ਪੰਚਾਇਤੀ ਚੋਣਾਂ ਤੋਂ ਕੁਝ ਦਿਨ ਪਹਿਲੋਂ ਜ਼ਿਲ੍ਹਾ ਪ੍ਰਸਾਸ਼ਨ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਹੋਇਆ ਕਿਹਾ ਸੀ ਕਿ 30 ਦਸੰਬਰ ਨੂੰ ਚੋਣਾਂ ਵਾਲੇ ਦਿਨ ਕੋਈ ਵੀ ਸ਼ਰਾਬ ਵੇਚ ਆਦਿ ਨਹੀਂ ਸਕੇਗਾ। ਪਰ ਬੀਤੇ ਦਿਨ ਚੋਣਾਂ ‘ਚ ਪ੍ਰਸਾਸ਼ਨ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡੀਆਂ। ਪਿੰਡ ਅੰਦਰ ਵੜਣ ਤੋਂ ਪਹਿਲੋਂ ਹੀ ਪਿਆਕੜਾਂ ਨੂੰ ਸ਼ਰਾਬ ਦੇ ਦਰਸ਼ਨ ਕਰਵਾਏ ਗਏ। ਦਰਅਸਲ, ਫਿਰੋਜ਼ਪੁਰ-ਮੋਗਾ ਰੋਡ ‘ਤੇ ਸਥਿਤ ਪਿੰਡ ਮਿਸ਼ਰੀ ਵਾਲਾ ਦੇ ਬੱਸ ਅੱਡੇ ਤੋਂ ਬੀਤੇ ਦਿਨ ਪੁਲਿਸ ਵੱਲੋਂ ਕਰੀਬ 240 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ।
ਸੂਤਰ ਦੱਸ ਰਹੇ ਹਨ ਕਿ ਇਹ ਸ਼ਰਾਬ ਕਥਿਤ ਤੌਰ ‘ਤੇ ਪੰਚਾਇਤੀ ਚੋਣਾਂ ਵਿੱਚ ਵਰਤਾਈ ਜਾਣੀ ਸੀ, ਜਦੋਂਕਿ ਘੱਲ ਖੁਰਦ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਛਾਪੇਮਾਰੀ ਕਰਦਿਆ ਹੋਇਆ ਪਹਿਲੋਂ ਹੀ ਸ਼ਰਾਬ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਇਸ ਸਬੰਧ ਵਿੱਚ ਘੱਲ ਖੁਰਦ ਪੁਲਿਸ ਦੇ ਵੱਲੋਂ ਦੋ ਵਿਅਕਤੀਆਂ ਦੇ ਖਿਲਾਫ ਆਬਕਾਰੀ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ।