ਨਵੀਂ ਦਿੱਲੀ:ਸੁਪਰੀਮ ਕੋਰਟ ਨੇ 1961 ਦੇ ਚੋਣ ਵਿਹਾਰ ਨੇਮਾਂ ’ਚ ਸੋਧ ਖ਼ਿਲਾਫ਼ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਵੱਲੋਂ ਦਾਖ਼ਲ ਅਰਜ਼ੀ ’ਤੇ ਬੁੱਧਵਾਰ ਨੂੰ ਕੇਂਦਰ ਅਤੇ ਚੋਣ ਕਮਿਸ਼ਨ ਤੋਂ ਜਵਾਬ ਮੰਗੇ ਹਨ। ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ’ਤੇ ਆਧਾਰਿਤ ਬੈਂਚ ਨੇ ਜੈਰਾਮ ਰਮੇਸ਼ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲਾਂ ਕਪਿਲ ਸਿੱਬਲ ਅਤੇ ਅਭਿਸ਼ੇਕ ਮਨੂ ਸਿੰਘਵੀ ਦੀਆਂ ਦਲੀਲਾਂ ਦਾ ਨੋਟਿਸ ਲਿਆ ਅਤੇ ਅਰਜ਼ੀ ’ਤੇ ਨੋਟਿਸ ਜਾਰੀ ਕਰ ਦਿੱਤਾ। ਬੈਂਚ ਵੱਲੋਂ 17 ਮਾਰਚ ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਅਰਜ਼ੀ ’ਤੇ ਸੁਣਵਾਈ ਕੀਤੀ ਜਾਵੇਗੀ। ਸਿੰਘਵੀ ਨੇ ਕਿਹਾ ਕਿ ਨੇਮਾਂ ’ਚ ਸੋਧ ਬਹੁਤ ਹੀ ਚਲਾਕੀ ਨਾਲ ਕੀਤੀ ਗਈ ਹੈ ਅਤੇ ਵੋਟਰ ਦੀ ਪਛਾਣ ਹੋਣ ਦਾ ਦਾਅਵਾ ਕਰਦਿਆਂ ਸੀਸੀਟੀਵੀ ਫੁਟੇਜ ਹਾਸਲ ਕਰਨ ਤੋਂ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੋਟਿੰਗ ਪਸੰਦ ਦਾ ਕਦੇ ਵੀ ਖ਼ੁਲਾਸਾ ਨਹੀਂ ਹੋਇਆ ਹੈ ਅਤੇ ਸੀਸੀਟੀਵੀ ਫੁਟੇਜ ਨਾਲ ਵੋਟਾਂ ਦਾ ਖ਼ੁਲਾਸਾ ਨਹੀਂ ਹੋ ਸਕਦਾ ਹੈ।