ਨਵੀਂ ਦਿੱਲੀ: ਭਾਵੇਂ ਲੋਕ ਸਭਾ ਚੋਣਾਂ ਦੇ ਦੋ ਗੇੜਾਂ ਲਈ ਮੱਤਦਾਨ ਹਾਲੇ ਬਾਕੀ ਹੈ, ਪਰ ਵਿਰੋਧੀ ਪਾਰਟੀਆਂ ਦੇ ਨੇਤਾ ਚੋਣ ਤੋਂ ਬਾਅਦ ਦੇ ਹਾਲਾਤ ‘ਤੇ ਚਰਚਾ ਕਰਨ ਲਈ ਲਗਾਤਾਰ ਬੈਠਕਾਂ ਕਰਨ ਲੱਗੇ ਹਨ। ਵਿਰੋਧੀ ਦਲਾਂ ਦਾ ਦਾਅਵਾ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ‘ਚ ਕਿਸੇ ਪਾਰਟੀ ਜਾਂ ਮੌਜੂਦਾ ਗਠਜੋੜ ਨੂੰ ਬਹੁਮਤ ਨਹੀਂ ਮਿਲੇਗਾ। ਅਜਿਹੇ ਵਿੱਚ ਨਵੀਂ ਸਰਕਾਰ ਦੇ ਗਠਨ ਲਈ ਉਨ੍ਹਾਂ ਦੀ ਭੂਮਿਕਾ ਅਹਿਮ ਹੋਵੇਗੀ।
ਇਸੇ ਸਿਲਸਿਲੇ ਵਿੱਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਤੇਲਗੂਦੇਸ਼ਮ ਪਾਰਟੀ ਦੇ ਮੁਖੀ ਐਨ. ਚੰਦਰਬਾਬੂ ਨਾਇਡੂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਬੈਠਕ ਵਿੱਚ 21 ਮਈ ਨੂੰ ਵਿਰੋਧੀ ਧਿਰਾਂ ਦੀ ਬੈਠਕ ਸੱਦਣ ਦੀ ਯੋਜਨਾ ‘ਤੇ ਚਰਚਾ ਕੀਤੀ ਗਈ, ਤਾਂ ਜੋ ਚੋਣਾਂ ਮਗਰੋਂ ਗਠਜੋੜ ਦੀ ਰੂਪਰੇਖਾ ਤੈਅ ਹੋ ਸਕੇ।
ਇਹ ਵੀ ਚਰਚਾ ਹੈ ਕਿ ਵਿਰੋਧੀ ਪਾਰਟੀਆਂ ਚੋਣ ਨਤੀਜਿਆਂ ਤੋਂ ਪਹਿਲਾਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕਰਨ ਦੀ ਯੋਜਨਾ ਵਿੱਚ ਹਨ। ਇਹ ਪਾਰਟੀਆਂ ਰਾਸ਼ਟਰਪਤੀ ਨੂੰ ਅਪੀਲ ਕਰਨਗੀਆਂ ਕਿ ਜੇਕਰ ਕਿਸੇ ਵੀ ਗਠਜੋੜ ਨੂੰ ਬਹੁਮਤ ਨਾ ਮਿਲੇ ਤਾਂ ਉਹ ਸਭ ਤੋਂ ਵੱਡੀ ਸਿਆਸੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਪਹਿਲਾਂ ਸੱਦਾ ਨਾ ਦੇਣ। ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਆਉਣਗੇ। ਹਾਲੇ 12 ਮਈ ਤੇ 19 ਮਈ ਨੂੰ ਲੋਕ ਸਭਾ ਦੀਆਂ 59-59 ਸੀਟਾਂ ਲਈ ਮੱਤਦਾਨ ਕਰਵਾਇਆ ਜਾਣਾ ਹੈ।
previous post