ਜ਼ਿਲ੍ਹਾ ਮਾਸਟਰਜ਼ ਅਥਲੈਟਿਕ ਐਸੋਸੀਏਸ਼ਨ ਵੱਲੋਂ ਸੂਬਾ ਪੱਧਰ ਤੇ ਹੋਈ ਮਾਸਟਰਜ਼ ਅਥਲੈਟਿਕ ਮੀਟ ਵਿੱਚ ਚੈਂਪੀਅਨ ਟਰਾਫ਼ੀ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਗਿਆ ਅਤੇ ਚੈਂਪੀਅਨ ਟਰਾਫ਼ੀ ਜਿੱਤ ਕੇ ਡਿਪਟੀ ਕਮਿਸ਼ਨਰ ਨੂੰ ਸਮਰਪਿਤ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਸਮੂਹ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਸਹਾਇਕ ਕਮਿਸ਼ਨਰ ਰਣਜੀਤ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸੁਨੀਲ ਕੁਮਾਰ ਅਤੇ ਜ਼ਿਲ੍ਹਾ ਮਾਸਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜੀ.ਐਸ. ਢਿੱਲੋਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਸਮੂਹ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹੇ ਦੇ ਖਿਡਾਰੀਆਂ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੂਬਾ ਪੱਧਰ ਤੇ ਹੋਈਆਂ ਇਨ੍ਹਾਂ ਮਾਸਟਰਜ਼ ਖੇਡਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਨੇ ਸਮੂਹ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਖੇਡਾਂ ਵਿੱਚ ਮੱਲ੍ਹਾਂ ਮਾਰਨ ਲਈ ਜੇਕਰ ਕਿਸੇ ਵੀ ਖਿਡਾਰੀ ਨੂੰ ਕਿਸੇ ਪ੍ਰਕਾਰ ਦੀ ਮਾਇਕ ਸਹਾਇਤਾ ਚਾਹੀਦੀ ਹੈ ਤਾਂ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਸਟਰਜ਼ ਐਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜੀ.ਐਸ. ਢਿੱਲੋਂ ਨੇ ਦੱਸਿਆ ਕਿ ਮਾਸਟਰ ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਦੀ ਯੋਗ ਅਗਵਾਈ ਹੇਠ ਪ੍ਰੀਤਮ ਸਿੰਘ ਸੋਸ਼ਲ ਵੈੱਲਫੇਅਰ ਐਂਡ ਸਪੋਰਟਸ ਅਕੈਡਮੀ ਕੋਹਾਲੀ ਅੰਮ੍ਰਿਤਸਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਕਰਵਾਈਆਂ ਗਈਆਂ ਪੰਜਾਬ ਮਾਸਟਰ ਖੇਡਾਂ 2018 ਵਿਚ ਫ਼ਿਰੋਜ਼ਪੁਰ ਦੇ 35 ਸਾਲਾਂ ਤੋਂ ਲੈ ਕੇ 95 ਸਾਲਾਂ ਤੱਕ ਦੇ ਕੁੱਲ 47 ਖਿਡਾਰੀਆਂ ਨੇ ਭਾਗ ਲਿਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਸਭ ਤੋਂ ਵੱਧ 113 ਮੈਡਲ ਜਿੱਤ ਕੇ ਓਵਰ ਆਲ ਟਰਾਫ਼ੀ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੇ 46 ਸੋਨੇ, 43 ਚਾਂਦੀ ਅਤੇ 24 ਕਾਂਸੇ ਦੇ ਮੈਡਲ ਜਿੱਤ ਕੇ ਆਪਣੇ ਜ਼ਿਲ੍ਹੇ ਦੀ ਝੋਲੀ ਵਿੱਚ ਪਾਏ ਹਨ ਅਤੇ ਪੂਰੇ ਪੰਜਾਬ ਭਰ ਵਿਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਐਸ.ਪੀ. ਐਚ. ਮਨਵਿੰਦਰ ਸਿੰਘ, ਡੇਅਰੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਬੀਰਪ੍ਰਤਾਪ ਸਿੰਘ ਗਿੱਲ, ਮੋਹਨ ਸਿੰਘ ਭੁੱਲਰ, ਜੀ.ਐਸ. ਵਿਰਕ, ਬਖਸ਼ੀਸ਼ ਸਿੰਘ ਢਿੱਲੋਂ, ਕਾਲਾ ਸਿੰਘ ਭੁੱਲਰ, ਈਸ਼ਵਰ ਚੰਦਰ, ਭਗਵਾਨ ਚੰਦ, ਗੁਰਮੇਲ ਕੁਮਾਰ ਤੋਂ ਇਲਾਵਾ ਹੋਰ ਵੀ ਖਿਡਾਰੀ ਹਾਜ਼ਰ ਸਨ।
previous post
next post