ਬਾਬਾ ਨਾਨਕ
ਜਦੋਂ ਸੀ ਬਾਬਾ ਨਾਨਕ ਆਇਆ
ਜੱਗ ਤੇ ਅੰਧਕਾਰ ਸੀ ਛਾਇਆ
ਕਲਯੁੁਗ ਭਾਰੂ ਪਿਆ ਸੀ ਸਭ ਤੇ
ਆਣ ਗੁਰਾਂ ਨੇ ਯੁਗ ਪਲਟਾਇਆ
ਵਹਿਮ ਭਰਮ ਚੋਂ ਕੱਢਣ ਦੇ ਲਈ
ਤਰਕ ਬੁੱਧੀ ਦਾ ਸਬਕ ਸਖਾਇਆ
ਜਾਤ ਪਾਤ ਦਾ ਕੜਾ ਸੀ ਪਹਿਰਾ
ੳੁਚ ਨੀਚ ਦਾ ਫਰਕ ਮਟਾਇਆ
ਨਾ ਕੋਈ ਵੈਰੀ ਨਾ ਹੀ ਵੈਗਾਨਾ
ਸਭ ਨੂੰ ਸੀਨੇ ਨਾਲ ਲਗਾਇਆ
ਧਰਮਾਂ ਦੇ ਸੀ ਬਹੁਤ ਹੀ ਝਗਡ਼ੇ
ਏਕੇ ਦਾ ਉਪਦੇਸ ਸੁਣਾਇਆ
ਮਹਿਨਤ ਕਰੋ ਵੰਡ ਕੇ ਖਾਵੋ
ਅੈਸਾ ਨਵਾਂ ਸਮਾਜ ਰਚਾਇਆ
ਔਰਤ ਬਣਦਾ ਅਾਦਰ ਪਾਵੇ
ਮਰਦ ਬਰਾਬਰ ਹੱਕ ਧਰਾਇਆ
ਵਿਧਵਾ ਵਿਅਾਹ ਨੂੰ ਹਾਮੀ ਦਿੱਤੀ
ਸਤੀ ਪ੍ਰਥਾ ਦਾ ਰੋਗ ਮਿਟਾਇਆ
ਕੋਡੇ ਰਾਕਸ ਵਰਗਿਆਂ ਤਾਂਈ
ੲਿਨਸਾਨੀਅਤ ਪਾਠ ਪੜਾਇਆ
ਕਿਰਤੀ ਦੀ ਲੁੱਟ ਬਹੁਤ ਸੀ ਹੁੰਦੀ
ਦੱਬਿਆਂ ਲੋਕਾਂ ਤਾਂਈ ਉਠਾਇਆ
ਗੰਗਾ ਜਲ ਸੁਟ ਖੇਤਾਂ ਵੱਲ ਨੂੰ
ਭਰਮੀ ਲੋਕਾਂ ਨੂੰ ਸਮਝਾਇਆ
ਰੱਬ ਦਾ ਰੂਪ ਸ਼ਕਲ ਨਾ ਕੋਈ
ਨਾਮ ਸੱਚ ਹੈ ਖੁਦ ਫੁਰਮਾਇਆ
ਸਿਖੇ ਅਤੇ ਸਿਖਾਵੇ ਸਭ ਤਾਂਈ
ਸਿੱਖਣ ਵਾਲਾ ਧਰਮ ਚਲਾਇਆ
ਭਰਮ ਭੁਲੇਖਿਆਂ ਵਿੱਚੋਂ ਕੱਢ ਕੇ
ਬਿੰਦਰਾ ਨਵਾਂ ਜਹਾਨ ਵਸਾਇਆ
Binder jaan e sahit…