ਬਠਿੰਡਾ: ਬੀਤੇ ਦਿਨ ਬਠਿੰਡਾ ਵਿੱਚ ਕਾਂਗਰਸ ਦੀ ਰੈਲੀ ‘ਚ ਪਹੁੰਚੀ ਪ੍ਰਿਅੰਕਾ ਗਾਂਧੀ ਦੇ ਬਿਆਨ ‘ਤੇ ਹਰਸਿਮਰਤ ਬਾਦਲ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਦਾ ਪੰਜਾਬ ਨਾਲ ਦੂਰ-ਦੂਰ ਤਕ ਕੋਈ ਨਾਤਾ ਨਹੀਂ, ਉਹ ਆਪਣੇ-ਆਪ ਨੂੰ ਪੰਜਾਬ ਦੀ ਝੂਠੀ ਨੂੰਹ ਕਹਿ ਰਹੀ ਹੈ ਜਦਕਿ ਹਕੀਕਤ ਵਿੱਚ ਇਹ ਉਸ ਬਾਪ ਦੀ ਧੀ ਹੈ, ਜਿਸ ਨੇ ਸਾਡੇ ਹਜ਼ਾਰਾਂ ਭੈਣ-ਭਰਾਵਾਂ ਦਾ ਕਤਲ ਕਰਵਾਇਆ। ਇਸੇ ਦੌਰਾਨ ਹਰਸਿਮਰਤ ਨੇ ਕਿਹਾ, ‘ਮੈਂ ਪਰਮਾਤਮਾ ਨੂੰ ਅਰਦਾਸ ਬੇਨਤੀ ਕਰਦੀ ਹਾਂ ਕੇ ਉਨ੍ਹਾਂ ਦਾ ਕੁਝ ਵੀ ਨਾ ਰਹੇ ਜਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ, ਉਨ੍ਹਾਂ ਉੱਪਰ ਵਸ਼ੀਕਰਨ ਕਰਨ ਵਾਲਿਆਂ ਦਾ ਵੀ ਕੱਖ ਨਾ ਬਚੇ।’
ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਸਿੱਖ ਕੌਮ ਦਾ ਸਭ ਤੋਂ ਵੱਡਾ ਦੋਸ਼ੀ ਹੈ, ਇਨ੍ਹਾਂ ਨੂੰ ਤਾਂ ਆਪਣਾ ਨੱਕ ਰਗੜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਬਿਆਨਾਂ ‘ਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਸਵਾਗਤ ਹੈ, ਪਰ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਉਨ੍ਹਾਂ ਦੇ ਗੋਲਗੱਪੇ ਤੇ ਜੋ ਉਹ ਲੋਕਾਂ ਨੂੰ ਗੱਪ ਸੁਣਾਉਂਦੇ ਹਨ, ਉਹ ਹਰ ਥਾਂ ਨਹੀਂ ਚੱਲਣ ਵਾਲੇ। ਹਰਸਿਮਰਤ ਨੇ ਕਿਹਾ ਕਿ ਲੋਕ ਸਿੱਧੂ ਦੇ ਝੂਠਾਂ ਤੋਂ ਤੰਗ ਆ ਚੁੱਕੇ ਹਨ। ਢਾਈ ਸਾਲ ਵਿੱਚ ਲੋਕ ਉਨ੍ਹਾਂ ਦੇ ਝੂਠ ਸੁਣ-ਸੁਣ ਕੰਮ ਪੱਕ ਗਏ ਹਨ। ਹੁਣ ਲੋਕ ਕੰਮ ਚਾਹੁੰਦੇ ਹਨ।
ਪ੍ਰਿਅੰਕਾ ‘ਤੇ ਬੋਲਦਿਆਂ ਹਰਸਿਮਰਤ ਨੇ ਕਿਹਾ ਕਿ ਪਿਛਲੇ ਢਾਈ ਸਾਲਾਂ ਤੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਤੇ ਉਦੋਂ ਦਾ ਇਨ੍ਹਾਂ ਨੂੰ ਕਿਨ੍ਹਾਂ ਨੇ ਰੋਕ ਰੱਖਿਆ ਸੀ। ਉਨ੍ਹਾਂ ਕਿਹਾ ਕਿ ਸ਼ਰਮ ਆਉਂਦੀ ਹੈ ਕਿ ਇਹ ਲੋਕ (ਸਿੱਧੂ ਪਰਿਵਾਰ) ਸਿੱਖ ਹੋਣ ਦੇ ਬਾਵਜੂਦ ਗਾਂਧੀ ਪਰਿਵਾਰ ਅੱਗੇ ਸਿਰ ਝੁਕਾਉਂਦੇ ਹਨ ਜਿਨ੍ਹਾਂ ਗੁਰੂ ਘਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤੋਪਾਂ ਚਲਾ ਕੇ ਇਤਿਹਾਸ ਦੀ ਸਭ ਤੋਂ ਵੱਡੀ ਬੇਅਦਬੀ ਕੀਤੀ।
ਹਰਸਿਮਰਤ ਨੇ ਕਾਂਗਰਸ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਨ ਵਾਲਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰਨ ਨਾ ਕੇ ਉਸ ਉੱਪਰ ਆਪਣੀਆਂ ਸਿਆਸੀ ਰੋਟੀਆਂ ਸੇਕਣ। ਨਵਜੋਤ ਕੌਰ ਸਿੱਧੂ ਦੇ ਬਿਆਨ ਬਾਰੇ ਕਿਹਾ ਕਿ ਉਹ ਠੀਕ ਹੀ ਕਹਿ ਰਹੇ ਹਨ। ਨਵਜੋਤ ਸਿੰਘ ਸਿੱਧੂ ਤਾਂ ਕੈਪਟਨ ਦੇ ਪਿੱਛੇ ਪਏ ਹੋਏ ਹਨ। ਸਿੱਧੂ ਦੇ ਬਠਿੰਡਾ ਵਿੱਚ 10 ਰੈਲੀਆਂ ਕਰਨ ਬਾਰੇ ਉਨ੍ਹਾਂ ਕਿਹਾ ਕਿ ਚੋਣ ਮੁਹਿੰਮ ਸ਼ੁਰੂ ਹੋਇਆਂ ਡੇਢ ਮਹੀਨਾ ਬੀਤ ਗਿਆ ਪਰ ਹੁਣ 10 ਰੈਲੀਆਂ ਨਾਲ ਕਿਹੜਾ ਧੂੰਆਂ ਕੱਢਣਾ ਹੈ। ਹੁਣ ਤਾਂ ਜਨਤਾ 19 ਮਈ ਨੂੰ ਕਾਂਗਰਸੀਆਂ ਦਾ ਧੂੰਆਂ ਕੱਢੇਗੀ।