Amritsar jallianwala bagh ticket : ਅੰਮ੍ਰਿਤਸਰ: ਕੇਂਦਰ ਸਰਕਾਰ ਜਲ੍ਹਿਆਂਵਾਲਾ ਬਾਗ ਵਿਖੇ ਆਉਣ ਵਾਲੇ ਸੈਲਾਨੀਆਂ ਲਈ ਟਿਕਟਾਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ । ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਇਸਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ । ਇਸ ਮਾਮਲੇ ਵਿੱਚ ਕਾਂਗਰਸ ਦੇ ਵਿਧਾਇਕ ਡਾਕਟਰ ਰਾਜਕੁਮਾਰ ਨੇ ਯਾਦਗਾਰੀ ਦੇਖਣ ‘ਤੇ ਟਿਕਟ ਲਗਾਉਣ ਦੇ ਫੈਸਲੇ ਦਾ ਵਿਰੋਧ ਕੀਤਾ । ਇਸ ਮੌਕੇ ਡਾ.ਰਾਜਕੁਮਾਰ ਨੇ ਕਿਹਾ ਕਿ ਉਹ ਇਸ ਜਜ਼ੀਆ ਟਿਕਟ ਦਾ ਵਿਰੋਧ ਕਰਨਗੇ । ਉਨ੍ਹਾਂ ਕਿਹਾ ਕਿ ਜੇਕਰ ਇਸਦੇ ਬਾਵਜੂਦ ਸਰਕਾਰ ਵੱਲੋਂ ਇਹ ਫੈਸਲਾ ਵਾਪਸ ਨਹੀਂ ਲਿਆ ਜਾਂਦਾ ਤਾਂ ਉਹ ਇਸ ਦੇ ਖਿਲਾਫ਼ ਪ੍ਰਦਰਸ਼ਨ ਵੀ ਕਰਨਗੇ ।
ਜ਼ਿਕਰਯੋਗ ਹੈ ਕਿ 13 ਅਪ੍ਰੈਲ 1919 ਵਿੱਚ ਹੋਏ ਖੂਨੀ ਸਾਕੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਬਹੁਤ ਸਾਰੇ ਸੈਲਾਨੀ ਰੋਜ਼ਾਨਾ ਅੰਮ੍ਰਿਤਸਰ ਆਉਂਦੇ ਹਨ, ਪਰ ਹੁਣ ਕੇਂਦਰ ਸਰਕਾਰ ਵੱਲੋ ਜਲ੍ਹਿਆਂਵਾਲਾ ਬਾਗ ਦੇ ਬਾਹਰ ਇੱਕ ਕਾਊਂਟਰ ਬਣਾਇਆ ਜਾ ਰਿਹਾ ਹੈ ਅਤੇ ਇਸ ਕਾਉਂਟਰ ਰਾਹੀਂ ਜਲ੍ਹਿਆਂਵਾਲਾ ਬਾਗ ਵਿਖੇ ਆਉਣ ਵਾਲੇ ਸੈਲਾਨੀਆਂ ਨੂੰ ਟਿਕਟ ਲੈਣੀ ਪਵੇਗੀ । ਜਿਸਦਾ ਦਾ ਵਿਰੋਧ ਜਲ੍ਹਿਆਂਵਾਲਾ ਬਾਗ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਵੱਲੋਂ ਕੀਤਾ ਗਿਆ ।
ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਦੇਸ਼ ਲਈ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲਿਆਂ ਅੱਜ ਵੀ ਸਰਕਾਰ ਵੱਲੋਂ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਹੈ । ਜਿਸ ਤੋਂ ਬਾਅਦ ਹੁਣ ਉਹ ਯਾਦਗਾਰੀ ਦੇਖਣ ਲਈ ਟਿਕਟ ਲਗਾਉਣ ਜਾ ਰਹੇ ਹਨ, ਜੋ ਕਿ ਗਲਤ ਹੈ । ਸ਼ਹੀਦਾਂ ਦੇ ਪਰਿਵਾਰਾਂ ਨੇ ਕੇਂਦਰ ਸਰਕਾਰ ਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਹ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਉਹ ਪ੍ਰਦਰਸ਼ਨ ਕਰਨਗੇ ।
ਇਸ ਮੌਕੇ ਸ਼ਹੀਦ ਪਰਿਵਾਰਾਂ ਨਾਲ ਮਿਲ ਕੇ ਕਾਂਗਰਸੀ ਵਿਧਾਇਕ ਡਾਕਟਰ ਡਾ. ਰਾਜਕੁਮਾਰ ਵੱਲੋਂ ਵੀ ਇਸ ਟਿਕਟ ਦਾ ਵਿਰੋਧ ਕੀਤਾ ਗਿਆ । ਡਾ. ਰਾਜਕੁਮਾਰ ਅਨੁਸਾਰ ਇਹ ਜਜ਼ੀਆ ਟੈਕਸ ਹੈ ਜੋ ਕੇਂਦਰ ਸਰਕਾਰ ਵੱਲੋਂ ਲਗਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ 15 ਦਿਨਾਂ ਦਾ ਸਮਾਂ ਦਿੰਦੇ ਹਨ ਅਤੇ ਜੇਕਰ ਸਰਕਾਰ ਇਹ ਜਜ਼ੀਆ ਟੈਕਸ ਵਾਪਸ ਨਹੀਂ ਲੈਂਦੀ ਤਾਂ ਉਹ ਪ੍ਰਦਰਸ਼ਨ ਕਰਨਗੇ ।