ਕਦੇ ਵੀ 13 ਅਪ੍ਰੈਲ ਨੂੰ ਭੁਲਾਇਆ ਨਹੀਂ ਜਾ ਸਕਦਾ। ਕਿਉਂਕਿ 13 ਅਪ੍ਰੈਲ ਨੂੰ ਇਕ ਪਾਸੇ ਤਾਂ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਦੂਜੇ ਪਾਸੇ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਕੇ ਦੇ ਸਬੰਧ ਵਿਚ ਸਰਕਾਰਾਂ ਅਤੇ ਇਨਕਲਾਬੀ ਜਥੇਬੰਦੀਆਂ ਦੇ ਵਲੋਂ ਸਮਾਗਮ ਕਰਵਾਏ ਜਾਂਦੇ ਹਨ। ਦਰਅਸਲ, ਵਿਸਾਖੀ ਵੀ ਉਸੇ ਦਿਨ ਹੀ ਹੁੰਦੀ ਹੈ, ਜਿਸ ਦਿਨ ਜਲ੍ਹਿਆਂਵਾਲੇ ਬਾਗ ਵਿਖੇ ਸੈਂਕੜੇ ਨਿਹੱਥੇ ਲੋਕਾਂ ‘ਤੇ ਬ੍ਰਿਟਿਸ਼ ਸਰਕਾਰ ਵਲੋਂ ਕਹਿਰ ਢਾਹਿਆ ਗਿਆ ਸੀ।
ਜੇਕਰ ਮੈਂ ਜਲ੍ਹਿਆਂਵਾਲੇ ਬਾਗ ਦੇ ਇਤਿਹਾਸ ‘ਤੇ ਨਿਗਾਹ ਮਾਰਾਂ ਤਾਂ ਸੰਨ 1919 ਵਿਚ ਸਾਡੇ ਭਾਰਤ ਸਮੇਤ ਗੁਆਂਢੀ ਦੇਸ਼ ਪਾਕਿਸਤਾਨ ‘ਤੇ ਬ੍ਰਿਟਿਸ਼ ਸਰਕਾਰ ਦਾ ਰਾਜ ਸੀ। ਬ੍ਰਿਟਿਸ਼ ਸਰਕਾਰ ਦੇ ਵਲੋਂ ਆਪਣੇ ਰਾਜ ਦੇ ਦੌਰਾਨ ਕਈ ਕਾਨੂੰਨ ਬਣਾਏ ਗਏ, ਜੋ ਭਾਰਤੀ ਵਾਸੀਆਂ ਦੇ ਵਿਰੋਧੀ ਸਾਬਤ ਹੋਏ ਸਨ। ਜਿਨ੍ਹਾਂ ਨੂੰ ਲੈ ਕੇ ਹਰ ਸਮੇਂ ਬ੍ਰਿਟਿਸ਼ ਸਰਕਾਰ ਦਾ ਵਿਰੋਧ ਹੁੰਦਾ ਰਿਹਾ। ਜਿਹੜੇ ਵੀ ਇਸ ਵਿਰੋਧ ਵਿਚ ਸ਼ਾਮਲ ਹੋਏ, ਉਨ੍ਹਾਂ ਨੂੰ ਬ੍ਰਿਟਿਸ਼ ਸਰਕਾਰ ਵਲੋਂ ਮੌਤ ਦੀ ਘਾਟ ਉਤਾਰ ਦਿੱਤਾ ਜਾਂਦਾ ਰਿਹਾ, ਕਿਉਂਕਿ ਗੋਰਿਆਂ ਨੂੰ ਕਦੇ ਵੀ ਉਹ ਲੋਕ ਪਾਸੰਦ ਨਹੀਂ ਸਨ, ਜੋ ਉਨ੍ਹਾਂ ਦਾ ਵਿਰੋਧ ਕਰਦੇ ਹੋਣ।
ਇਤਿਹਾਸਕਾਰਾਂ ਦੇ ਮੁਤਾਬਿਕ ਬ੍ਰਿਟਿਸ਼ ਸਰਕਾਰ ਦੇ ਵਲੋਂ 1919 ”ਰੋਲਟ ਐਕਟ” ਪਾਸ ਕੀਤਾ ਗਿਆ ਸੀ, ਜਿਸ ਦਾ ਸਾਰੇ ਦੇਸ਼ ਦੇ ਅੰਦਰ ਕਿਰਤੀ ਲੋਕ ਵਿਰੋਧ ਕਰ ਰਹੇ ਸਨ। ਇਸ ਵਿਰੋਧ ਦਾ ਸਭ ਦੇ ਮੁੱਖ ਆਗੂ ਸੈਫੂਦੀਨ ਕਿਚਲੂ ਅਤੇ ਸਤਿਆਪਾਲ ਸਨ, ਜਿਨ੍ਹਾਂ ਨੂੰ ਵਿਰੋਧ ਪ੍ਰਦਰਸ਼ਨ ਕਰਦਿਆ ਹੋਇਆ ਬ੍ਰਿਟਿਸ਼ ਸਰਕਾਰ ਦੀ ਫੌਜ਼ ਵਲੋਂ ਚੁੱਕ ਲਿਆ ਗਿਆ। ਸੈਫੂਦੀਨ ਕਿਚਲੂ ਅਤੇ ਸਤਿਆਪਾਲ ਦੀ ਰਿਹਾਈ ਵਾਸਤੇ 10 ਅਪ੍ਰੈਲ 1919 ਨੂੰ ਡਿਪਟੀ ਕਮਿਸ਼ਨਰ ਅਮ੍ਰਿਤਸਰ ਦੀ ਕੋਠੀ ਦੇ ਸਾਹਮਣੇ ਲੋਕਾਂ ਨੂੰ ਇਕੱਠੇ ਕਰਕੇ ਇਸ ਐਕਟ ਦੇ ਵਿਰੋਧ ਵਿਚ ਧਰਨਾ ਮਾਰਿਆ ਸੀ।
ਪਰ ਬ੍ਰਿਟਿਸ਼ ਹਕੂਮਤ ਨੇ ਪ੍ਰਦਰਸ਼ਨਕਾਰੀਆਂ ਦੀ ਇਕ ਨਾ ਸੁਣੀ ਅਤੇ ਸੈਫੂਦੀਨ ਕਿਚਲੂ ਅਤੇ ਸਤਿਆਪਾਲ ਨੂੰ ਕਿਸੇ ਗੁਪਤ ਜਗ੍ਹਾਂ ਵਿਚ ਰੱਖਿਆ ਗਿਆ। 10 ਅਪ੍ਰੈਲ 1919 ਨੂੰ ਵੀ ਬ੍ਰਿਟਿਸ਼ ਫੌਜ ਵਲੋਂ ਕਈ ਪ੍ਰਦਰਸ਼ਨਕਾਰੀਆਂ ‘ਤੇ ਹਮਲਾ ਕੀਤਾ ਗਿਆ, ਜਿਸ ਵਿਚ ਕਈ ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ ਅਤੇ ਕਈਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਬ੍ਰਿਟਿਸ਼ ਹਕੂਮਤ ਨੂੰ ਜਦੋਂ ਪ੍ਰਦਰਸ਼ਨਕਾਰੀਆਂ ਦਾ ਪੱਲੜਾ ਭਾਰੀ ਹੁੰਦਾ ਵਿਖਾਈ ਦਿੱਤਾ ਤਾਂ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ।
ਸੈਫੂਦੀਨ ਕਿਚਲੂ ਅਤੇ ਸਤਿਆਪਾਲ ਦੀ ਰਿਹਾਈ ਵਾਸਤੇ ਪ੍ਰਦਰਸ਼ਨਕਾਰੀਆਂ ਵਲੋਂ ਅੰਗਰੇਜ਼ ਹਕੂਮਤ ਦੇ ਕਈ ਦਫਤਰ ਅਤੇ ਰੇਲਵੇ ਸਟੇਸ਼ਨ ਤੋੜੇ, ਜਿਸ ਤੋਂ ਬਾਅਦ ਅੰਗਰੇਜ਼ਾਂ ਦਾ ਗੁੱਸਾ ਹੋਰ ਵੱਧ ਗਿਆ ਅਤੇ ਉਨ੍ਹਾਂ ਦੇ ਵਲੋਂ ਫਿਰ ਤੋਂ ਪ੍ਰਦਰਸ਼ਨਕਾਰੀਆਂ ਉਪਰ ਤਸ਼ੱਦਦ ਕੀਤਾ ਗਿਆ, ਜਿਸ ਦੌਰਾਨ 5 ਯੂਰਪੀ ਨਾਗਰਿਕਾਂ ਸਮੇਤ ਕਈ ਸਰਕਾਰੀ ਅਧਿਕਾਰੀ ਇਸ ਹਮਲੇ ਵਿਚ ਮਾਰੇ ਗਏ।
ਇਤਿਹਾਸਕਾਰ ਦੱਸਦੇ ਹਨ ਕਿ 11 ਅਪ੍ਰੈਲ 1919 ਨੂੰ ਮਿਸ ਮਾਰਸੇਲਾ ਸ਼ੇਰਵੁੱਡ ਜੋ ਕਿ ਇੱਕ ਅੰਗਰੇਜ਼ ਮਿਸ਼ਨਰੀ ਸੀ ਅਤੇ ਸਕੂਲ ਚਲਾ ਰਹੀ ਸੀ ਅਤੇ ਉਸ ਨੇ ਆਪਣਾ ਸਕੂਲ ਬੰਦ ਕਰਦਿਆ ਹੋਇਆ ਕਰੀਬ 600 ਵਿਦਿਆਰਥੀਆਂ ਨੂੰ ਘਰ ਇਸ ਲਈ ਭੇਜ ਦਿੱਤਾ, ਕਿਉਂਕਿ ਵਿਦਿਆਰਥੀਆਂ ਦੇ ਮਾਪੇ ਅੰਗਰੇਜ਼ਾਂ ਦੁਆਰਾ ਬਣਾਏ ਰੋਕਟ ਐਕਟ ਦਾ ਵਿਰੋਧ ਕਰ ਰਹੇ ਸਨ। ਇਤਿਹਾਸਕਾਰ ਦੱਸਦੇ ਹਨ ਕਿ ਵਿਦਿਆਰਥੀਆਂ ਨੂੰ ਘਰ ਭੇਜਣ ਤੋਂ ਭੜਕੇ ਲੋਕਾਂ ਨੇ ਉਕਤ ਅੰਗਰੇਜ਼ ਮਿਸ਼ਨਰੀ ਨੂੰ ਕੁੱਟਿਆ ਅਤੇ ਵਾਲਾਂ ਤੋਂ ਫੜ ਕੇ ਘਸੀਟਦਿਆਂ ਗਿਆ।
ਜਦੋਂ ਇਸ ਗੱਲ ਦੀ ਜਾਣਕਾਰੀ ਜਨਰਲ ਡਾਇਰ ਨੂੰ ਮਿਲੀ ਤਾਂ ਉਨ੍ਹਾਂ ਨੇ ਕਈ ਭਾਰਤ ਦੇ ਲੋਕਾਂ ਨੂੰ ਗੋਡਿਆਂ ਅਤੇ ਹੱਥਾਂ ਭਾਰ ‘ਰੇਂਗ’ ਕੇ ਚੱਲਣ ਲਈ ਮਜ਼ਬੂਰ ਕੀਤਾ। ਜਨਰਲ ਡਾਇਰ ਦੀ ਇਸ ਕਾਰਵਾਈ ਤੋਂ ਬਾਅਦ ਭਾਰਤੀਆਂ ਅੰਦਰ ਹੋਰ ਗੁੱਸਾ ਭਰ ਗਿਆ ਅਤੇ ਪੰਜਾਬ ਦੇ ਕਈ ਜਗ੍ਹਾਵਾਂ ‘ਤੇ ਹਿੰਸਾ ਆਦਿ ਦੀਆਂ ਘਟਨਾਵਾਂ ਸਾਹਮਣੇ ਆਈਆਂ, ਜਿਸ ਤੋਂ ਮਗਰੋਂ ਬ੍ਰਿਟਿਸ਼ ਹਕੂਮਤ ਨੇ ਪੰਜਾਬ ਦੇ ਅੰਦਰ ‘ਮਾਰਸ਼ਲ ਲਾਅ’ ਲਾਗੂ ਕਰ ਦਿੱਤਾ। ਉਸ ਤੋਂ ਬਾਅਦ 13 ਅਪ੍ਰੈਲ 1919 ਦਾ ਉਹ ਦਿਨ ਚੜਿਆ, ਜਿਸ ਨੇ ਕਈ ਭਾਰਤੀ ਲੋਕਾਂ ਦੀ ਜਾਨ ਲੈ ਲਈ।
ਇਤਿਹਾਸਕਾਰਾਂ ਦੇ ਮੁਤਾਬਿਕ ਵਿਸਾਖੀ ਵਾਲੇ ਦਿਨ 13 ਅਪ੍ਰੈਲ 1919 ਨੂੰ ਸ਼੍ਰੀ ਹਰਿਮੰਦਰ ਸਾਹਿਬ ਦੇ ਨੇੜੇ ਜਲ੍ਹਿਆਂਵਾਲੇ ਬਾਗ ਵਿਖੇ ਜਦੋਂ ਭਾਰਤੀ ਲੋਕਾਂ ਦਾ ਵੱਡਾ ਇਕੱਠ ਸ਼ਾਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਿਹਾ ਸੀ ਤਾਂ ਸ਼ਾਮ ਦੇ ਸਮੇਂ ਕਰੀਬ ਸਾਢੇ 4 ਵਜੇ ਵੱਖ ਵੱਖ ਪਿੰਡਾਂ ਤੋਂ ਕਈ ਜਥੇ ਇਸ ਪ੍ਰਦਰਸ਼ਨ ਵਿਚ ਸ਼ਾਮਲ ਹੋ ਗਏ। ਸ਼ਾਤਮਈ ਪ੍ਰਦਰਸ਼ਨ ਅਤੇ ਲੋਕਾਂ ਦੇ ਵੱਡੇ ਇਕੱਠ ਦੀ ਭਿਨਕ ਜਿਵੇਂ ਹੀ ਬ੍ਰਿਟਿਸ਼ ਹਕੂਮਤ ਨੂੰ ਲੱਗੀ ਤਾਂ ਬ੍ਰਿਗੇਡੀਅਰ ਜਨਰਲ ਰੇਜੀਨਾਲਡ ਡਾਇਰ ਦੇ ਵਲੋਂ 90 ਫੌਜੀਆਂ ਦਾ ਦਸਤਾ ਨਾਲ ਲੈ ਕੇ 13 ਅਪ੍ਰੈਲ 1919 ਦੀ ਸ਼ਾਮ ਕਰੀਬ ਸਾਢੇ 5 ਵਜੇ ਸ਼ਾਤੀਪੂਰਵਕ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਜਲ੍ਹਿਆਂਵਾਲੇ ਬਾਗ ਵਿਖੇ ਘੇਰ ਲਿਆ।
ਇਸੇ ਦੌਰਾਨ ਜਨਰਲ ਡਾਇਰ ਵੀ ਆਪਣੀਆਂ ਦੋ ਗੱਡੀਆਂ ਵਿਚ ਮਸ਼ੀਨਗੰਨਾਂ ਗੱਡ ਕੇ ਜਲ੍ਹਿਆਂਵਾਲੇ ਬਾਗ ਅੰਦਰ ਦਾਖਲ ਹੋ ਗਿਆ ਅਤੇ ਜਨਰਲ ਡਾਇਰ ਵਲੋਂ ਜਲ੍ਹਿਆਂਵਾਲੇ ਬਾਗ ਦੇ ਸਾਰੇ ਰਸਤੇ ਬੰਦ ਕਰਵਾ ਦਿੱਤੇ। ਬਿਨ੍ਹਾਂ ਕਿਸੇ ਚੇਤਾਵਨੀ ਦਿੰਦਿਆ ਜਨਰਲ ਡਾਇਰ ਨੇ ਨੇ ਫਾਇਰਿੰਗ ਕਰਵਾਉਣੀ ਸ਼ੁਰੂ ਕਰ ਦਿੱਤੀ ਅਤੇ ਕਰੀਬ 10 ਮਿੰਟਾਂ ਦੇ ਅੰਦਰ ਅੰਦਰ ਸੈਂਕੜੇ ਲੋਕਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਗਿਆ।
ਜਦੋਂ ਕੁਝ ਪ੍ਰਦਰਸ਼ਨਕਾਰੀਆਂ ਨੇ ਆਪਣੀ ਜਾਨ ਬਚਾਉਣ ਲਈ ਬਾਗ ਦੀਆਂ ਕੰਧਾਂ ਟੱਪਣ ਦੀ ਕੋਸ਼ਿਸ ਕੀਤੀ ਤਾਂ ਜਨਰਲ ਡਾਇਰ ਨੇ ਉਨ੍ਹਾਂ ਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਥੋਂ ਤੱਕ ਕਿ ਕਈ ਲੋਕਾਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਬਾਗ ਦੇ ਅੰਦਰ ਬਣੇ ਖੂਹ ਵਿਚ ਛਾਲਾ ਮਾਰ ਦਿੱਤੀਆਂ, ਜੋ ਕਿ ਜਿੰਦਾਂ ਵਾਪਸ ਨਾ ਆ ਸਕੇ। ਦੱਸਿਆ ਜਾਂਦਾ ਹੈ ਕਿ ਜਨਰਲ ਡਾਇਰ ਵਲੋਂ ਗੋਲੀਬਾਰੀ ਉਦੋਂ ਤੱਕ ਜਾਰੀ ਰੱਖੀ, ਜਦੋਂ ਤੱਕ ਉਨ੍ਹਾਂ ਕੋਲ ਅਸਲਾ ਖਤਮ ਨਹੀਂ ਹੋ ਗਿਆ।
ਇਤਿਹਾਸਕਾਰਾਂ ਦੇ ਮੁਤਾਬਿਕ 13 ਅਪ੍ਰੈਲ 1919 ਤੋਂ ਬਾਅਦ ਪੰਜਾਬ ਦੇ ਲੋੜ ਭੜਕ ਉਠੇ, ਪਰ ਬ੍ਰਿਟਿਸ਼ਾ ਹਕੂਮਤ ਵਲੋਂ ਲੋਕਾਂ ਦੇ ਰੋਹ ਨੂੰ ਵੇਖਦਿਆ ਹੋਇਆ ਮੁਕੰਮਲ ਕਰਫਿਊ ਲਗਾ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਜਲ੍ਹਿਆਂਵਾਲਾ ਬਾਗ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲੇ ਲੋਕਾਂ ਦੀ ਅੱਜ ਤੱਕ ਤਾਂ ਪੂਰੀ ਗਿਣਤੀ ਅਤੇ ਜਾਣਕਾਰੀ ਹੀ ਪਤਾ ਨਹੀਂ ਚੱਲ ਸਕੀ ਹੈ ਅਤੇ ਨਾ ਹੀ ਅੱਜ ਤੱਕ ਉਨ੍ਹਾਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਹੈ।
ਉਸ ਵੇਲੇ ਇਸ ਗੋਲੀਕਾਂਡ ਵਿੱਚ ਸ਼ਹੀਦ ਹੋਏ ਲੋਕਾਂ ਦੀ ਗਿਣਤੀ ਵੀ ਵੱਖ ਵੱਖ ਦਰਸਾਈ ਗਈ। ਇਤਿਹਾਸਕਾਰਾਂ ਦੱਸਦੇ ਹਨ ਕਿ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਪੰਜਾਬ ਦੇ ਅਣਖੀਲੇ ਸੂਰਮੇ ਸ਼ਹੀਦ-ਏ ਆਜ਼ਮ ਸਰਦਾਰ ਊਧਮ ਸਿੰਘ ਵਲੋਂ ਲੰਡਨ ਸ਼ਹਿਰ ਵਿਚ ਲਿਆ ਗਿਆ। ਮਾਈਕਲ ਓਡਵਾਇਰ ਜੋ ਕਿ ਜਲ੍ਹਿਆਂਵਾਲੇ ਬਾਗ ਦੇ ਖੂਨੀ ਕਾਂਡ ਸਮੇਂ ਪੰਜਾਬ ਦਾ ਗਵਰਨਰ ਸੀ ਅਤੇ ਜਨਰਲ ਡਾਇਰ ਨੂੰ ਕਤਲੇਆਮ ਕਰਨ ਦੀ ਇਜ਼ਾਜ਼ਤ ਦਿੱਤੀ ਸੀ, ਉਨ੍ਹਾਂ ਨੂੰ ਸਰਦਾਰ ਊਧਮ ਸਿੰਘ ਨੇ 13 ਮਾਰਚ 1940 ਨੂੰ ਇੱਕ ਸਭਾ ਵਿੱਚ ਗੋਲੀ ਮਾਰ ਕੇ ਖਤਮ ਕਰ ਦਿੱਤਾ ਗਿਆ।
ਆਖਰ ‘ਤੇ ਇਹ ਹੀ ਕਹਾਂਗੀ ਕਿ 100 ਸਾਲ ਜਲ੍ਹਿਆਵਾਲੇ ਸਾਕੇ ਨੂੰ ਬੀਤ ਚੁੱਕੇ ਹਨ, ਹੁਣ ਸਮੇਂ ਦੀਆਂ ਸਰਕਾਰਾਂ ਨੂੰ ਗੋਲੀਕਾਂਡ ਦੌਰਾਨ ਸ਼ਹੀਦ ਹੋਏ ਲੋਕਾਂ ਨੂੰ ਤੋਂ ਇਲਾਵਾ ਗੋਲੀਕਾਂਡ ਦਾ ਬਦਲਾ ਲੈਣ ਵਾਲੇ ਅਣਖੀਲੇ ਸੂਰਮੇ ਸ਼ਹੀਦ ਊਧਮ ਸਿੰਘ ਨੂੰ ”ਸ਼ਹੀਦ” ਦਾ ਦਰਜ਼ਾ ਦੇ ਦੇਣਾ ਚਾਹੀਦਾ ਹੈ।
ਲੇਖਿਕਾ: ਪਰਮਜੀਤ ਕੌਰ ਸਿੱਧੂ