79.63 F
New York, US
July 16, 2025
PreetNama
ਸਿਹਤ/Health

ਗੁੰਮ ਹੋ ਰਿਹਾ ਆਪਣਾਪਨ

ਨੂਰਾਂ ਭੈਣਾਂ ਦੇ ਇਕ ਗੀਤ ਦੇ ਇਹ ਬੋਲ ਅੱਜ ਦੇ ਜ਼ਮਾਨੇ ਦੀ ਸਚਾਈ ਨੂੰ ਬਿਆਨ ਕਰਦੇ ਹਨ। ਸਿੱਧੇ ਤੌਰ ‘ਤੇ ਦੂਜੇ ਦੀ ਗੱਲ ਕਰਨੀ ਜਾਂ ਕੁੱਝ ਵਿਗਾੜਨਾ ਔਖਾ ਹੈ ਪਰ ਵਿਸ਼ਵਾਸ ਵਿਚ ਲੈ ਕੇ ਅਤੇ ਅਪਣੱਤ ਜਤਾ ਕੇ ਕਿਸੇ ਨੂੰ ਮਾਰਨਾ ਅੱਜ ਕਾਫ਼ੀ ਆਸਾਨ ਅਤੇ ਆਮ ਹੋ ਗਿਆ ਹੈ। ਸੜਕ ‘ਤੇ ਸਫ਼ਰ ਕਰਦੇ ਸਮੇਂ ਟਰੱਕਾਂ ਦੇ ਪਿੱਛੇ ਅਕਸਰ ਲਿਖਿਆ ਦੇਖਿਆ ਹੈ ‘ਆਪਣਿਆਂ ਤੋਂ ਬਚੋ’। ਕਰੀਬੀ ਬੰਦਾ ਬੇਗ਼ਾਨੇ ਨਾਲੋਂ ਛੇਤੀ ਮਾਰ ਕਰਦਾ ਹੈ ਅਤੇ ਅਜਿਹੇ ਬੰਦੇ ਦੀ ਝੂਠੀ ਗੱਲ ‘ਤੇ ਸੁਣਨ ਵਾਲਾ ਵੀ ਛੇਤੀ ਹੀ ਯਕੀਨ ਕਰ ਲੈਂਦਾ ਹੈ। ਕਹਿੰਦੇ ਜੇ ਦੋ ਦੋਸਤਾਂ ਜਾਂ ਭਰਾਵਾਂ ਵਿਚਾਲੇ ਵੈਰ ਪੈ ਜਾਵੇ ਤਾਂ ਉਹ ਦੋਨੋਂ ਇੱਕ ਦੂਜੇ ਲਈ ਬੇਹੱਦ ਖ਼ਤਰਨਾਕ ਸਾਬਿਤ ਹੁੰਦੇ ਹਨ ਕਿਉਂਕਿ ਉਨ੍ਹਾਂ ਕੋਲ ਇਕ ਦੂਜੇ ਦੇ ਡੂੰਘੇ ਭੇਦ ਹੁੰਦੇ ਹਨ। ਚੋਰ ਘਰ ‘ਚ ਵੜਨ ਲੱਗਿਆ ਡਰਦਾ ਹੈ ਕਿ ਕੀਤੇ ਫੜਿਆ ਨਾ ਜਾਵਾਂ ਪਰ ਘਰ ਵਿਚ ਹੀ ਬੈਠੇ ਵਿਅਕਤੀ ਲਈ ਚੋਰੀ ਕਰਨਾ ਆਸਾਨ ਹੈ।

ਅੱਜ ਦੋਸਤ ਸ਼ਬਦ ਦੇ ਅਰਥ ਬਦਲ ਗਏ ਹਨ। ਜੇਬ ਅਤੇ ਪੈਸਾ ਦੇਖ ਕੇ ਦੋਸਤੀ ਪਾਈ ਅਤੇ ਹੰਢਾਈ ਜਾਂਦੀ ਹੈ। ਜੇਬ ‘ਚੋਂ ਪੈਸਾ ਖ਼ਤਮ ਹੁੰਦੇ ਸਾਰ ਦੋਸਤ ਕਿਨਾਰਾ ਕਰ ਲੈਂਦੇ ਹਨ। ਰਿਸ਼ਤੇ ਟੁੱਟ ਜਾਂਦੇ ਹਨ ਅਤੇ ਪਿਆਰ ਫਿੱਕਾ ਪੈ ਜਾਂਦਾ ਹੈ। ਤਕਰੀਬਨ ਇਕ ਦਹਾਕਾ ਪਹਿਲਾਂ ਜਦੋਂ ਪੰਜਾਬ ‘ਚ ਜ਼ਮੀਨਾਂ ਦੇ ਰੇਟ ਆਸਮਾਨੀਂ ਜਾ ਲੱਗੇ ਸਨ ਉਸ ਵਕਤ ਨਿੱਜੀ ਫ਼ਾਇਦਾ ਕਮਾਉਣ ਲਈ ਅਤੇ ਦਲਾਲੀ ਦੇ ਮੋਟੇ ਪੈਸੇ ਖਾਣ ਲਈ ਕਈ ਦਲਾਲਾਂ ਨੇ ਆਪਣੇ ਸਕੇ ਸਬੰਧੀਆਂ ਦੀਆਂ ਜ਼ਮੀਨਾਂ ਘੱਟ ਰੇਟ ‘ਤੇ ਵਿਕਾ ਕੇ ਆਪ ਮੋਟਾ ਮੁਨਾਫ਼ਾ ਕਮਾਇਆ। ਇਕ ਜਾਂ ਦੋ ਕੀਲਿਆਂ ਵਾਲੇ ਵਿਅਕਤੀ ਵਿਹਲੇ ਕਰ ਕੇ ਘਰ ਬਿਠਾ ਦਿੱਤੇ। ਇਹ ਕੰਮ ਜ਼ਿਆਦਾਤਰ ਆਪਣਿਆਂ ਨੇ ਹੀ ਕੀਤਾ। ਪਿਆਰ, ਨਿੱਘ ਅਤੇ ਆਪਣਾਪਣ ਸਭ ਗਾਇਬ ਹੋ ਗਏ ਅਤੇ ਸਫ਼ੈਦ ਖ਼ੂਨ ਨੇ ਆਪਣਾ ਅਸਲੀ ਰੰਗ ਦਿਖਾਇਆ।

ਮੰਡੀ ਬਣ ਚੁੱਕੀ ਇਸ ਦੁਨੀਆ ‘ਚ ਅੱਜ ਹਰ ਚੀਜ਼ ਵਿਕਾਊ ਹੈ। ਪੈਸੇ ਦੇ ਜ਼ੋਰ ਨਾਲ ਬਿਲਕੁੱਲ ਟੇਢਾ ਕੰਮ ਸਿੱਧਾ ਹੋ ਜਾਂਦਾ ਹੈ ਅਤੇ ਸਿੱਧੇ ਨੂੰ ਬਿੰਦ ‘ਚ ਟੇਢਾ ਕਰ ਦਿੱਤਾ ਜਾਂਦਾ ਹੈ। ਅਪਣੱਤ ਅਤੇ ਪਿਆਰ ਲੰਬੀ ਉਡਾਰੀ ਮਾਰ ਗਿਆ ਲਗਦਾ ਹੈ। ਭਰਾ ਹੱਥੋਂ ਭਰਾ ਠੱਗੀ ਦਾ ਸ਼ਿਕਾਰ ਹੋ ਰਿਹਾ ਹੈ ਅਜਿਹੇ ‘ਚ ਬਾਹਰਲੇ ਵਿਅਕਤੀ ਤੋਂ ਕੀ ਆਸ ਰੱਖੋਗੇ। ਜ਼ਿਆਦਾਤਰ ਜਿਨ੍ਹਾਂ ਪਰਿਵਾਰਕ ਮੁੱਖੀਆਂ ਨੂੰ ਘਰ ਦੀ ਚੌਧਰ ਦਿੱਤੀ ਗਈ ਸੀ ਉਹ ਆਪਣਾ ਮੁਨਾਫਾ ਖੱਟ ਕੇ ਬਾਕੀ ਪਰਿਵਾਰਾਂ ਨੂੰ ਭੱਠੀ ‘ਚ ਝੋਕ ਗਏ। ਆਪਣਿਆਂ ‘ਤੇ ਕੀਤਾ ਵਿਸ਼ਵਾਸ ਅਤੇ ਫਿਰ ਮਿਲਦਾ ਧੋਖਾ ਇਨਸਾਨ ਨੂੰ ਅੰਦਰੋਂ ਚੀਰ ਦਿੰਦਾ ਹੈ। ਅਪਣੱਤ ਜਿਤਾ ਕੇ ਕਿਸੇ ਦੀ ਇੱਜ਼ਤ ਨਾਲ ਖੇਡਣਾ ਆਮ ਗੱਲ ਹੋ ਗਈ ਹੈ। ਰੂਹਾਂ ਦੇ ਪਿਆਰ ਦੇ ਬਹਾਨੇ ਭੁੱਖੀ ਹਵਸ ਆਪਣਾ ਰੰਗ ਦਿਖਾਉਂਦੀ ਹੈ ਜੋ ਕੀਮਤੀ ਇੱਜ਼ਤਾਂ ਨੂੰ ਲੀਰੋ ਲੀਰ ਕਰ ਦਿੰਦੀ ਹੈ। ਧੋਖਾ ਕਰਨ ਵਾਲਾ ਇਨਸਾਨ ਆਪਣੇ ਪਰਾਏ ਦੀ ਪਰਵਾਹ ਨਹੀਂ ਕਰਦਾ ਉਸ ਲਈ ਇਹ ਗੱਲ ਬਿਲਕੁੱਲ ਮਾਈਨੇ ਨਹੀਂ ਰੱਖਦੀ ਕਿ ਉਸ ਦੇ ਅਜਿਹਾ ਕਰਨ ਨਾਲ ਕਿਸੇ ਨੂੰ ਕੀ ਫ਼ਰਕ ਪੈਂਦਾ ਹੈ। ਸਿਰੇ ਚੜ੍ਹੇ ਰਿਸ਼ਤਿਆਂ ਨੂੰ ਸ਼ਰੀਕੇ ‘ਚੋਂ ਹੀ ਚੁਗਲੀ ਕਰ ਕੇ ਤੁੜਵਾ ਦੇਣਾ ਆਪਣੇ ਵਲੋਂ ਹੀ ਮਾਰੇ ਜਾਣ ਦੀ ਇਕ ਮਿਸਾਲ ਹੈ।

ਰਾਜਸੀ ਨੇਤਾਵਾਂ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਨੂੰ ਆਪਣਾ ਹਮਦਰਦ ਸਮਝਣ ਵਾਲਾ ਵੋਟਰ ਹਰ ਵਾਰ ਆਪਣਿਆਂ ਤੋਂ ਲੁੱਟ ਕੇ ਘਰ ਪਰਤਦਾ ਹੈ। ਅਪਣੱਤ ਜਿਤਾ ਕੇ ਲਈਆਂ ਵੋਟਾਂ ਵੋਟਰਾਂ ਨੂੰ ਬਾਅਦ ‘ਚ ਚਿੜਾਉਂਦੀਆਂ ਹਨ। ਦੋਸਤ ਸਮਝ ਕੇ ਹੌਲ਼ਾ ਕੀਤਾ ਦਿਲ ਉਸ ਵਕਤ ਦੁੱਗਣਾ ਭਾਰੀ ਹੋ ਜਾਂਦਾ ਹੈ ਜਦੋਂ ਦਿਲ ਦੇ ਭੇਦ ਜਾਣਨ ਵਾਲਾ ਉਨ੍ਹਾਂ ਸੂਖ਼ਮ ਅਤੇ ਜਜ਼ਬਾਤੀ ਭੇਦਾਂ ਦਾ ਮਜ਼ਾਕ ਬਣਾਉਂਦਾ ਹੈ ਅਤੇ ਮਨ ਆਪਣੇ ਹੱਥੋਂ ਲੁੱਟਿਆ ਹੋਇਆ ਮਹਿਸੂਸ ਕਰਦਾ ਹੈ। ਘਰ ਵਿਚ ਲੜਕੀਆਂ ਨਾਲ ਹੁੰਦੀਆਂ ਛੇੜਛਾੜ ਜਾਂ ਜਬਰ ਜਨਾਹ ਦੀਆਂ ਘਟਨਾਵਾਂ ਆਪਣਿਆਂ ਨੂੰ ਹੀ ਰਾਖਸ਼ਸ਼ ਵਜੋਂ ਪੇਸ਼ ਕਰਦੀਆਂ ਹਨ।

ਬੇਵਿਸ਼ਵਾਸੀ ਅਤੇ ਸਵਾਰਥ ਦੀ ਇਸ ਹਨੇਰੀ ਅੱਗੇ ਰਿਸ਼ਤੇ ਨਾਤੇ ਸਭ ਫਿੱਕੇ ਪੈਂਦੇ ਨਜ਼ਰ ਆ ਰਹੇ ਹਨ। ਇਹ ਸੱਚ ਹੈ ਕਿ ਜ਼ਿੰਦਗੀ ਦੇ ਸਫ਼ਰ ‘ਚ ਸਾਥ ਬਹੁਤ ਜ਼ਰੂਰੀ ਹੈ ਅਤੇ ਸਾਥ ਉਦੋਂ ਹੀ ਬਣਦਾ ਹੈ ਜਦੋਂ ਅਸੀਂ ਕਿਸੇ ‘ਤੇ ਵਿਸ਼ਵਾਸ ਕਰੀਏ। ਵਿਸ਼ਵਾਸ ਰਿਸ਼ਤਿਆਂ ਅਤੇ ਦੋਸਤੀ ਦੀ ਬੁਨਿਆਦ ਹੈ। ਪਰ ਪੈਰ-ਪੈਰ ‘ਤੇ ਟੁੱਟਦਾ ਵਿਸ਼ਵਾਸ ਅਤੇ ਮਿਲਦੇ ਧੋਖਿਆਂ ਨੇ ਇਨਸਾਨ ਦੀ ਸੋਚ ਅਤੇ ਉਸਦੇ ਕਰਮਾਂ ‘ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। ਜੇ ਇਹ ਮਾਨਸਿਕ ਬਿਮਾਰੀ ਇਸੇ ਤਰ੍ਹਾਂ ਵਧਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਪਣਾ ਕਹਿਣ ਲਈ ਕੋਈ ਵੀ ਨਹੀਂ ਰਹੇਗਾ। ਇਕ ਇਨਸਾਨ ਹੋਣ ਦੇ ਨਾਤੇ ਇਹ ਸਾਡਾ ਨੈਤਿਕ ਫ਼ਰਜ਼ ਬਣਦਾ ਹੈ ਕਿ ਆਪਸੀ ਰਿਸ਼ਤਿਆਂ ਦੀ ਸਾਂਝ, ਪਿਆਰ ਅਤੇ ਵਿਸ਼ਵਾਸ ਕਾਇਮ ਰੱਖਿਆ ਜਾਵੇ। ਮਜ਼ਬੂਤ ਰਿਸ਼ਤੇ ਅਤੇ ਵਿਸ਼ਵਾਸ ਇਕ ਮਜ਼ਬੂਤ ਸਮਾਜ ਸਿਰਜ ਸਕਦੇ ਹਨ ਜੋ ਅੱਜ ਵਕਤ ਦੀ ਮੁੱਖ ਮੰਗ ਹੈ।

– ਪ੍ਰੋ. ਧਰਮਜੀਤ ਸਿੰਘ ਮਾਨ

Related posts

ਇਸ ਤਾਰੀਕ ਤੋਂ ਤਾਮਿਲਨਾਡੂ ‘ਚ ਬੈਨ ਹੋ ਸਕਦੀ ਹੈ PEPSI ਤੇ COKE, ਜਾਣੋ ਮਾਮਲਾ

On Punjab

ਭਾਰਤ ਨੇ ਮਾਰੀ ਛਾਲ, ਕੋਰੋਨਾ ਨਾਲ ਮੌਤਾਂ ਦੇ ਮਾਮਲੇ ‘ਚ ਮੈਕਸੀਕੋ ਨੂੰ ਪਛਾੜ ਤੀਜਾ ਸਥਾਨ ਮੱਲਿਆ

On Punjab

ਨਵੀਂ ਦਿੱਲੀ: ਉਦਾਸੀ, ਚਿੰਤਾ, ਬੇਚੈਨੀ ਅਤੇ ਹੋਰ ਮਾਨਸਿਕ ਬਿਮਾਰੀਆਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਮਾਨਸਿਕ ਸਿਹਤ ਦਿਵਸ ਮਨਾਇਆ ਜਾਂਦਾ ਹੈ। ਹਰ ਸਾਲ 10 ਅਕਤੂਬਰ ਨੂੰ ਦਿਨ ਮਨਾਉਣ ਦਾ ਉਦੇਸ਼ ਮਾਨਸਿਕ ਸਿਹਤ ਨਾਲ ਜੁੜੀਆਂ ਬਿਮਾਰੀਆਂ ਦੇ ਸਮਾਜਿਕ ਕਲੰਕ ਨੂੰ ਖ਼ਤਮ ਕਰਨਾ ਹੈ। ਮਾਨਸਿਕ ਸਿਹਤ ਨੂੰ ਆਮ ਤੌਰ ‘ਤੇ ਬਹੁਤ ਮਾਮੂਲੀ ਮੰਨਿਆ ਜਾਂਦਾ ਹੈ ਅਤੇ ਬਿਮਾਰੀ ਦੇ ਖ਼ਤਰਿਆਂ ਨੂੰ ਅਕਸਰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਇਸ ਲਈ ਮਾਨਸਿਕ ਸਿਹਤ ਸਮੱਸਿਆਵਾਂ ਪ੍ਰਤੀ ਜਾਗਰੂਕ ਹੋਣਾ ਅਤੇ ਜਾਗਰੂਕ ਹੋਣਾ ਜ਼ਰੂਰੀ ਹੈ। ਜਾਗਰੁਕ ਹੋਣ ਨਾਲ ਲੋਕ ਇਸ ਬਿਮਾਰੀ ਬਾਰੇ ਗੱਲ ਕਰਨ ਲਈ ਉਤਸ਼ਾਹਿਤ ਹੋਣਗਾ। ਵਿਸ਼ਵ ਸਿਹਤ ਸੰਗਠਨ ਦੀ ਇੱਕ ਤਾਜ਼ਾ ਰਿਪੋਰਟ ਮੁਤਾਬਕ, ਭਾਰਤ ਵਿੱਚ ਲੋਕ ਦੁਨੀਆ ਵਿੱਚ ਸਭ ਤੋਂ ਉਦਾਸ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇੱਥੇ ਹਰੇਕ ਸੱਤ ਵਿਅਕਤੀਆਂ ਚੋਂ ਇੱਕ ਵਿਅਕਤੀ ਤਣਾਅ ਅਤੇ ਬੇਚੈਨੀ ਤੋਂ ਪੀੜਤ ਹੈ। ਸਾਲ 1990 ਤੋਂ 2017 ਦੇ ਅੰਕੜਿਆਂ ਵਿੱਚ ਭਾਰਤੀ ਲੋਕਾਂ ਦੀ ਮਾਨਸਿਕ ਬਿਮਾਰੀ ਨਾਲ ਸਬੰਧਤ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿਸ਼ੇ ‘ਤੇ ਗੱਲ ਕਰਨਾ ਭਾਰਤ ਵਿਚ ਸਮਾਜਕ ਕਲੰਕ ਮੰਨਿਆ ਜਾਂਦਾ ਹੈ: ਆਉਣ ਵਾਲੀ ਨਸਲ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਭਾਰਤ ਵਿਚ ਸਥਿਤੀ ਚਿੰਤਾਜਨਕ ਹੈ। ਮਾਨਸਿਕ ਬਿਮਾਰੀ ਨੂੰ ਅੱਜ ਵੀ ਭਾਰਤੀ ਸਮਾਜ ਵਿਚ ਇਕ ਸਮਾਜਕ ਕਲੰਕ ਮੰਨਿਆ ਜਾਂਦਾ ਹੈ। ਲੋਕ ਇਸ ਬਾਰੇ ਗੱਲ ਕਰਨ ਤੋਂ ਝਿਜਕ ਰਹੇ ਹਨ। ਉਨ੍ਹਾਂ ਨੂੰ ਖੁਦ ਨਾਲ ਵਿਤਕਰਾ ਹੋਣ ਦਾ ਡਰ ਹੁੰਦਾ ਹੈ। ਇਸ ਤੋਂ ਇਲਾਵਾ ਭਾਰਤ ਵਿਚ ਬਹੁਤ ਘੱਟ ਲੋਕ ਹਨ ਜੋ ਮਾਨਸਿਕ ਸਿਹਤ ਸਮੱਸਿਆਵਾਂ ਦਾ ਹੱਲ ਕਰਦੇ ਹਨ।

On Punjab