PreetNama
ਸਮਾਜ/Social

ਗੁਆਚੀਆਂ ਸੁਰਾਂ ਨੂੰ ਕੌਣ ਸੰਭਾਂਲੇ…

ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਪਿੰਡ ਚੱਕ ਸੈਦੋ ਕਾ ਦੇ ਵਾਸੀ ਬਲਕਰਨ ਸਿੰਘ ਨੇ ਜਦੋਂ ਲੰਬੇ ਸਮੇਂ ਬਾਅਦ ਦੁਬਾਰਾ ਹੱਥ ਵਿੱਚ ਤੂੰਬੀ ਫੜ ਗਾਇਆ ਤਾਂ ਉਸ ਦਾ ਗੀਤ ਸੁਣ ਕੇ ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਉਸ ਸਬੰਧੀ ਲਿਖਿਆ ਸੀ ,“ਬਲਕਰਨ ਜਿਸ ਅੰਦਾਜ਼ ਵਿਚ ਗਾਉਂਦਾ ਹੈ ਉਸ ਨੂੰ ਸੁਣ ਕੇ ਇੰਝ ਲੱਗਦਾ ਹੈ ਦੋਸਤੋ ਜਿਵੇਂ ਚੜ੍ਹਦੀ ਉਮਰੇ ਕਿਸੇ ਨੇ ਚਾਅ ਖੋਹ ਲਏ ਹੋਣ।ਅੱਜ ਦੇ ਲੁੱਚਿਆਂ-ਲਫੰਗਿਆਂ ਦੀ ਸਰਦਾਰੀ ਵਾਲੇ ਯੁਗ ਵਿੱਚ ਇਹੋ ਜਿਹੇ ਕਈ ਬਲਕਰਨ ਰੁਲ਼ ਗਏ ਨੇ।“ਬਿਲਕੁਲ ਸਹੀ ਪਛਾਣਿਆ ਗਿੱਲ ਸਾਹਿਬ ਨੇ।

ਪਿਤਾ ਗੁਰਦੇਵ ਸਿੰਘ ਅਤੇ ਮਾਤਾ ਸੁਖਦੇਵ ਕੌਰ ਦੇ ਘਰ ਜੰਮਿਆ ਬਲਕਰਨ ਸਿੰਘ ਜਦੋਂ ਅਜੇ ਚੜ੍ਹਦੀ ਉਮਰੇ ਹੀ ਸੀ ਤਾਂ ਘਰ ਵਿੱਚ ਤੰਗੀਆਂ ਤਰੁਸ਼ੀਆਂ ਦਾ ਦੌਰ ਸ਼ੁਰੂ ਹੋ ਗਿਆ।ਚਾਰ ਭੈਣਾਂ ਅਤੇ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਬਲਕਰਨ ਨੂੰ ਗਾਉਣ ਦੀ ਜਾਗ ਆਪਣੇ ਵੱਡੇ ਵੀਰ ਬਲਵਿੰਦਰ ਸਿੰਘ ਤੋਂ ਲੱਗੀ ਸੀ।ਬਲਵਿੰਦਰ ਲਾਲ ਚੰਦ ਯਮਲਾ ਜੱਟ ਦੇ ਗੀਤਾਂ ਦਾ ਸ਼ੈਦਾਈ ਸੀ।ਪਹਿਰ ਰਾਤ ਤੱਕ ਦੋਵੇਂ ਭਰਾ ਇਕੱਠੇ ਬਹਿੰਦੇ।ਬਲਕਰਨ ਤੂੰਬੀ ਵਜਾਉਂਦਾ ਤੇ ਬਲਵਿੰਦਰ ਲੰਬੀ ਹੇਕ ਦੇ ਗੀਤ ਗਾਉਂਦਾ ਤਾਂ ਕਾਇਨਾਤ ਵੀ ਜਿਵੇਂ ਉਹਨਾਂ ਨੂੰ ਸੁਣਨ ਲਈ ਕਾਹਲੀ ਹੋ ਜਾਂਦੀ।

ਦੋਸਤਾਂ-ਮਿੱਤਰਾਂ ਦੀ ਢਾਣੀ ਤੇ ਬੈਠੇ ਹਾਸੇ ਖੇਡੇ ਵਿੱਚ ਹੀ ਕਮਾਲ ਦੇ ਗੀਤ ਜੋੜ ਲੈਂਦੇ।ਬਲਵਿੰਦਰ ਦੇ ਇਕ ਗੀਤ ਦਾ ਨਮੂਨਾ ਦੇਖੋ, “ਨਾਨਕੀ ਦਾ ਵੀਰ ਸਹੀਓ ਹੋ ਗਿਆ ਫਕੀਰ ਨੀ, ਕੋਈ ਓਹਨੂੰ ਰੱਬ ਆਖੇ, ਕੋਈ ਜ਼ਾਹਰਾ ਪੀਰ ਨੀ।“ਬਲਵਿੰਦਰ ਟਿੱਲੇ ਵਾਲੇ ਸੰਤਾਂ ਨਾਲ ਰਹਿੰਦਾ ਪਾਠੀ ਬਣ ਗਿਆ ਸੀ।ਸੋ ਦੋਹਾਂ ਭਰਾਵਾਂ ਨੇ ਧਾਰਮਿਕ ਅਤੇ ਨੈਤਿਕਤਾ ਸਬੰਧਿਤ ਗੀਤ ਲਿਖੇ ਅਤੇ ਗਾਏ।ਉਸ ਸਮੇਂ ਲੜਕੀ ਦੇ ਵਿਆਹ ਤੇ ਸਿੱਖਿਆ ਪੜ੍ਹੀ ਜਾਂਦੀ ਸੀ।ਦੋਵੇਂ ਭਰਾ ਨਿਵੇਕਲੇ ਢੰਗ ਨਾਲ ਸਿੱਖਿਆ ਜੋੜ ਕੇ ਗਾਉਂਦੇ ਤਾਂ ਲੋਕ ਵਾਹ-ਵਾਹ ਕਰ ਉੱਠਦੇ।

ਭਾਵੇਂ ਉਹ ਜੱਟ ਬਰਾੜ ਪਰਿਵਾਰ ਨਾਲ ਸਬੰਧਿਤ ਸਨ ਪਰ ਬਚਪਨ ਵਿੱਚ ਹੀ ਬਲਵਿੰਦਰ ਨੇ ਖੇਡ-ਖੇਡ ਵਿੱਚ ਹਨੂੰਮਾਨ ਜੀ ਦੀ ਮੂਰਤੀ ਬਣਾਈ ।ਇਹ ਮੂਰਤੀ ਏਨੀ ਸੋਹਣੀ ਬਣੀ ਕਿ ਪਿੰਡ ਦੇ ਲੋਕ ਇਸ ਨੂੰ ਦੇਖਣ ਲਈ ਆਉਣ ਲੱਗੇ।ਜਦੋਂ ਉਹ ਬੂਹੇ ਵਿੱਚ ਹੀ ਜੁੱਤੀਆਂ ਲਾਹ ਮੂਰਤੀ ਨੂੰ ਮੱਥਾ ਟੇਕਦੇ ਤਾਂ ਇਹ ਅਣਭੋਲ ਉਮਰੇ ਹੋਣ ਕਰਕੇ ਹੈਰਾਨ ਵੀ ਹੁੰਦੇ।ਦੋਵੇਂ ਭਰਾਵਾਂ ਨੇ ਪਿੰਡ ਵਿੱਚ ਬਣੇ ਟਿੱਲੇ ਵਾਲੇ ਸੰਤਾਂ ਤੋਂ ਗੁਰਮੁਖੀ ਦਾ ਗਿਆਨ ਹਾਸਿਲ ਕੀਤਾ।ਪਰ ਸਕੂਲੀ ਸਿੱਖਿਆ ਲੈਣ ਦਾ ਮੌਕਾ ਨਾ ਮਿਲਿਆ।ਇਕ ਵਾਰ ਨਾਨਕਿਆਂ ਦੀ ਬਣ ਰਹੀ ਹਵੇਲੀ ਵਿੱਚ ਹੱਥ ਵਟਾਉਂਦਿਆਂ ਮਿਸਤਰੀ ਨਾਲ ਪੱਕੀ ਦੋਸਤੀ ਹੋ ਗਈ ।

ਬਲਵਿੰਦਰ ਵਿੱਚ ਸ਼ਿਲਪੀ ਵਾਲੇ ਗੁਣ ਜਨਮ-ਜਾਤ ਹੀ ਸਨ।ਇੱਥੋਂ ਹੀ ਤਿੰਨਾਂ ਭਰਾਵਾਂ ਨੇ ਇਸ ਨੂੰ ਕਿੱਤੇ ਵਜੋਂ ਅਪਣਾ ਲਿਆ। ਬਲਕਰਨ ਸਿੰਘ ਜਦੋਂ ਅਜੇ ਚੜ੍ਹਦੀ ਉਮਰੇ ਹੀ ਸੀ ਤਾਂ ਘਰ ਵਿੱਚ ਤੰਗੀਆਂ ਤਰੁਸ਼ੀਆਂ ਦਾ ਦੌਰ ਸ਼ੁਰੂ ਹੋ ਗਿਆ। 19 ਕੁ ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਪਿੰਡ ਚੱਕ ਸੁਹੇਲੇ ਵਾਲਾ ਵਿਖੇ ਬੀਬਾ ਅਮਰਜੀਤ ਕੌਰ ਨਾਲ ਹੋਇਆ ਜੋ ਉਸ ਸਮੇਂ ਅਜੇ 15 ਕੁ ਸਾਲ ਦੀ ਹੀ ਸੀ।ਤੰਗੀਆਂ ਤਰੁਸ਼ੀਆਂ ਦੇ ਦੌਰ ਵਿੱਚ ਉਸਦੇ ਚਾਅ ਮਰ ਗਏ।ਇਸੇ ਗਰੀਬੀ ਦੇ ਚਲਦੇ ਇਕ ਅਜਿਹਾ ਦੌਰ ਆਇਆ ਜਦੋਂ ਉਸਦੀ ਸੱਜ ਵਿਆਹੀ ਭੈਣ ਦਾਜ ਦੀ ਬਲੀ ਚੜ੍ਹ ਗਈ ।

ਸੰਖੇਪ ਜਿਹੀ ਬੀਮਾਰੀ ਨਾਲ ਉਸਦੇ ਪਿਤਾ ਜੀ ਚੱਲ ਵੱਸੇ। ਮਾਨਸਿਕ ਪਰੇਸ਼ਾਨੀਆਂ ਵਿੱਚ ਘਿਰੇ ਉਸਦੇ ਵੱਡੇ ਵੀਰ ਬਲਵਿੰਦਰ ਨੇ ਆਤਮ ਹੱਤਿਆ ਕਰ ਲਈ।ਮਾਂ ਦੀ ਮੌਤ ਕੈਂਸਰ ਵਰਗੀ ਨਾ-ਮੁਰਾਦ ਬੀਮਾਰੀ ਨਾਲ ਹੋ ਗਈ।ਅਜਿਹੇ ਸਦਮਿਆਂ ਨਾਲ ਪਰਿਵਾਰ ਅੰਦਰੋਂ ਟੁੱਟ ਗਿਆ। ਅੱਜ ਕੱਲ੍ਹ ਬਲਕਰਨ ਆਪਣੇ ਸਹੁਰੇ ਪਿੰਡ ਚੱਕ ਸੁਹੇਲੇ ਵਾਲਾ ਵਿਖੇ ਰਹਿ ਰਿਹਾ ਹੈ ਤੇ ਜ਼ਿੰਦਗੀ ਵਿੱਚ ਫਿਰ ਤੋਂ ਚਾਅ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਉਹ ਆਪਣੇ ਲਿਖੇ ਗੀਤਾਂ ਨੂੰ ਤੂੰਬੀ ਨਾਲ ਪਿੰਡ ਦੀਆਂ ਸੱਥਾਂ ਵਿੱਚ ਬਹਿ ਗਾਉਂਦਾ ਹੈ । ਪਿੰਡ ਦੇ ਬੁੱਢੇ,ਜਵਾਨ ਸਭ ਉਸਦੇ ਗੀਤ ਸੁਣਨ ਨੂੰ ਤਤਪਰ ਰਹਿੰਦੇ ਹਨ।

ਯਮਲਾ ਜੱਟ ਦੇ ਗੀਤ ਗਾਉਂਦਾ ਹੈ ਤਾਂ ਲੱਗਦਾ ਹੈ ਯਮਲਾ ਫਿਰ ਜਿਉਂਦਾ ਹੋ ਗਿਆ। ਉਹ ਭਾਵੇਂ ਬਹੁਤਾ ਪੜ੍ਹਿਆ-ਲਿਖਿਆ ਨਹੀਂ, ਪਰ ਹਰ ਸਥਿਤੀ ਤੇ ਝੱਟ ਗੀਤ ਜੋੜ ਲੈਂਦਾ ਹੈ।ਬਹੁਤ ਸੋਹਣੀ ਤੂੰਬੀ ਵਜਾਉਂਦਾ ਹੈ।ਪਿੰਡ ਦੇ ਕੁਝ ਮੁੰਡੇ ਤਾਸ਼ ਖੇਡਦੇ-ਖੇਡਦੇ ਲੜ ਪਏ।ਉਸਨੇ ਤੁਰੰਤ ਉਹਨਾਂ ਤੇ ਗੀਤ ਜੋੜ ਕੇ ਸੁਣਾ ਦਿੱਤਾ–“ਵਿਚ ਹਵੇਲੀ ਹੋ ਗੇ ਟਾਕਰੇ, ਖੜਗੇ ਤਾਸ਼ਾਂ ਫੜ੍ਹਕੇ, ਪਾਣੀ ਦਾ ਮੇਰਾ ਤੌੜਾ ਤੋੜਗੇ, ਮੈਂ ਭਰਿਆ ਸੀ ਤੜਕੇ, “ਨੋਟਬੰਦੀ ਦੀ ਹਮਾਇਤ ਕਰਦਿਆਂ ਗਾਇਆ,

“ਕੀ-ਕੀ ਸਿਫਤਾਂ ਕਰੀਏ ਨੀ ਮੋਦੀ ਸਰਕਾਰ ਦੀਆਂ, ਮਾਇਆ ਉੱਤੇ ਬਣ ਕੇ ਬੈਠੇ ਸੀ ਜਿਹੜੇ ਖਪਰੇ ਸੱਪ ਕੁੜੇ, ‘ਵਾਂਗ ਕ੍ਰਿਸ਼ਨ ਦੇ ਪਾ ਦਿੱਤੀ ਉਹਨਾਂ ਨੂੰ ਨੱਥ ਕੁੜੇ’ ਜਿਨ੍ਹਾਂ ਕੋਲੇ ਨਿੱਤ ਮਨੀਆਂ ਸੀ ਆਉਂਦੀਆਂ ਦੇਸ਼ੋਂ ਬਾਹਰ ਦੀਆਂ, ਕੀ-ਕੀ ਸਿਫਤਾਂ, ਬਹੁਤ ਸਾਰੇ ਚੰਗਾ ਲਿਖਣ ਵਾਲੇ ਤੇ ਚੰਗਾ ਗਾਉਣ ਵਾਲੇ ਜਹਾਨੋਂ ਕੂਚ ਕਰ ਗਏ ਤੇ ਕਈਆਂ ਦੇ ਸੁਰ ਘਰ ਦੀ ਚਾਰਦੀਵਾਰੀ ਨਾਲ ਟਕਰਾ ਕੇ ਦਮ ਤੋੜ ਗਏ। ਅਜਿਹੀਆਂ ਸੁਰਾਂ ਨੂੰ ਕੌਣ ਸੰਭਾਲੇ ।ਅੱਜ ਲੋੜ ਹੈ ਅਜਿਹੀਆਂ ਸੁਰਾਂ ਨੂੰ ਸੰਭਾਲਣ ਦੀ।

 

ਪਰਮਜੀਤ ਕੌਰ ਸਰਾਂ,

ਕੋਟਕਪੂਰਾ

ਫੋਨ:- 89688 92929

Related posts

ਇਸ ਔਰਤ ਨੇ ਜਹਾਜ਼ ਨਾਲ ਵਿਆਹ ਕਰਵਾਉਣ ਦਾ ਲਿਆ ਫੈਸਲਾ, ਜਾਣੋ ਕਾਰਨ

On Punjab

ਪਟਨਾ: ਸਿੱਖ ਸੰਗਤਾਂ ਲਈ ਮੁਫ਼ਤ ਹੋਵੇਗੀ E-ਰਿਕਸ਼ਾ ਤੇ ਬੱਸ ਸੇਵਾ

On Punjab

ਉੱਠ ਕੇ ਸਵੇਰੇ ਨਿੱਤ ਕਰਦੇ ਹਾਂ ਮਿਹਨਤਾਂ

Preet Nama usa
%d bloggers like this: