79.41 F
New York, US
July 14, 2025
PreetNama
ਰਾਜਨੀਤੀ/Politics

ਪਹਿਲੇ ਦਿਨ ਨਵਜੋਤ ਸਿੱਧੂ ਨਹੀਂ ਪੁੱਜੇ ਪੰਜਾਬ ਅਸੈਂਬਲੀ, ਸੀਟ ਵੀ ਬਦਲੀ

ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਹ ਸੈਸ਼ਨ ਤਿੰਨ ਦਿਨਾਂ ਤੱਕ ਚੱਲਣਾ ਹੈ।

ਅੱਜ ਕੈਬਿਨੇਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਨਹੀਂ ਆਏ। ਉਨ੍ਹਾਂ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਸਦਨ ’ਚ ਨਹੀਂ ਪੁੱਜੇ।

ਪਹਿਲੇ ਦਿਨ ਸਦਨ ਦੀ ਕਾਰਵਾਈ ਸਿਰਫ਼ 14 ਕੁ ਮਿੰਟ ਹੀ ਚੱਲੀ; ਜਿਸ ਦੌਰਾਨ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇ ਕੇ ਸਦਨ ਮੁਲਤਵੀ ਕਰ ਦਿੱਤਾ ਗਿਆ। ਇਹ ਸਦਨ ਦੁਪਹਿਰ ਦੋ ਵਜੇ ਸ਼ੁਰੂ ਹੋਇਆ ਤੇ 2:14 ਵਜੇ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ।

ਹੁਣ ਇਸ ਦੀ ਕਾਰਵਾਈ ਸੋਮਵਾਰ ਤੇ ਮੰਗਲਵਾਰ ਦੋ ਦਿਲ ਚੱਲੇਗੀ। ਇਹ ਵੀ ਪਤਾ ਲੱਗਾ ਹੈ ਕਿ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਹ ਅੱਜ ਵਿਧਾਨ ਸਭਾ ’ਚ ਨਹੀਂ ਪੁੱਜ ਸਕੇ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੋਵੇਗਾ; ਜਦੋਂ ਇਹ ਪਾਰਟੀ ਬਾਦਲ ਪਿਤਾ ਤੇ ਪੁੱਤਰ ਤੋਂ ਬਗ਼ੈਰ ਵਿਧਾਨ ਸਭਾ ਸੈਸ਼ਨ ਦੌਰਾਨ ਸਰਕਾਰ ਦਾ ਸਾਹਮਣਾ ਕਰੇਗੀ। ਇਸ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਵਿੱਚੋਂ ਕੋਈ ਇੱਕ ਜਣਾ ਸਦਨ ਵਿੱਚ ਮੌਜੂਦ ਨਾ ਹੋਵੇ।

ਉੱਧਰ ਕ੍ਰਿਕੇਟਰ ਤੋਂ ਸਿਆਸੀ ਆਗੂ ਬਣੇ ਸ੍ਰੀ ਨਵਜੋਤ ਸਿੰਘ ਸਿੱਧੂ ਪਹਿਲਾਂ ਤਾਂ ਮੰਤਰੀ ਸਨ; ਇਸ ਲਈ ਉਨ੍ਹਾਂ ਨੂੰ ਸੀਟ ਅੱਗੇ ਮਿਲਦੀ ਸੀ ਪਰ ਹੁਣ ਉਨ੍ਹਾਂ ਦੀ ਸੀਟ ਕਿਤੇ ਪਿਛਾਂਹ ਆਮ ਵਿਧਾਇਕਾਂ ਵਿੱਚ ਚਲੀ ਗਈ ਹੈ ਕਿਉਂਕਿ ਉਹ ਹੁਣ ਮੰਤਰੀ ਨਹੀਂ ਰਹੇ।

ਅਜ ਮੀਡੀਆ ਦੇ ਬਹੁਤੇ ਫ਼ੋਟੋਗ੍ਰਾਫ਼ਰਾਂ ਤੇ ਪੱਤਰਕਾਰਾਂ ਵਿੱਚ ਇਹ ਤਾਂਘ ਵਧੇਰੇ ਪਾਈ ਗਈ ਕਿ ਜੇ ਨਵਜੋਤ ਸਿੰਘ ਸਿੱਧੂ ਸਦਨ ’ਚ ਆਉਣ, ਤਾਂ ਉਹ ਉਨ੍ਹਾਂ ਦੀ ਕੋਈ ਤਸਵੀਰ ਲੈ ਸਕਣ ਜਾਂ ਉਨ੍ਹਾਂ ਤੋਂ ਕੋਈ ਸੁਆਲ ਪੁੱਛ ਸਕਣ। ਪਰ ਕਿਸੇ ਫ਼ੋਟੋਗ੍ਰਾਫ਼ਰ ਜਾਂ ਪੱਤਰਕਾਰ ਦੀ ਅਜਿਹੀ ਕੋਈ ਇੱਛਾ ਪੂਰੀ ਨਹੀਂ ਹੋ ਸਕੀ।

Related posts

Union Budget 2021: ਦੇਸ਼ ’ਚ ਬਣਨਗੀਆਂ 7 Mega Textile Parks, ਮਿਲਣਗੇ ਰੁਜ਼ਗਾਰ ਦੇ ਨਵੇਂ ਮੌਕੇ

On Punjab

ਅੱਤਵਾਦੀ ਹਮਲੇ ‘ਚ ਸ਼ਹੀਦ ਫੌਜੀਆਂ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਮ ਵਿਦਾਈ

On Punjab

ਸੁਪਰੀਮ ਕੋਰਟ ਦੇ ਰਿਟਾਇਰਡ ਜਸਟਿਸ ਅਰੁਣ ਕੁਮਾਰ ਮਿਸ਼ਰਾ ਨੇ ਸੰਭਾਲਿਆ NHRC ਦੇ ਨਵੇਂ ਚੇਅਰਮੈਨ ਦਾ ਕਾਰਜਭਾਰ ਸੰਭਾਲਿਆ

On Punjab