ਨਵੀਂ ਦਿੱਲੀ: ਭਾਰਤ ਦੇ ਦਿੱਗਜ ਖਿਡਾਰੀ ਲਿਏਂਡਰ ਪੇਸ ਸੋਮਵਾਰ ਨੂੰ ਪਹਿਲੀ ਵਾਰ 19 ਸਾਲਾਂ ਵਿਚ ਡਬਲ ਰੈਂਕਿੰਗ ਵਿੱਚ ਟਾਪ-100 ਵਿਚੋਂ ਬਾਹਰ ਹੋ ਗਏ ਹਨ । ਏਟੀਪੀ ਰੈਂਕਿੰਗ ਵਿੱਚ ਪੇਸ ਪੰਜ ਸਥਾਨ ਖਿਸ ਕੇ 101ਵੇਂ ਸਥਾਨ ‘ਤੇ ਪਹੁੰਚ ਗਏ ਹਨ । ਦਰਅਸਲ, ਪੇਸ ਦੇ 856 ਅੰਕ ਹਨ ਤੇ ਉਹ ਭਾਰਤੀ ਖਿਡਾਰੀਆਂ ਵਿਚੋਂ ਚੋਟੀ ਰੈਂਕਿੰਗ ‘ਤੇ ਕਾਬਜ਼ ਚੌਥੇ ਸਰਬਉੱਚ ਖਿਡਾਰੀ ਹਨ ।ਉਨ੍ਹਾਂ ਤੋਂ ਇਲਾਵਾ ਇਸ ਰੈੰਕਿੰਗ ਵਿਚ ਰੋਹਨ ਬੋਪੰਨਾ 38ਵੇਂ, ਦਿਵਿਜ ਸ਼ਰਣ 46ਵੇਂ ਤੇ ਪੂਰਬ ਰਾਜਾ 93ਵੇਂ ਸਥਾਨ ‘ਤੇ ਹਨ । ਜ਼ਿਕਰਯੋਗ ਹੈ ਕਿ ਰਾਜਾ ਅੱਠ ਸਥਾਨ ਦੀ ਛਾਲ ਲਗਾ ਕੇ ਫਿਰ ਟਾਪ-100 ਵਿੱਚ ਪਹੁੰਚ ਗਏ ਹਨ । ਇਸ ਤੋਂ ਪਹਿਲਾਂ 46 ਸਾਲਾਂ ਪੇਸ ਅਕਤੂਬਰ 2000 ਵਿੱਚ ਟਾਪ-100 ਤੋਂ ਬਾਹਰ ਸਨ ।
ਉਸ ਦੌਰਾਨ ਪੇਸ ਦੀ ਏਟੀਪੀ ਰੈਂਕਿੰਗ 118 ਸੀ । ਲਿਏਂਡਰ ਪੇਸ ਨੇ ਹਮਵਤਨ ਮਹੇਸ਼ ਭੂਪਤੀ ਨਾਲ ਮਿਲ ਕੇ ਇਕ ਸਮੇਂ ਪੁਰਸ਼ ਡਬਲ ਵਿੱਚ ਦਮਦਾਰ ਜੋੜੀ ਬਣਾਈ ਸੀ, ਪਰ ਬਾਅਦ ਵਿੱਚ ਇਹ ਜੋੜੀ ਟੁੱਟ ਗਈ ।
ਦੱਸ ਦੇਈਏ ਕਿ ਪੇਸ ਅਗਸਤ 2014 ਵਿੱਚ ਟਾਪ 10 ਤੋਂ ਬਾਹਰ ਹੋ ਗਿਆ ਸੀ ਤੇ ਦੋ ਸਾਲ ਬਾਅਦ ਉਹ ਟਾਪ 50 ਵਿੱਚ ਵੀ ਨਹੀਂ ਰਿਹਾ ਸੀ । ਹੁਣ ਤਕ 18 ਗ੍ਰੈਂਡ ਸਲੈਮ ਖਿਤਾਬ ਜਿੱਤ ਚੁੱਕੇ ਪੇਸ ਇਸ ਸਾਲ ਸਤੰਬਰ ਵਿੱਚ ਯੂ. ਐੱਲ. ਏ. ਓਪਨ ਵਿੱਚ ਖੇਡਣ ਤੋਂ ਬਾਅਦ ਕੋਰਟ ‘ਤੇ ਨਹੀਂ ਉਤਰੇ ਹਨ ।