ਸਰੀ: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ‘ਤੇ ਉਸ ਦੇ ਸਰੀ ਸਥਿਤ ਘਰ ਦੇ ਬਾਹਰ ਗੋਲ਼ੀ ਚਲਾਏ ਜਾਣ ਦੀ ਘਟਨਾ ਦਾ ਰਹੱਸ ਹੋਰ ਵੀ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਜਿੱਥੇ, ਇੱਕ ਪਾਸੇ ਖੁਦ ਕਰਨ ਔਜਲਾ ਨੇ ਵੀਡੀਓ ਜਾਰੀ ਕਰਕੇ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਹੈ, ਉੱਧਰ ਟੋਰੰਟੋ ਵਿੱਚ ‘ਏਬੀਪੀ ਸਾਂਝਾ’ ਨਾਲ ਗੱਲ ਕਰਦਿਆਂ ਔਜਲਾ ਦੇ ਕਰੀਬੀ ਦੋਸਤ ਤੇ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਦੇ ਪਿਤਾ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।ਪਰਮਿੰਦਰ ਜੰਡੂ ਨੇ ਦੱਸਿਆ ਕਿ ਬੀਤੇ ਮਹੀਨੇ ਜਦ ਕਰਨ ਔਜਲਾ ਤੇ ਦੀਪ ਜੰਡੂ ਭਾਰਤ ਵਿੱਚ ਕਿਸੇ ਪ੍ਰੋਗਰਾਮ ਲਈ ਗਏ ਹੋਏ ਸੀ ਤਾਂ ਕਰਨ ਔਜਲਾ ਨੂੰ ਬੁੱਢਾ ਗਰੁੱਪ ਵੱਲੋਂ ਫਿਰੌਤੀ ਦੀ ਧਮਕੀ ਦੇ ਕੇ 20 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਇਹ ਮਾਮਲਾ ਪੰਜਾਬ ਪੁਲਿਸ ਕੋਲ ਦਰਜ ਕਰਵਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਪੁਲਿਸ ਸਟੇਸ਼ਨ ਵਿੱਚ ਹੀ whatsapp ਰਾਹੀਂ ਬੁੱਢਾ ਗਰੁੱਪ ਦੀ ਫਿਰ ਧਮਕੀ ਆਈ ਕੇ ਉਹ 20 ਲੱਖ ਰੁਪਏ ਦੀ ਬਜਾਏ 40 ਲੱਖ ਰੁਪਏ ਦੀ ਫਿਰੌਤੀ ਲਏਗਾ ਨਹੀਂ ਤਾਂ ਗੋਲ਼ੀ ਮਾਰ ਦੇਵੇਗਾ। ਪਰਮਿੰਦਰ ਜੰਡੂ ਹੁਰਾਂ ਨੇ ਕਰਨ ਔਜਲਾ ‘ਤੇ ਗੋਲ਼ੀ ਚਲਾਏ ਜਾਣ ਦੀ ਘਟਨਾ ਦੀ ਪੁਸ਼ਟੀ ਵੀ ਕੀਤੀ ਹੈ।ਉਨ੍ਹਾਂ ਕਿਹਾ ਕਿ ਹਾਲਾਂਕਿ ਦੀਪ ਜੰਡੂ ਨੂੰ ਸਿੱਧੇ ਤੌਰ ‘ਤੇ ਇਸ ਤਰ੍ਹਾਂ ਦੀ ਕੋਈ ਧਮਕੀ ਨਹੀਂ ਦਿੱਤੀ ਗਈ, ਫਿਰ ਵੀ ਉਨ੍ਹਾਂ ਆਪਣੇ ਪੁੱਤਰ ਨੂੰ ਹਰ ਤਰ੍ਹਾਂ ਦੀ ਸਾਵਧਾਨੀ ਵਰਤਣ ਲਈ ਕਿਹਾ ਹੈ। ‘ਏਬੀਪੀ ਸਾਂਝਾ’ ਵੱਲੋਂ ਦੀਪ ਜੰਡੂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਗਈ ਪਰ ਉਹ ਕਿਸੇ ਗਾਣੇ ਦੀ ਸ਼ੂਟਿੰਗ ਵਿੱਚ ਮਸ਼ਰੂਫ ਹੋਣ ਕਾਰਨ ਗੱਲਬਾਤ ਨਹੀਂ ਕਰ ਸਕਿਆ।