49.95 F
New York, US
April 20, 2024
PreetNama
ਖਾਸ-ਖਬਰਾਂ/Important News

ਪੰਜਾਬੀਆਂ ਲਈ ਖੁਸ਼ਖਬਰੀ! ਅੰਮ੍ਰਿਤਸਰੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਦੀ ਆਸ ਬੱਝੀ

ਅੰਮ੍ਰਿਤਸਰ: ਪੰਜਾਬ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ, ਕਿਉਂਕਿ ਹੁਣ ਇਹ ਮਸਲਾ ਕੈਨੇਡਾ ਦੀ ਸੰਸਦ ਵਿੱਚ ਚੁੱਕਿਆ ਗਿਆ ਹੈ। ਓਨਟਾਰੀਓ ਦੇ ਉੱਤਰੀ ਬ੍ਰੈਂਪਟਨ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੇ ਟੋਰੰਟੋ ਅਤੇ ਵੈਨਕੁਵਰ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੁ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਾਉਣ ਵਾਸਤੇ ਟਰੂਡੋ ਸਰਕਾਰ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ-ਕੇਂਦਰੀ ਤੋਂ ਮੈਂਬਰ ਪਾਰਲੀਮੈਂਟ ਰਣਦੀਪ ਸਰਾਏ ਨੇ ਵੀ ਇਸ ਵਿਸ਼ੇ ਸਬੰਧੀ ਏਅਰ ਕੈਨੇਡਾ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਫਲਾਈ ਅੰਮ੍ਰਿਤਸਰ ਮੁਹਿੰਮ ਦੇ ਉੱਤਰੀ ਅਮਰੀਕਾ ਦੇ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਨੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਐਮਪੀ ਸਹੋਤਾ ਤੇ ਸਰਾਏ ਏਅਰ ਕੈਨੇਡਾ ਦੇ ਨੁਮਾਇੰਦੇ ਨਾਲ ਵੀ ਇੱਕ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਇਨ੍ਹਾਂ ਉਡਾਣਾਂ ਦੀ ਲੋੜ ਤੋਂ ਜਾਣੂੰ ਕਰਵਾਇਆ ਹੈ। ਪਾਰਲੀਮੈਂਟ ਵਿਚ ਦਾਖਲ ਪਟੀਸ਼ਨ ਦੀ ਵੀਡੀਓ ਅਤੇ ਏਅਰ ਕੈਨੇਡਾ ਦੇ ਨਾਲ ਮੀਟਿੰਗ ਬਾਰੇ ਜਾਣਕਾਰੀ ਉਨ੍ਹਾਂ ਨੇ ਆਪਣੀ ਫੇਸ ਬੁੱਕ ‘ਤੇ ਪਾਈ ਹੈ। ਸਹੋਤਾ ਨੇ ਕੈਨੇਡਾ ਦੀ ਸੰਸਦ ਨੂੰ ਦੱਸਿਆ ਕਿ ਇਸ ਵਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਵੱਡੀ ਗਿਣਤੀ ਵਿੱਚ ਸਿੱਖ ਤੇ ਪੰਜਾਬੀ ਪੰਜਾਬ ਜਾਣਗੇ, ਪਰ ਸਿੱਧੀ ਫਲਾਈਟ ਦਾ ਨਾ ਹੋਣਾ ਉਨ੍ਹਾਂ ਲਈ ਵੱਡੀ ਸਿਰਦਰਦੀ ਹੋਵੇਗੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਲਈ ਉਚੇਚੇ ਕਦਮ ਚੁੱਕੇ ਜਾਣ।

ਫਲਾਈ ਅੰਮ੍ਰਿਤਸਰ ਮੁਹਿੰਮ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਕੈਨੇਡਾ ਦੇ ਦੂਸਰੇ ਪਾਰਲੀਮੈਂਟ ਮੈਂਬਰਾਂ ਅਤੇ ਲੀਡਰਾਂ ਨੂੰ ਵੀ ਅਪੀਲ ਕੀਤੀ  ਹੈ ਕਿ ਉਹ ਏਅਰ ਕੈਨੇਡਾ ਅਤੇ ਹੋਰਨਾਂ ਹਵਾਈ ਕੰਪਨੀਆਂ ਨਾਲ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਕਰਾਉਣ ਵਾਸਤੇ ਅੱਗੇ ਆਉਣ। ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਨੁਮਾਇੰਦਿਆਂ ਨੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੀ ਅੰਮ੍ਰਿਤਸਰ ਫੇਰੀ ਸਮੇਂ ਕੈਨੇਡੀਅਨ ਪਾਰਲੀਮੈਂਟ ਮੈਂਬਰ ਸੁਖ ਧਾਲੀਵਾਲ ਤੇ ਰਣਦੀਪ ਸਰਾਏ ਨਾਲ ਮੀਟਿੰਗ ਕੀਤੀ ਅਤੇ ਦੋਵਾਂ ਪਾਰਲੀਮੈਂਟ ਮੈਂਬਰਾਂ ਨੇ ਯਕੀਨ ਦੁਆਇਆ ਸੀ ਕਿ ਉਹ ਇਸ ਮਸਲੇ ਲਈ ਏਅਰ ਕੈਨੇਡਾ ਨਾਲ ਗੱਲਬਾਤ ਕਰਨਗੇ।

ਮੁਹਿੰਮ ਦੇ ਭਾਰਤ ਸਥਿਤ ਕਨਵੀਨਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਅਸੀਂ ਸਿਰਫ ਏਅਰ ਕੈਨੇਡਾ ਹੀ ਨਹੀਂ ਸਗੋਂ ਹੋਰ ਏਅਰ ਲਾਈਨਜ਼ ਜਿਵੇਂ ਕਿ ਏਅਰ ਇੰਡੀਆ, ਲੁਫਥਾਂਸਾ, ਵੈਸਟਜੈਟ, ਐਮੀਰੇਟਸ, ਟਰਕੀਸ਼ ਏਅਰਵੇਜ਼, ਬ੍ਰਿਟਿਸ਼ ਏਅਰਵੇਜ਼, ਕੇਐਲਐਮ ਆਦਿ, ਜੋ ਟੋਰੰਟੋ ਅਤੇ ਵੈਨਕੁਵਰ ਤੋਂ ਉਨ੍ਹਾਂ ਦੇ ਆਪਣੇ ਦੇਸ਼ ਦੇ ਹੱਬ ਤੋਂ ਉਡਾਣਾਂ ਚਲਾਉਂਦੀ ਹੈ ਨਾਲ ਲਗਾਤਾਰ ਰਾਬਤਾ ਕਰ ਰਹੇ ਹਾਂ ਕਿ ਉਹ ਆਪਣੀ ਹੱਬ ਰਾਹੀਂ ਕੈਨੇਡਾ ਨੂੰ ਅੰਮ੍ਰਿਤਸਰ ਨਾਲ ਜੋੜਣ। ਕਾਮਰਾ ਅਨੁਸਾਰ ਸਿੱਧੀਆਂ ਉਡਾਣਾਂ ਨਾਲ ਪੰਜਾਬ ਤੋਂ ਤਾਜ਼ੀਆਂ ਸਬਜ਼ੀਆਂ, ਫ਼ਲ ਆਦਿ ਇੰਗਲੈਂਡ ਕੈਨੇਡਾ ਤੇ ਹੋਰ ਮੁਲਕਾਂ ਨੂੰ ਜਾ ਸਕਦੇ ਹਨ, ਜਿਸ ਨਾਲ ਕਿਸਾਨਾਂ ਦੀ ਆਰਥਕ ਹਾਲਤ ਸੁਧਰ ਸਕਦੀ ਹੈ।

Related posts

ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਿਰਾਸਤ 27 ਜੂਨ ਤੱਕ ਵਧੀ

On Punjab

ਪਹਿਲੀ ਵਾਰ 500 ਤੋਂ ਵੱਧ ਸ਼ਰਧਾਲੂਆਂ ਨੇ ਟੱਪਿਆ ਕਰਤਾਰਪੁਰ ਲਾਂਘਾ

On Punjab

ਨਿਰਭਿਆ ਕੇਸ: ਦੋਸ਼ੀ ਅਕਸ਼ੇ ਦੀ ਫਾਂਸੀ ਦੀ ਸਜਾ ਬਰਕਰਾਰ

On Punjab