ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ 6 ਜੂਨ, 1984 ਨੂੰ ਆਪ੍ਰੇਸ਼ਨ ਬਲੂ ਸਟਾਰ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਦੀ ਸਿੱਖਾਂ ਤੋਂ ਤੁਰੰਤ ਮੁਆਫੀ ਮੰਗੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਬਲੂ ਸਟਾਰ ਨਾਲ ਸਬੰਧਤ ਸਾਰਾ ਰਿਕਾਰਡ ਜਨਤਕ ਕੀਤਾ ਜਾਵੇ।
ਇੱਥੇ ਜਾਰੀ ਕੀਤੇ ਬਿਆਨ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ 35 ਸਾਲ ਬਾਅਦ ਵੀ ਕੇਂਦਰ ਵਿੱਚ ਬਣੀਆਂ ਸਰਕਾਰਾਂ ਨੇ ਸਿੱਖਾਂ ਤੋਂ ਅਜਿਹੇ ਜ਼ਖ਼ਮ ਦੇਣ ਦੀ ਮੁਆਫੀ ਨਹੀਂ ਮੰਗੀ ਜੋ ਅੱਜ ਤੱਕ ਨਹੀਂ ਭਰੇ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਦਿਨ ਸਾਕਾ ਨੀਲਾ ਤਾਰਾ ਵਾਸਤੇ ਚੁਣਿਆ ਜਿਸ ਨਾਲ ਦੁਨੀਆ ਭਰ ਦੇ ਸਿੱਖਾਂ ਦਾ ਉਨ੍ਹਾਂ ਦੀ ਸਰਕਾਰ ਤੇ ਕਾਂਗਰਸ ਪਾਰਟੀ ਤੋਂ ਵਿਸ਼ਵਾਸ ਹਮੇਸ਼ਾ ਲਈ ਉੱਠ ਗਿਆ।
ਡੀਐਸਜੀਐਮਸੀ ਦੇ ਪ੍ਰਧਾਨ ਨੇ ਕਿਹਾ ਕਿ ਹਾਲ ਹੀ ਵਿੱਚ ਯੂਕੇ ਤੋਂ ਮਿਲੀਆਂ ਰਿਪੋਰਟਾਂ ਵਿੱਚ ਇਹ ਆਖਿਆ ਗਿਆ ਸੀ ਕਿ ਇੰਦਰਾ ਗਾਂਧੀ ਇਹ ਹਮਲਾ ਕਰਨ ਤੋਂ ਕਾਫੀ ਪਹਿਲਾਂ ਇਸ ਦੀ ਯੋਜਨਾ ਬਣਾ ਰਹੀ ਸੀ। ਉਸ ਨੇ ਤਤਕਾਲੀ ਯੂਕੇ ਦੇ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਤੋਂ ਵੀ ਮਦਦ ਮੰਗੀ ਸੀ। ਸਿਰਸਾ ਨੇ ਕਿਹਾ ਕਿ ਦੁਨੀਆਂ ਭਰ ਦੇ ਲੋਕ ਸਾਕਾ ਨੀਲਾ ਤਾਰਾ ਦੀ ਅਸਲੀਅਤ ਜਾਨਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਰਦੇ ਪਿੱਛੇ ਕੀ ਹੋਇਆ, ਇਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਉਸ ਵੇਲੇ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਨੇ ਹਮਲੇ ਵਾਸਤੇ ਕਿਵੇਂ ਹਾਲਾਤ ਪੈਦਾ ਕੀਤੇ ਤੇ ਕਿਵੇਂ ਉਸ ਨੇ ਸਾਜ਼ਿਸ਼ ਰਚੀ, ਇਸ ਸਾਕਾ ਨੀਲਾ ਤਾਰਾ ਨਾਲ ਜੁੜੀ ਸਾਰੀ ਜਾਣਕਾਰੀ ਜਨਤਕ ਕੀਤੀ ਜਾਣੀ ਚਾਹੀਦੀ ਹੈ। ਕਮੇਟੀ ਪ੍ਰਧਾਨ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਇੰਦਰਾ ਗਾਂਧੀ ਸਰਕਾਰ ਵੱਲੋਂ ਸਿੱਖਾਂ ਖਿਲਾਫ ਕੀਤੇ ਗਏ ਸਾਕਾ ਨੀਲਾ ਤਾਰਾ ਲਈ ਹਾਲਾਤ ਪੈਦਾ ਕਰਨ ਸਮੇਤ ਸਾਰੀ ਸਾਜ਼ਿਸ਼ ਤੇ ਇਸ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰਵਾਏ।