ਨਵੀਂ ਦਿੱਲੀ: ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਾਲੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਆਮ ਆਦਮੀ ਪਾਰਟੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਫੂਲਕਾ ਲੰਮਾ ਸਮਾਂ ਪਾਰਟੀ ਨਾਲ ਜੁੜੇ ਰਹੇ ਪਰ ਫਿਰ ਵੀ ਉਨ੍ਹਾਂ ਸਿਰਫ਼ ਦੋ ਸਤਰਾਂ ਵਿੱਚ ਅਸਤੀਫ਼ਾ ਲਿਖ ਕੇ ਕੇਜਰੀਵਾਲ ਨੂੰ ਨਿੱਜੀ ਤੌਰ ‘ਤੇ ਸੌਂਪਿਆ। ਇਸ ਤੋਂ ਪਹਿਲਾਂ ਉਨ੍ਹਾਂ ਪੰਜਾਬ ਵਿਧਾਨ ਸਭਾ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ, ਜੋ ਹਾਲੇ ਤਕ ਪ੍ਰਵਾਨ ਨਹੀਂ ਸੀ ਹੋਇਆ। ਫੂਲਕਾ ਨੇ ਟਵੀਟ ਕਰਕੇ ਸੂਚਨਾ ਦਿੱਤੀ ਹੈ ਕਿ ਉਹ ‘ਆਪ’ ਤੋਂ ਅਸਤੀਫ਼ਾ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਅਸਤੀਫ਼ਾ ਨਾ ਕਰਨ ਦੀ ਅਪੀਲ ਕੀਤੀ ਪਰ ਉਹ ਨਾ ਮੰਨੇ। ਐਚ.ਐਸ. ਫੂਲਕਾ ਨੇ ਕਿਹਾ ਹੈ ਕਿ ਉਹ ਭਲਕੇ ਚਾਰ ਵਜੇ ਪ੍ਰੈਸ ਕਾਨਫ਼ਰੰਸ ਕਰਨਗੇ ਤੇ ‘ਆਪ’ ਛੱਡਣ ਦੇ ਕਾਰਨ ਤੇ ਆਪਣੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਖੁਲਾਸਾ ਕਰਨਗੇ। ਫੂਲਕਾ ਦਾ ਇਹ ਅਸਤੀਫਾ ‘ਆਪ’ ਲਈ ਕਾਫੀ ਨੁਕਸਾਨਦਾਇਕ ਹੋ ਸਕਦਾ ਹੈ। ਸੱਜਣ ਕੁਮਾਰ ਵਿਰੁੱਧ ਕੇਸ ਜਿੱਤ ਕੇ ਉਨ੍ਹਾਂ ਦਾ ਕੱਦ ਵੀ ਵਧ ਗਿਆ ਸੀ, ਜਿਸ ਨੂੰ ‘ਆਪ’ ਹੁਣ ਆਪਣੇ ਹਿੱਤ ਵਿੱਚ ਨਹੀਂ ਵਰਤ ਸਕੇਗੀ।ਫੂਲਕਾ ਪਹਿਲਾਂ ਹੀ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਚੁੱਕੇ ਹਨ ਅਤੇ ਹੁਣ ਉਨ੍ਹਾਂ ਪਾਰਟੀ ਵੀ ਛੱਡ ਦਿੱਤੀ ਹੈ। ਜੇਕਰ ਵਿਧਾਨ ਸਭਾ ਦੇ ਸਪੀਕਰ ਉਨ੍ਹਾਂ ਦੇ ਅਸਤੀਫ਼ੇ ਨੂੰ ਮਨਜ਼ੂਰ ਕਰਦੇ ਹਨ ਅਤੇ ਜਾਂ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਪਾਰਟੀ ਛੱਡ ਚੁੱਕੇ ਵਿਧਾਇਕ ਦੀ ਮੈਂਬਰੀ ਖਾਰਜ ਕਰਨ ਦੀ ਅਪੀਲ ਕਰਦੀ ਹੈ ਤਾਂ ਦਾਖਾ ਵਿਧਾਨ ਸਭਾ ਸੀਟ ਵੀ ਖਾਲੀ ਹੋ ਜਾਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਵਿੱਚ ਇੱਕ ਹੋਰ ਜ਼ਿਮਨੀ ਚੋਣ ਹੋਵੇਗੀ।