ਨਵੀਂ ਦਿੱਲੀ: ਅਮਰੀਕਾ ਦੀ ਯੂਨਾਈਟਿਡ ਏਅਰਲਾਈਨਜ਼ (United Airlines) ਨੇ ਨਿਊਯਾਰਕ ਤੋਂ ਦਿੱਲੀ ਤੇ ਮੁੰਬਈ ਦਰਮਿਆਨ ਸਿੱਧੀ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਛੇ ਸਤੰਬਰ 2019 ਤੋਂ ਭਾਰਤ ਲਈ ਰੋਜ਼ਾਨਾ ਸਿੱਧੀ ਉਡਾਣ ਸ਼ੁਰੂ ਕਰੇਗੀ। ਬਾਲਾਕੋਟ ਏਅਰ ਸਟ੍ਰਾਈਕ ਤੋਂ ਤਕਰੀਬਨ ਸਾਢੇ ਚਾਰ ਮਹੀਨੇ ਬਾਅਦ ਪਾਕਿਸਤਾਨ ਨੇ ਭਾਰਤ ਲਈ ਆਪਣਾ ਹਵਾਈ ਖੇਤਰ ਖੋਲ੍ਹ ਦਿੱਤਾ ਹੈ।
ਇਸ ਰੋਕ ਦੇ ਕਾਰਨ ਰੋਜ਼ਾਨਾ ਤਕਰੀਬਨ 400 ਉਡਾਣਾਂ ਪ੍ਰਭਾਵਿਤ ਹੋਈਆਂ, ਜਿਸ ਕਾਰਨ ਪਾਕਿਸਤਾਨ ਨੂੰ ਤਕਰੀਬਨ 10 ਕਰੋੜ ਡਾਲਰ ਯਾਨੀ ਤਕਰੀਬਨ 6.8 ਅਰਬ ਰੁਪਏ ਦਾ ਨੁਕਸਾਨ ਹੋਇਆ। ਇਸ ਤੋਂ ਇਲਾਵਾ ਪਾਕਿਸਤਾਨ ਦੇ ਉਡਾਣ ਖੇਤਰ ਦੀ ਦੱਖਣੀ ਤੇ ਦੱਖਣ ਪੂਰਬੀ ਏਸ਼ੀਆ ਤਕ ਪਹੁੰਚ ਲਈ ਵੱਡੀ ਮੰਗ ਹੈ। ਕੁਆਲਾਲੰਪੁਰ ਤੇ ਬੈਂਕਾਕ ਜਿਹੀਆਂ ਥਾਵਾਂ ‘ਤੇ ਜਾਣ ਵਾਲੀਆਂ ਉਡਾਣਾਂ ਕਾਰਨ ਪਾਕਿਸਤਾਨ ਨੂੰ ਰੋਜ਼ਾਨਾ ਸਾਢੇ ਚਾਰ ਲੱਖ ਡਾਲਰ ਦਾ ਨੁਕਸਾਨ ਹੋਇਆ।
ਉੱਧਰ, ਭਾਰਤ ਦੀ ਜਨਤਕ ਉਡਾਣ ਕੰਪਨੀ ਏਅਰ ਇੰਡੀਆ ਨੇ ਵੀ 27 ਸਤੰਬਰ ਨੂੰ ਕੌਮਾਂਤਰੀ ਸੈਰ ਸਪਾਟਾ ਦਿਵਸ ਮੌਕੇ ਦਿੱਲੀ ਤੋਂ ਟੋਰੰਟੋ ਲਈ ਸਿੱਧੀ ਉਡਾਣ ਸ਼ੁਰੂ ਕਰੇਗੀ। ਏਅਰਲਾਈਨ ਦਾ ਇਰਾਦਾ ਹੈ ਕਿ ਨੈਰੋਬੀ, ਕੀਨੀਆ ਲਈ ਵੀ ਸਿੱਧੀ ਉਡਾਣ ਸ਼ੁਰੂ ਕੀਤੀ ਜਾ ਸਕੇ।