ਲੰਦਨ: ਬ੍ਰਿਨ ਵਿੱਚ ਭਾਰਤੀ ਮੂਲ ਦੇ ਨੌਜਵਾਨ ਤੇ ਉਸ ਦੇ ਇੱਕ ਹੋਰ ਸਾਥੀ ਨੂੰ ਮੰਗਲਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਓਲਡ ਬੇਲੀ ਅਦਾਲਤ ਨੇ ਸਜ਼ਾ ਸੁਣਾਉਂਦਿਆਂ ਕਿਹਾ ਕਿ ਅਗਲੇ 30 ਸਾਲਾਂ ਤਕ ਉਨ੍ਹਾਂ ਦੀ ਰਿਹਾਈ ‘ਤੇ ਕੋਈ ਸੁਣਵਾਈ ਨਹੀਂ ਹੋਏਗੀ।
ਪਿਛਲੇ ਸਾਲ 11 ਅਕਤੂਬਰ ਨੂੰ ਜਸਕਿਰਨ ਸਿੱਧੂ (28) ਤੇ ਉਸ ਦੇ ਸਾਥੀ ਫਿਲਿਪ ਬਾਬਟੁੰਡੇ ਫਾਸ਼ਕਿਨ (26) ਦਰਮਿਆਨ ਨਸ਼ਾ ਲੈਣ ਬਾਰੇ ਵਿਵਾਦ ਹੋਇਆ ਸੀ। ਦੋਵਾਂ ਨੇ ਗੁੱਸੇ ਵਿੱਚ ਕਾਰ ‘ਤੇ ਜਾ ਰਹੇ ਵਿਦਿਆਰਥੀ ਹਾਸ਼ਿਮ ਅਬਦਲ ਅਲੀ (22) ਨੂੰ ਕਾਫੀ ਨੇੜਿਓਂ ਗੋਲੀ ਮਾਰ ਦਿੱਤੀ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ। ਕਾਰ ਅਲੀ ਦਾ ਦੋਸਤ ਚਲਾ ਰਿਹਾ ਸੀ। ਪਿਛਲੇ ਹਫ਼ਤੇ ਸਿੱਧੂ ਤੇ ਫਾਸ਼ਕਿਨ ਨੂੰ ਦੋਸ਼ੀ ਠਹਿਰਾਇਆ ਗਿਆ ਸੀ।
ਕਾਰ ਚਲਾ ਰਿਹਾ ਅਲੀ ਦਾ ਦੋਸਤ ਘਟਨਾ ਪਿੱਛੋਂ ਕਾਰ ਲੈ ਕੇ ਹਸਪਤਾਲ ਵੱਲ ਭੱਜਿਆ। ਇਸੇ ਦਰਮਿਆਨ ਉਹ ਸੜਕ ‘ਤੇ ਪਾਰਕ ਕੀਤੀਆਂ ਕਾਰਾਂ ਨਾਲ ਟਕਰਾ ਗਿਆ। ਉਸ ਨੇ ਰਸਤੇ ਵਿੱਚ ਗੁਜ਼ਰ ਰਹੀ ਇੱਕ ਐਂਬੂਲੈਂਸ ਤੋਂ ਮਦਦ ਮੰਗੀ ਪਰ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਅਲੀ ਨੂੰ ਬਚਾ ਨਾ ਸਕਿਆ। ਹੁਣ ਦੋਸ਼ੀਆਂ ਨੂੰ ਸਜ਼ਾ ਸੁਣਾਉਂਦਿਆਂ ਅਦਾਲਤ ਨੇ ਕਿਹਾ ਕਿ ਇਸ ਨਾਲ ਅਲੀ ਦੇ ਮਾਪਿਆਂ ਨੂੰ ਕੁਝ ਰਾਹਤ ਮਿਲੇਗੀ।