ਕੌਮਾਂਤਰੀ ਖੋਜਕਰਤਾਵਾਂ ਨੇ ਇਕ ਹਾਲੀਆ ਅਧਿਐਨ ’ਚ ਪਾਇਆ ਕਿ ਚਮੜੀ ਦੀ ਇਨਫੈਕਸ਼ਨ ਵੀ ਰੂਮੇਟਿਕ ਬੁਖਾਰ ਦਾ ਅਹਿਮ ਕਾਰਨ ਹੋ ਸਕਦਾ ਹੈ। ਇਹ ਅਧਿਐਨ ‘ਬੀਐੱਮਜੇ ਗਲੋਬਲ ਹੈਲਥ ਜਰਨਲ’ ’ਚ ਪ੍ਰਕਾਸ਼ਤ ਹੋਇਆ ਹੈ। ਗੰਭੀਰ ਰੂਮੇਟਿਕ ਬੁਖਾਰ (ਵਾਤਜਵਰ) ਨੂੰ ਨਿਊਜ਼ੀਲੈਂਡ ’ਚ ਮਾਓਰੀ ਜਨਜਾਤੀ ਤੇ ਹੋਰ ਭਾਈਚਾਰਿਆਂ ਦੇ ਬੱਚਿਆਂ ਤੇ ਘੱਟ ਉਮਰ ਵਰਗ ਵਾਲੇ ਦੇਸ਼ਾਂ ਦੇ ਨੌਜਵਾਨਾਂ ’ਚ ਦਿਲ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਨਿਊਜ਼ੀਲੈਂਡ ਦੀ ਯੂਨੀਵਰਸਿਟੀ ਆਫ ਓਟਾਗੋ ਦੇ ਜਨਤਕ ਸਿਹਤ ਵਿਭਾਗ ਦੇ ਪ੍ਰੋਫੈਸਰ ਮਾਈਕਲ ਬੇਕਰ ਕਹਿੰਦੇ ਹਨ, ਕਾਫੀ ਸਮੇਂ ਤੋਂ ਮੰਨਿਆ ਜਾਂਦਾ ਹੈ ਕਿ ਰੂਮੇਟਿਕ ਬੁਖਾਰ ਸਮੂਹ ਇਕ ਸਟ੍ਰੈਪਟੋਕੋਕਸ (ਜੀਏਐੱਸ) ਨਾਲ ਜੁੜੀ ਮੁਸ਼ਕਲ ਹੈ। ਇਸ ਨੂੰ ਆਮ ਤੌਰ ’ਤੇ ਸਟ੍ਰੇਪ ਥ੍ਰੋਟ ਜਾਂ ਗਲ਼ੇ ਦੀ ਸੋਜ ਦੇ ਰੂਪ ’ਚ ਮੰਨਿਆ ਜਾਂਦਾ ਹੈ। ਹਾਲਾਂਕਿ, ਨਵੀਂ ਖੋਜ ’ਚ ਸੰਕੇਤ ਮਿਲੇ ਹਨ ਕਿ ਸਟ੍ਰੇਪਟੋਕੋਕਸ ਚਮੜੀ ਦੀ ਇਨਫੈਕਸ਼ਨ ਨੂੰ ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਅਧਿਐਨ ਗੰਭੀਰ ਰੂਮੇਟਿਕ ਬੁਖਾਰ ਦੇ ਕਾਰਨਾਂ ਨੂੰ ਸਮਝਣ ’ਚ ਸਫਲ ਰਿਹਾ ਹੈ। ਇਹ ਦੁਨੀਆ ਦਾ ਪਹਿਲਾ ਅਧਿਐਨ ਹੈ ਜੋ ਇਸ ਦੀ ਪੁਸ਼ਟੀ ਕਰਦਾ ਹੈ ਕਿ ਚਮੜੀ ’ਚ ਇਨਫੈਕਸ਼ਨ ਤੋਂ ਬਾਅਦ ਰੂਮੇਟਿਕ ਬੁਖਾਰ ਦਾ ਖ਼ਤਰਾ ਉਸੇ ਤਰ੍ਹਾਂ ਵੱਧ ਜਾਂਦਾ ਹੈ, ਜਿਸ ਤਰ੍ਹਾਂ ਕਿ ਗਲੇ ’ਚ ਸੋਜ ਤੋਂ ਬਾਅਦ ਹੁੰਦਾ ਹੈ। ਕਿਉਂਕਿ ਰੂਮੇਟਿਕ ਬੁਖਾਰ ਆਮ ਬਿਮਾਰੀ ਨਹੀਂ ਹੈ ਤੇ ਕੁਝ ਹੀ ਦੇਸ਼ਾਂ ਕੋਲ ਇਸ ਨਾਲ ਸਬੰਧ ਅੰਕੜੇ ਮੁਹੱਈਆ ਹਨ, ਇਸ ਲਈ ਕੋਈ ਵੀ ਅਧਿਐਨ ਇਸ ਦੇ ਖ਼ਤਰੇ ਨੂੰ ਤੈਅ ਕਰਨ ’ਚ ਸਫਲ ਨਹੀਂ ਰਿਹਾ।