ਨੇਪਾਲ ਦੀ ਅਦਾਲਤ ਨੇ ਆਪਣੇ ਆਪ ਨੂੰ ਭਗਵਾਨ ਬੁੱਧ ਦਾ ਅਵਤਾਰ ਮੰਨਣ ਵਾਲੇ ਇੱਕ ਵਿਅਕਤੀ ਨੂੰ ਯੌਨ ਸ਼ੋਸ਼ਣ ਦੇ ਦੋਸ਼ ਵਿੱਚ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਰਾਮ ਬਹਾਦੁਰ ਬਮਜਾਨ ਨੂੰ ਨੇਪਾਲ ਦੀ ਅਦਾਲਤ ਨੇ ਨਾਬਾਲਗ ਲੜਕੀਆਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਜੇਲ੍ਹ ਦੀ ਸਜ਼ਾ ਸੁਣਾਈ ਹੈ। ਬਮਜਾਨ ਨੂੰ ਜਨਵਰੀ ਵਿੱਚ ਕਾਠਮੰਡੂ ਦੇ ਬਾਹਰਵਾਰ ਇੱਕ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਖਣੀ ਨੇਪਾਲ ਦੀ ਸਰਲਾਹੀ ਜ਼ਿਲ੍ਹਾ ਅਦਾਲਤ ਦੇ ਇੱਕ ਅਦਾਲਤੀ ਅਧਿਕਾਰੀ ਸਿਕੰਦਰ ਕਾਪਰ ਨੇ ਕਿਹਾ ਕਿ ਇੱਕ ਜੱਜ ਨੇ 33 ਸਾਲਾ ਬਾਮਜਾਨ ਨੂੰ ਪੀੜਤ ਨੂੰ 3,750 ਡਾਲਰ ਮੁਆਵਜ਼ਾ ਦੇਣ ਦਾ ਹੁਕਮ ਵੀ ਦਿੱਤਾ ਹੈ।
ਰਾਮ ਬਹਾਦੁਰ ਬਮਜਾਨ ਦੇ ਵਕੀਲ ਦਲੀਪ ਕੁਮਾਰ ਝਾਅ ਨੇ ਕਿਹਾ ਕਿ ਉਹ ਇਸ ਸਜ਼ਾ ਖਿਲਾਫ ਹਾਈਕੋਰਟ ‘ਚ ਅਪੀਲ ਕਰਨਗੇ।
ਰਾਮ ਬਹਾਦੁਰ ਬਮਜਾਨ 2005 ਵਿੱਚ ਉਸ ਸਮੇਂ ਸੁਰਖੀਆਂ ਵਿੱਚ ਆਇਆ ਜਦੋਂ ਇਹ ਖ਼ਬਰ ਫੈਲ ਗਈ ਕਿ ਇੱਕ 15 ਸਾਲ ਦਾ ਲੜਕਾ 10 ਮਹੀਨਿਆਂ ਤੋਂ ਜੰਗਲ ਵਿੱਚ ਇੱਕ ਦਰੱਖਤ ਹੇਠਾਂ ਬੈਠ ਕੇ ਤਪੱਸਿਆ ਕਰ ਰਿਹਾ ਹੈ। ਕੁਝ ਲੋਕ ਉਸ ਨੂੰ ਗੌਤਮ ਬੁੱਧ ਦਾ ਅਵਤਾਰ ਕਹਿਣ ਲੱਗ ਪਏ ਅਤੇ ਉਨ੍ਹਾਂ ਦੇ ਪੈਰੋਕਾਰ ਬਣ ਗਏ।
ਦੱਸਿਆ ਜਾਂਦਾ ਹੈ ਕਿ 15 ਸਾਲਾ ਬਮਜਾਨ ਮਈ 2005 ‘ਚ ਸੁਪਨਾ ਦੇਖ ਕੇ ਆਪਣਾ ਘਰ ਛੱਡ ਗਿਆ ਸੀ। ਉਸ ਨੇ ਦੱਸਿਆ ਕਿ ਸੁਪਨੇ ਵਿਚ ਭਗਵਾਨ ਨੇ ਉਸ ਨੂੰ ਦਰਸ਼ਨ ਦਿੱਤੇ ਅਤੇ ਉਸ ਨੂੰ ਤਪੱਸਿਆ ਕਰਨ ਲਈ ਕਿਹਾ। ਇਸ ‘ਤੇ ਰਾਮ ਬਹਾਦੁਰ ਬਮਜਾਨ ਆਪਣਾ ਘਰ ਛੱਡ ਕੇ ਪਿੱਪਲ ਦੇ ਦਰੱਖਤ ਹੇਠਾਂ ਬੈਠ ਕੇ ਸਿਮਰਨ ਕਰਨ ਲੱਗਾ।