ਲੋਹੜੀ ਤੇ ਬਸੰਤ ਪੰਚਮੀ ਦੇ ਤਿਉਹਾਰ ਦਾ ਆਪਣਾ ਹੀ ਮਹੱਤਵ ਹੈ। ਇਨ੍ਹਾਂ ਤਿਉਹਾਰਾਂ ਦੇ ਵਿਚਕਾਰਲੇ ਅਰਸੇ ਵਿਚ ਅਕਸਰ ਪਤੰਗਬਾਜ਼ੀ ਕੀਤੀ ਜਾਂਦੀ ਹੈ। ਜਦ ਬੱਚੇ, ਨੌਜਵਾਨ ਰੰਗ-ਬਿਰੰਗੇ ਪਤੰਗ ਉਡਾਉਂਦੇ ਹਨ ਤਾਂ ਅੰਬਰ ਦਾ ਨਜ਼ਾਰਾ ਦੇਖਦਿਆਂ ਹੀ ਬਣਦਾ ਹੈ। ਪਤੰਗਬਾਜ਼ੀ ਭਾਰਤ ਸਮੇਤ ਸੰਸਾਰ ਦੇ ਕਈ ਮੁਲਕਾਂ ਜਿਵੇਂ ਜਾਪਾਨ, ਕੋਰੀਆ, ਥਾਈਲੈਂਡ, ਮਿਆਂਮਾਰ, ਅਰਬ ਮੁਲਕਾਂ, ਪਾਕਿਸਤਾਨ ਆਦਿ ਵਿਚ ਕਾਫ਼ੀ ਰੀਝ ਨਹੀਂ ਕੀਤੀ ਜਾਂਦੀ ਹੈ। ਭਾਰਤ ਵਿਚ ਪਤੰਗਬਾਜ਼ੀ ਪੁਰਾਤਨ ਸਮੇਂ ਤੋਂ ਹੀ ਹੁੰਦੀ ਆ ਰਹੀ ਹੈ। ਪਤੰਗ ਨੂੰ ਉਡਾਉਣ ਵਾਸਤੇ ਡੋਰ ਨੂੰ ਤਿਆਰ ਕਰਵਾਉਣਾ ਪਤੰਗਬਾਜ਼ਾਂ ਵਾਸਤੇ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ। ਇਹ ਡੋਰ ਕਾਰੀਗਰਾਂ ਵੱਲੋਂ ਤਿਆਰ ਕੀਤੀ ਜਾਂਦੀ ਹੈ। ਡੋਰ ਨੂੰ ਮਜ਼ਬੂਤ ਬਣਾਉਣ ਦੇ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਦੂਜਿਆਂ ਦਾ ਪਤੰਗ ਕੱਟਿਆ ਜਾ ਸਕੇ। ਪਰ ਹੁਣ ਸਮੇਂ ਦੇ ਬਦਲਣ ਨਾਲ ਪਤੰਗਬਾਜ਼ੀ ਦੇ ਰੁਝਾਨ ਵੀ ਬਦਲ ਚੁੱਕੇ ਹਨ। ਰਵਾਇਤੀ ਤਰੀਕੇ ਨਾਲ ਬਣਨ ਵਾਲੀ ਡੋਰ ਨੂੰ ਵਰਤਣ ਦਾ ਰੁਝਾਨ ਕਾਫੀ ਘਟ ਗਿਆ ਹੈ ਤੇ ਆਧੁਨਿਕ ਸਮੇਂ ਇਸ ਦੀ ਜਗ੍ਹਾ ਚਾਈਨਾ ਡੋਰ ਨੇ ਲੈ ਲਈ ਹੈ ਜੋ ਕਿ ਕੱਚੇ ਧਾਗੇ ਦੀ ਨਹੀਂ ਸਗੋਂ ਪਲਾਸਟਿਕ ਦੇ ਬਰੀਕ ਧਾਗੇ (ਨਾਈਲੋਨ) ਦੀ ਬਣੀ ਹੁੰਦੀ ਹੈ। ਇਹ ਡੋਰ ਬੇਸ਼ੱਕ ਰਵਾਇਤੀ ਧਾਗੇ ਨਾਲੋਂ ਮਜ਼ਬੂਤ ਹੁੰਦੀ ਹੈ ਪਰ ਇਹ ਕਈ ਰੂਪਾਂ ਵਿਚ ਖ਼ਤਰਨਾਕ ਹੁੰਦੀ ਹੈ। ਇਹ ਪਤੰਗਬਾਜ਼ ਤੋਂ ਲੈ ਕੇ ਹੋਰ ਮਨੁੱਖਾਂ-ਪੰਛੀਆਂ ਹਰੇਕ ਲਈ ਘਾਤਕ ਹੈ। ਜਦੋਂ ਕੋਈ ਵਿਅਕਤੀ ਜਾਂ ਪੰਛੀ ਆਦਿ ਇਸ ਦੇ ਸੰਪਰਕ ਵਿਚ ਆ ਜਾਂਦਾ ਹੈ ਤਾਂ ਇਹ ਡੋਰ ਮਜ਼ਬੂਤ ਹੋਣ ਕਾਰਨ ਟੁੱਟਦੀ ਨਹੀਂ ਬਲਕਿ ਸਰੀਰ ਦੇ ਅੰਗਾਂ ਵਿਚ ਖੁਭ ਕੇ ਚਮੜੀ ਨੂੰ ਕੱਟ ਦਿੰਦੀ ਹੈ ਜਿਸ ਕਾਰਨ ਗੰਭੀਰ ਜ਼ਖਮ ਹੋ ਜਾਂਦਾ ਹੈ। ਰਵਾਇਤੀ ਡੋਰ ਇੰਨੀ ਖ਼ਤਰਨਾਕ ਨਹੀਂ ਸੀ ਹੁੰਦੀ ਕਿਉਂਕਿ ਉਸ ਨੂੰ ਬਣਾਉਣ ਵਿਚ ਰਵਾਇਤੀ ਕੱਚਾ ਧਾਗਾ ਵਰਤਿਆ ਜਾਂਦਾ ਸੀ ਜਿਸ ਕਾਰਨ ਉਹ ਟੁੱਟ ਜਾਂਦਾ ਸੀ ਤੇ ਬਚਾਅ ਹੋ ਜਾਂਦਾ ਸੀ। ਪਤੰਗ ਕੱਟੇ ਜਾਣ ਮਗਰੋਂ ਇਸ ਦੀ ਡੋਰ ਵਿਚ ਫਸ ਕੇ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਇਹੋ ਨਹੀਂ! ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਸਮੇਂ ਪਤੰਗਬਾਜ਼ਾਂ ਦੀਆਂ ਉਂਗਲਾਂ ਵੀ ਜ਼ਖ਼ਮੀ ਹੋ ਜਾਂਦੀਆਂ ਹਨ। ਇਸ ਲਈ ਪਤੰਗਬਾਜ਼ੀ ਚਾਈਨਾ ਡੋਰ ਦੀ ਥਾਂ ਆਮ ਡੋਰ ਨਾਲ ਕੀਤੀ ਜਾਵੇ ਤੇ ਇਸ ਸਬੰਧੀ ਸਕੂਲਾਂ, ਕਾਲਜਾਂ ਦੇ ਅਧਿਆਪਕ, ਪ੍ਰਿੰਸੀਪਲ ਬੱਚਿਆਂ ਨੂੰ ਜਾਗਰੂਕ ਕਰਨ। ਮਾਪਿਆਂ ਦੀ ਇਸ ਪਾਸੇ ਵਿਸ਼ੇਸ਼ ਤੌਰ ‘ਤੇ ਨਿਭਾਈ ਜਾਣ ਵਾਲੀ ਭੂਮਿਕਾ ਕਾਰਗਰ ਸਿੱਧ ਹੋ ਸਕਦੀ ਹੈ। ਉਹ ਆਪਣੇ ਬੱਚਿਆਂ ਨੂੰ ਇਸ ਡੋਰ ਨੂੰ ਵਰਤਣ ਤੋਂ ਗੁਰੇਜ਼ ਕਰਵਾਉਣ। ਇਸ ਦੇ ਨਾਲ ਹੀ ਸਰਕਾਰ ਤੇ ਪ੍ਰਸ਼ਾਸਨ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤੀ ਕਰੇ। ਸਾਨੂੰ ਸਾਰਿਆਂ ਨੂੰ ਚਾਈਨਾ ਡੋਰ ਦੇ ਖ਼ਤਰਨਾਕ ਸਿੱਟਿਆਂ ਨੂੰ ਮੁੱਖ ਰੱਖਦੇ ਹੋਏ ਇਸ ਦੀ ਵਰਤੋਂ ਤੋਂ ਬਚਣ ਦੇ ਯਤਨ ਕਰਨੇ ਚਾਹੀਦੇ ਹਨ।
ਬਿਕਰਮਜੀਤ ਸਿੰਘ