ਪਟਨਾ: ਸਟੱਡੀ ਟੂਰ ‘ਤੇ ਮਣੀਪੁਰ ਗਏ ਬਿਹਾਰ ਦੇ ਚਾਰ ਵਿਧਾਇਕਾਂ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਜਨਤਾ ਦਲ ਯੂਨਾਈਟਿਡ, ਰਾਸ਼ਟਰੀ ਜਨਤਾ ਦਲ, ਭਾਰਤੀ ਜਨਤਾ ਪਾਰਟੀ ਦੇ ਚਾਰ ਵਿਧਾਇਕ ਭਾਰਤ-ਮੀਆਂਮਾਰ ਸਰਹੱਦ ‘ਤੇ ਸਥਿਤ ਮੋਰੇਹ ਸ਼ਹਿਰ ਵਿੱਚ ਇੱਕ ਕੁੜੀ ਨਾਲ ਜ਼ਬਰਦਸਤੀ ਨੱਚਦੇ ਕੈਮਰੇ ਵਿੱਚ ਕੈਦ ਹੋ ਗਏ।
ਇੰਫਾਲ ਟਾਈਮਜ਼ ਵਿੱਚ ਛਪੀ ਖ਼ਬਰ ਮੁਤਾਬਕ ਬਿਹਾਰ ਦੇ ਵਿਧਾਇਕ ਕੁੜੀ ਦੇ ਮੋਢੇ ‘ਤੇ ਹੱਥ ਰੱਖਦੇ ਹਨ ਪਰ ਉਹ ਵਾਰ-ਵਾਰ ਉਨ੍ਹਾਂ ਦਾ ਹੱਥ ਹਟਾਉਂਦੀ ਹੈ। ਇੰਨਾ ਹੀ ਨਹੀਂ ਉਹ ਉਸ ਦੇ ਸਰੀਰ ਦੇ ਹੋਰ ਹਿੱਸਿਆਂ ‘ਤੇ ਵੀ ਜ਼ਬਰਦਸਤੀ ਹੱਥ ਰੱਖਦੇ ਦਿਖਾਈ ਦੇ ਰਹੇ ਹਨ। ਵਿਧਾਇਕਾਂ ਨਾਲ ਚਾਰ ਹੋਰ ਲੋਕ ਵੀ ਮੌਜੂਦ ਹਨ।
ਦਰਅਸਲ, ਵਿਧਾਇਕਾਂ ਦਾ ਇਹ ਟੂਰ ਕੇਂਦਰ ਸਰਕਾਰ ਦੀ ਐਕਟ ਈਸਟ ਪਾਲਿਸੀ ਤਹਿਤ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਕੀਤਾ ਗਿਆ ਸੀ। ਪਿਪਰਾ (ਸੁਪੌਲ) ਵਿਧਾਨ ਸਭਾ ਖੇਤਰ ਦੇ ਵਿਧਾਇਕ ਤੇ ਕਮੇਟੀ ਦੇ ਪ੍ਰਧਾਨ ਯਧੁਵੰਸ਼ ਕੁਮਾਰ ਯਾਦਵ ਨੇ ਵਿਧਾਇਕਾਂ ਦੀ ਟੀਮ ਦੀ ਅਗਵਾਈ ਕੀਤੀ ਸੀ। ਇਸ ਟੀਮ ਵਿੱਚ ਭਾਜਪਾ ਵਿਧਾਇਕ ਸਚਿਨ ਪ੍ਰਸਾਦ ਸਿੰਘ, ਜੇਡੀਯੂ ਵਿਧਾਇਕ ਰਾਜ ਕੁਮਾਰ ਰਾਏ ਤੇ ਆਰਜੇਡੀ ਦੇ ਵਿਧਾਇਕ ਰਾਜਾ ਪਾਕਰ ਵੀ ਸ਼ਾਮਲ ਸਨ।