ਲਖਨਊ: ਉੱਤਰ ਪ੍ਰਦੇਸ਼ ਦੇ ਹਮੀਰਪੁਰ ਦੀਆਂ ਦੋ ਔਰਤਾਂ ਨੇ ਆਪਣੇ ਪਤੀਆਂ ਨੂੰ ਤਲਾਕ ਦੇ ਕੇ ਇੱਕ-ਦੂਜੇ ਨਾਲ ਵਿਆਹ ਕਰਵਾ ਲਿਆ ਹੈ। ਦੀਪਸ਼ਿਖਾ ਤੇ ਅਭਿਲਾਸ਼ਾ ਪਿਛਲੇ ਛੇ ਸਾਲਾਂ ਤੋਂ ਪ੍ਰੇਮ ਵਿੱਚ ਹਨ ਪਰ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਦੇ ਰਿਸ਼ਤੇ ਦੇ ਖ਼ਿਲਾਫ਼ ਸਨ। ਹੁਣ ਉਨ੍ਹਾਂ ਨੇ ਸਮਾਜ ਦੇ ਬੰਧਨਾਂ ਨੂੰ ਤੋੜਦਿਆਂ ਆਪਣਾ ਪਿਆਰ ਪਾ ਲਿਆ ਹੈ।
ਦੋਵੇਂ ਔਰਤਾਂ ਦੀ ਉਮਰ 24 ਤੇ 26 ਸਾਲ ਦੀ ਹੈ। ਉਨ੍ਹਾਂ ਨੇ ਆਪਣੇ ਵਿਆਹ ਸਬੰਧੀ ਵਕੀਲ ਦਇਆ ਸ਼ੰਕਰ ਤਿਵਾਰੀ ਤੋਂ ਵੀ ਕਾਨੂੰਨੀ ਸਲਾਹ ਲਈ। ਦੋਵਾਂ ਦਾ ਕਹਿਣਾ ਹੈ ਕਿ ਸਾਨੂੰ ਸਾਡੇ ਵਕੀਲ ਨੇ ਦੱਸਿਆ ਕਿ ਜਦ ਸੁਪਰੀਮ ਕੋਰਟ ਨੇ ਧਾਰਾ 377 ਨੂੰ ਹਟਾ ਦਿੱਤਾ ਹੈ ਤਾਂ ਅਸੀਂ ਇਕੱਠੇ ਰਹਿ ਸਕਦੇ ਹਾਂ ਤੇ ਸਾਨੂੰ ਕੋਈ ਵੀ ਪ੍ਰੇਸ਼ਾਨ ਨਹੀਂ ਕਰੇਗਾ।
ਸਮਲਿੰਗੀ ਜੋੜੇ ਨੇ ਛੇ ਸਾਲ ਪਹਿਲਾਂ ਕਾਲਜ ਛੱਡਿਆ ਸੀ ਤੇ ਦੋਵਾਂ ਦੇ ਪਰਿਵਾਰਾਂ ਨੇ ਉਨ੍ਹਾਂ ਦੀ ਲਿੰਗਕ ਰੁਚੀ ਦੇਖ ਕੇ ਛੇ ਮਹੀਨਿਆਂ ਦੇ ਅੰਦਰ-ਅੰਦਰ ਵਿਆਹ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਆਪਣੇ ਪਤੀਆਂ ਨੂੰ ਤਲਾਕ ਦੇਣ ਤੇ ਇਕੱਠੇ ਰਹਿਣ ਲਈ ਉਨ੍ਹਾਂ ਲੰਮੀ ਕਾਨੂੰਨੀ ਲੜਾਈ ਲੜੀ।
ਹਾਲਾਂਕਿ, ਉਹ ਆਪਣੇ ਵਿਆਹ ਨੂੰ ਕਾਨੂੰਨੀ ਮਾਨਤਾ ਨਹੀਂ ਦਿਵਾ ਸਕਦੀਆਂ। ਬੁੰਦੇਲਖੰਡ ਦੇ ਮੈਰਿਜ ਰਜਿਸਟ੍ਰਾਰ ਨੇ ਕਿਹਾ ਕਿ ਕਾਨੂੰਨ ਵਿੱਚ ਇੱਕੋ ਲਿੰਗ ਦੇ ਵਿਅਕਤੀਆਂ ਦਾ ਵਿਆਹ ਦਰਜ ਕਰਨ ਦੀ ਕੋਈ ਸੁਵਿਧਾ ਨਹੀਂ ਹੈ ਤੇ ਨਾ ਹੀ ਇਸ ਬਾਬਤ ਕੋਈ ਆਨਲਾਈਨ ਪ੍ਰੋਫਾਰਮਾ ਹੈ। ਦੋਵਾਂ ਦੇ ਵਕੀਲ ਤਿਵਾਰੀ ਨੇ ਕਿਹਾ ਕਿ ਉਹ ਹੁਣ ਰਜਿਸਟ੍ਰਾਰ ਦੇ ਫੈਸਲੇ ਨੂੰ ਅਦਾਲਤ ਵਿੱਚ ਲੈ ਕੇ ਜਾਣਗੇ।