ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੀ ਹਾਊਸ ਕਮੇਟੀ ਨੇ ਚੀਫ਼ ਜਸਟਿਸ ਰੰਜਨ ਗੋਗੋਈ ਖਿਲਾਫ ਲਾਏ ਜਿਣਸੀ ਸੋਸ਼ਣ ਦੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ। ਕਮੇਟੀ ਨੇ ਕਿਹਾ ਕਿ ਇਲਜ਼ਾਮਾਂ ਦੀ ਪੁਸ਼ਟੀ ਨਹੀਂ ਹੋਈ। ਇਸ ਦੇ ਨਾਲ ਹੀ ਕਮੇਟੀ ਨੂੰ ਇਲਜ਼ਾਮਾਂ ਦਾ ਕੋਈ ਆਧਾਰ ਵੀ ਨਹੀਂ ਮਿਲਿਆ। ਤਿੰਨ ਜੱਜਾਂ ਦੀ ਕਮੇਟੀ ਵਿੱਚ ਜਸਟਿਸ ਐਸਏ ਬੋਬਡੇ, ਐਨਵੀ ਰਮਨਾ ਤੇ ਇੰਦਰਾ ਬੈਨਰਜੀ ਸ਼ਾਮਲ ਸਨ।
ਦੱਸ ਦੇਈਏ ਸੁਪਰੀਮ ਕੋਰਟ ਦੀ ਸਾਬਕਾ ਕਰਮਚਾਰੀ ਨੇ ਚੀਫ ਜਸਟਿਸ ‘ਤੇ ਜਿਣਸੀ ਸੋਸ਼ਣ ਦੇ ਇਲਜ਼ਾਮ ਲਾਏ ਸੀ। ਸੁਪਰੀਮ ਕੋਰਟ ਦੇ ਮੌਜੂਦਾ ਜੱਜਾਂ ਵਿੱਚੋਂ ਜਸਟਿਸ ਬੋਬਡੇ ਸੀਨੀਆਰਤਾ ਦੇ ਹਿਸਾਬ ਨਾਲ ਦੂਜੇ ਤੇ ਜਸਟਿਸ ਰਮਨਾ ਤੀਜੇ ਨੰਬਰ ਦੇ ਜੱਜ ਹਨ। ਜਾਂਚ ਦੌਰਾਨ ਚੀਫ ਜਸਟਿਸ ਖ਼ੁਦ ਜਾਂਚ ਕਮੇਟੀ ਸਾਹਮਣੇ ਪੇਸ਼ ਹੋਏ ਜਦਕਿ ਇਲਜ਼ਾਮ ਲਾਉਣ ਵਾਲੀ ਮਹਿਲਾ ਨੇ ਪੇਸ਼ ਹੋਣੋਂ ਇਨਕਾਰ ਕਰ ਦਿੱਤਾ ਸੀ
ਇਸੇ ਮਾਮਲੇ ਵਿੱਚ ਇੱਕ ਵਕੀਲ ਉਤਸਵ ਬੈਂਸ ਨੇ ਵੱਡੀ ਸਾਜ਼ਿਸ਼ ਦਾ ਦਾਅਵਾ ਕੀਤਾ ਸੀ। ਅਦਾਲਤ ਨੇ ਇਸ ਦੇ ਬਾਅਦ ਸੀਬੀਆਈ, ਆਈਬੀ ਤੇ ਦਿੱਲੀ ਪੁਲਿਸ ਦੇ ਮੁਖੀਆਂ ਨੂੰ ਵੀ ਪੇਸ਼ ਹੋਣ ਲਈ ਕਿਹਾ ਸੀ। ਹਾਲਾਂਕਿ ਅਦਾਲਤ ਨੇ ਕਿਹਾ ਸੀ ਕਿ ਇਹ ਕੋਈ ਜਾਂਚ ਨਹੀਂ ਹੈ।