ਲੁਧਿਆਣਾ: ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਕਰਾਈਆਂ ਜਾ ਰਹੀਆਂ ਜਰਖੜ ਖੇਡਾਂ ਤਹਿਤ ਨੌਂਵੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਛੇਵੇਂ ਦਿਨ ਅੰਡਰ-17 ਸਾਲ ਜੂਨੀਅਰ ਵਰਗ ‘ਚ ਜਰਖੜ ਹਾਕੀ ਅਕੈਡਮੀ ਤੇ ਘਵੱਦੀ ਸਕੂਲ ਨੇ ਸੈਮੀਫਾਈਨਲ ‘ਚ ਆਪਣੀ ਥਾਂ ਕਾਇਮ ਕੀਤੀ। ਦੂਜੇ ਪਾਸੇ ਸੀਨੀਅਰ ਵਰਗ ‘ਚ ਨੀਟ੍ਹਾ ਕਲੱਬ ਰਾਮਪੁਰ ਸੈਮੀਫਾਈਨਲ ‘ਤੇ ਅਜ਼ਾਦ ਕਲੱਬ ਹਠੂਰ ਨੇ ਕੁਆਟਰ ਫਾਈਨਲ ‘ਚ ਆਪਣੀ ਐਂਟਰੀ ਪਾਈ।
ਹਾਕੀ ਫੈਸਟੀਵਲ ‘ਚ ਅੰਡਰ-17 ਸਾਲ ਵਰਗ ‘ਚ ਜਰਖੜ ਹਾਕੀ ਅਕੈਡਮੀ ਨੇ ਸੰਤ ਫਤਹਿ ਸਿੰਘ ਹਾਕੀ ਅਕੈਡਮੀ ਢੋਲਣ ਨੂੰ 5-2 ਨਾਲ ਤੇ ਦੂਜੇ ਕੁਆਰਟਰ ਫਾਈਨਲ ਮੈਚ ‘ਚ ਘਵੱਦੀ ਸਕੂਲ ਨੇ ਰਾਮਪੁਰ ਹਾਕੀ ਸੈਂਟਰ ਨੂੰ 2-1 ਨਾਲ ਹਰਾਇਆ। ਸੀਨੀਅਰ ਵਰਗ ‘ਚ ਅੱਜ ਅਜ਼ਾਦ ਕਲੱਬ ਹਠੂਰ ਤੇ ਯੰਗ ਕਲੱਬ ਓਟਾਲਾਂ (ਸਮਰਾਲਾ) ਵਿਚਾਲੇ ਖੇਡਿਆ ਗਿਆ ਮੁਕਾਬਲਾ ਟੂਰਨਾਮੈਂਟ ਦਾ ਹੁਣ ਤੱਕ ਦਾ ਸਭ ਤੋਂ ਵੱਧ ਦਿਲਚਸਪ ਤੇ ਸੰਘਰਸ਼ਪੂਰਨ ਹੋ ਨਿੱਬੜਿਆ।
ਜਰਖੜ ਖੇਡ ਟਰੱਸਟ ਦੇ ਪ੍ਰਬੰਧਕ ਰਜਿੰਦਰ ਸਿੰਘ, ਜਗਮੋਹਣ ਸਿੰਘ ਸਿੱਧੂ ਤੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਸਿਰੋਪੇ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਇਸ ਹਾਕੀ ਫੈਸਟੀਵਲ ਦੇ ਸੀਨੀਅਰ ਤੇ ਸਬ ਜੂਨੀਅਰ ਵਰਗ ਦੇ ਕੁਆਟਰ ਫਾਈਨਲ ਮੁਕਾਬਲੇ 29 ਤੇ 30 ਮਈ ਨੂੰ ਖੇਡੇ ਜਾਣਗੇ ਜਦਕਿ ਸੈਮੀ ਤੇ ਫਾਈਨਲ ਮੁਕਾਬਲੇ ਪਹਿਲੀ ਤੇ 2 ਜੂਨ ਨੂੰ ਹੋਣਗੇ।