ਪਟਨਾ: ਜ਼ਿਲ੍ਹਾ ਮਧੂਬਨੀ ਦੇ ਰਾਜਨਗਰ ਥਾਣੇ ਦੇ ਰਘੂਵੀਰਚੱਕ ਉੱਤਰੀ ਪਿੰਡ ਵਿੱਚ ਇੱਕ ਲਾੜਾ ਨਸ਼ੇ ‘ਚ ਟੱਲੀ ਹੋ ਕੇ ਜੰਞ ਲੈ ਕੇ ਆਇਆ। ਪ੍ਰਾਹੁਣੇ ਨੂੰ ਸ਼ਰਾਬ ‘ਚ ਟੱਲੀ ਵੇਖ ਵਿਆਹ ਵਾਲੀ ਕੁੜੀ ਨੇ ਵਿਆਹ ਕਰਾਉਣੋਂ ਇਨਕਾਰ ਕਰ ਦਿੱਤਾ। ਰਾਧਾ ਨਾਂ ਦੀ ਲਾੜੀ ਨੇ ਨਾ ਸਿਰਫ ਵਿਆਹ ਤੋਂ ਇਨਕਾਰ ਕੀਤਾ, ਬਲਕਿ ਲਾੜੇ ਸੁਮਨ ਦੇ ਮਾਪਿਆਂ ਨੂੰ ਵਿਆਹ ਦਾ ਸਾਰਾ ਖ਼ਰਚ ਦੇਣ ਲਈ ਵੀ ਕਿਹਾ। ਇਸ ਗੱਲ ਬਾਰੇ ਸੋਮਵਾਰ ਦੇਰ ਸ਼ਾਮ ਤਕ ਪੰਚਾਇਤ ਚੱਲਦੀ ਰਹੀ ਜਿਸ ਵਿੱਚ ਦੋਵਾਂ ਧਿਰਾਂ ਦੇ ਲੋਕ ਮੌਜੂਦ ਰਹੇ। ਪੰਚਾਇਤ ਨੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਸ਼ਰਾਬ ਪੀਣਾ ਠੀਕ ਨਹੀਂ। ਉਨ੍ਹਾਂ ਕੁੜੀ ‘ਤੇ ਮਾਣ ਜਤਾਇਆ।
ਸ਼ਤਰੂਘਨ ਰਾਮ ਦੇ ਘਰ ਵਾਜੇ-ਗਾਜੇ ਨਾਲ ਬਾਰਾਤ ਆਈ। ਉਨ੍ਹਾਂ ਦਿਲ ਖੋਲ੍ਹ ਕੇ ਜੰਞ ਦਾ ਸਵਾਗਤ ਕੀਤਾ ਪਰ ਜਿਵੇਂ ਹੀ ਲਾੜੀ ਦੀ ਨਜ਼ਰ ਆਪਣੇ ਹੋਣ ਵਾਲੇ ਪਤੀ ‘ਤੇ ਗਈ, ਉਸ ਦੀਆਂ ਹਰਕਤਾਂ ਵੇਖ ਥੋੜ੍ਹਾ ਸ਼ੱਕ ਹੋਇਆ। ਜੈਮਾਲਾ ਦੀ ਰਸਮ ਕਰਨ ਲਈ ਲਾੜੇ ਨੂੰ ਮੁਸ਼ਕਲ ਨਾਲ ਕਾਰ ਵਿੱਚੋਂ ਕੱਢ ਕੇ ਸਟੇਜ ਤਕ ਪਹੁੰਚਾਇਆ ਗਿਆ। ਲਾੜਾ ਸਟੇਜ ‘ਤੇ ਤਾਂ ਚੜ੍ਹ ਗਿਆ, ਪਰ ਨਸ਼ੇ ਦੇ ਹਾਲਤ ਵਿੱਚ ਲੜਖੜਾ ਰਿਹਾ ਸੀ। ਉਸ ਨੂੰ ਕੋਈ ਹੋਸ਼ ਨਹੀਂ ਸੀ।
ਇਸ ਮਗਰੋਂ ਲਾੜਾ ਅਜੀਬ ਹਰਕਤਾਂ ਕਰਨ ਲੱਗਾ ਤੇ ਲਾੜੀ ਦੀਆਂ ਸਾਥੀ ਕੁੜੀਆਂ ਨੂੰ ਗਾਲ਼੍ਹਾਂ ਕੱਢਣ ਲੱਗਾ। ਲਾੜੀ ਕੁਝ ਦੇਰ ਤਾਂ ਜੈਮਾਲਾ ਫੜ ਖੜ੍ਹੀ ਰਹੀ ਪਰ ਥੋੜ੍ਹੀ ਦੇਰ ਬਾਅਦ ਉਸ ਨੇ ਚੀਕ ਕੇ ਐਲਾਨ ਕਰ ਦਿੱਤਾ ਕਿ ਉਹ ਵਿਆਹ ਨਹੀਂ ਕਰੇਗੀ। ਇਸ ਪਿੱਛੋਂ ਉਹ ਸਟੇਜ ਤੋਂ ਉੱਤਰ ਗਈ ਤੇ ਆਪਣੇ ਕਮਰੇ ਵਿੱਚ ਚਲੀ ਗਈ।
ਕੁੜੀ ਦੇ ਘਰਦਿਆਂ ਉਸ ਨੂੰ ਬਹੁਤ ਸਮਝਾਇਆ ਪਰ ਉਸ ਨੇ ਕਿਸੇ ਦੀ ਇੱਕ ਨਾ ਸੁਣੀ। ਕੁੜੀ ਦੀ ਜ਼ਿੱਦ ਅੱਗੇ ਸ਼ਤਰੂਘਨ ਰਾਮ ਹਾਰ ਗਏ ਤੇ ਉਸ ਨਾਲ ਸਹਿਮਤੀ ਜਤਾਈ। ਉਨ੍ਹਾਂ 125 ਬਾਰਾਤੀਆਂ ਨੂੰ ਖਾਣਾ ਖਵਾਇਆ ਤੇ ਬੜੇ ਆਦਰ-ਮਾਣ ਨਾਲ ਦਰਵਾਜ਼ੇ ‘ਤੇ ਜਾ ਕੇ ਵਿਦਾ ਕੀਤਾ ਪਰ ਉਨ੍ਹਾਂ ਲਾੜਾ ਸੁਮਨ ਤੇ ਉਸ ਦੇ ਮਾਪਿਆਂ ਨੂੰ ਰੋਕ ਲਿਆ।