਵਾਨਾ 

Pritpal Kaur

ਸ਼ਮਸ਼ੇਰ ਗਿੱਲ ਕੰਜ਼ਰਵੇਟਿਵ ਪਾਰਟੀ ਦੀ ਨੈਸ਼ਨਲ ਆਊਟਰੀਚ ਸਲਾਹਕਾਰ ਕੌਂਸਲ ਦੇ ਵਾਈਸ ਚੇਅਰਮੈਨ ਨਿਯੁਕਤ

On Punjab

ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਪਾਕਿਸਤਾਨ ਤੋਂ ਚੱਲਣ ਵਾਲੇ 14 ਮੈਸੇਂਜਰ ਐਪਸ ‘ਤੇ ਬੈਨ

On Punjab